Ferozepur News

ਵੋਟਰਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾਏਗਾ-ਧਾਲੀਵਾਲ

ਫ਼ਿਰੋਜ਼ਪੁਰ 25 ਜਨਵਰੀ 2017 ( ) ਅੱਜ ਰਾਸ਼ਟਰੀ ਵੋਟਰ ਦਿਵਸ ਤੇ ਜ਼ਿਲ੍ਹੇ ਦੇ ਨਵੇਂ ਬਣੇ ਨੌਜਵਾਨ ਵੋਟਰਾਂ, ਆਮ ਨਾਗਰਿਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹਾ ਪੱਧਰੀ ਵੋਟਰ ਦਿਵਸ ਦਾ ਆਯੋਜਨ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਵਿਖੇ ਕੀਤਾ ਗਿਆ ਹੈ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਚੋਣ ਅਫ਼ਸਰ ਕਮ-ਡਿਪਟੀ-ਕਮਿਸ਼ਨਰ ਸ: ਬਲਵਿੰਦਰ ਸਿੰਘ ਧਾਲੀਵਾਲ, ਚੋਣ ਅਬਜ਼ਰਵਰ (ਜਨ) ਸ੍ਰੀ ਮਨੀਸ਼ ਗਰਗ, ਸ੍ਰੀ ਸੁਰਿੰਦਰ ਵਿਕਰਮ (ਜਨ) ਅਬਜ਼ਰਵਰ, ਵਧੀਕ ਡਿਪਟੀ ਕਮਿਸ਼ਨਰ ਕਮ ਨੋਡਲ ਅਫ਼ਸਰ ਮੈਡਮ ਸ਼ਰੂਤੀ ਸ਼ਰਮਾ ਅਤੇ ਸ੍ਰੀ ਵਨੀਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। 

ਜ਼ਿਲ੍ਹਾ ਚੋਣ ਅਫ਼ਸਰ ਸ: ਬਲਵਿੰਦਰ ਸਿੰਘ ਧਾਲੀਵਾਲ ਨੇ ਆਪਣੇ ਸੰਬੋਧਨ ਵਿੱਚ ਸਮੂਹ ਹਾਜ਼ਰੀਨ ਨੂੰ ਵੋਟਰ ਦਿਵਸ ਦੀ ਵਧਾਈ ਦਿੱਤੀ ਤੇ ਕਿਹਾ ਕਿ ਵੋਟਰ ਦਿਵਸ ਮਨਾਉਣ ਦਾ ਮਕਸਦ ਵੱਧ ਤੋਂ ਵੱਧ ਵੋਟਰ ਖ਼ਾਸ ਕਰਕੇ ਨਵੇਂ ਨੌਜਵਾਨ ਵੋਟਰਾਂ ਨੂੰ ਵੋਟ ਪਾਉਣ ਦੇ ਹੱਕ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਹੋਣ ਦਾ ਮਾਣ ਹਾਸਲ ਹੈ ਅਤੇ ਇਸ ਲੋਕਤੰਤਰ ਨੂੰ ਤਾਂ ਹੀ ਮਜ਼ਬੂਤੀ ਮਿਲੇਗੀ ਜੇਕਰ ਅਸੀਂ ਵੱਧ ਤੋਂ ਵੱਧ ਵੋਟ ਦੇ ਹੱਕ ਦਾ ਇਸਤੇਮਾਲ ਕਰਾਂਗੇ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਨੂੰ ਇਸ ਗੱਲ ਦਾ ਮਾਣ ਹੈ ਕਿ ਸਵੀਪ ਪ੍ਰਾਜੈਕਟ ਤਹਿਤ ਚਲਾਈ ਗਈ ਨਵੀਆਂ ਵੋਟਾਂ ਬਣਾਉਣ ਦੀ ਮੁਹਿੰਮ ਨੂੰ ਪੂਰੇ ਜ਼ਿਲ੍ਹੇ ਵਿੱਚ ਵੱਡੀ ਪੱਧਰ ਤੇ ਚਲਾਈ ਗਈ ਅਤੇ ਇਸ ਤਹਿਤ 19,400 ਤੋਂ ਵੱਧ ਨਵੇਂ ਵੋਟਰ ਬਣਾਏ ਗਏ। ਉਨ੍ਹਾਂ ਕਿਹਾ ਕਿ ਸਵੀਪ ਪ੍ਰਾਜੈਕਟ ਤਹਿਤ ਫ਼ਿਰੋਜ਼ਪੁਰ ਜ਼ਿਲ੍ਹਾ ਪੂਰੇ ਰਾਜ ਵਿੱਚੋਂ ਦੂਜੇ ਸਥਾਨ ਤੇ ਹੈ। ਉਨ੍ਹਾਂ ਇਸ ਗੱਲ ਲਈ ਪੂਰੀ ਸਵੀਪ ਟੀਮ ਨੂੰ ਵਧਾਈ ਦਿੱਤੀ।

ਸ: ਬਲਵਿੰਦਰ ਸਿੰਘ ਧਾਲੀਵਾਲ ਨੇ ਅੱਗੇ ਕਿਹਾ ਕਿ 9 ਜਨਵਰੀ ਤੱਕ ਜ਼ਿਲ੍ਹੇ ਵਿੱਚ ਨਵੀਆਂ ਵੋਟਾਂ ਬਣਾਉਣ ਦੀ ਮੁਹਿੰਮ ਚੱਲ ਰਹੀ ਸੀ ਜਦ ਕਿ ਹੁਣ ਸਵੀਪ ਪ੍ਰਾਜੈਕਟ ਤਹਿਤ ਵੋਟਰਾਂ ਨੂੰ ਵੱਖ-ਵੱਖ ਸਮਾਗਮਾਂ, ਜਨ ਸਭਾਵਾਂ, ਕੈਂਡਲ ਮਾਰਚਾਂ, ਨੁੱਕੜ ਨਾਟਕਾਂ ਅਤੇ ਸੋਸ਼ਲ ਮੀਡੀਆਂ ਆਦਿ ਰਾਹੀਂ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੌਜਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਵੋਟ ਪਾਉਣ ਪ੍ਰਤੀ ਜਾਗਰੂਕ ਕਰਨ ਅਤੇ ਖ਼ੁਦ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ। 

ਇਸ ਮੌਕੇ ਉਨ੍ਹਾਂ ਸਵੀਪ ਪ੍ਰਾਜੈਕਟ ਤਹਿਤ ਵਧੀਆ ਕਮ ਕਰਨ ਵਾਲੇ ਆਰ.ਓਜ਼, ਹਰਜੀਤ ਸਿੰਘ ਸਿੱਧੂ ਐਸ.ਡੀ.ਐਮ ਫ਼ਿਰੋਜ਼ਪੁਰ ਅਤੇ ਸ: ਗੁਰਮੀਤ ਸਿੰਘ ਢਿੱਲੋਂ ਡੀ.ਡੀ.ਪੀ.ਓ, ਬੈਸਟ ਕੈਂਪਸ ਅਬੈਂਸਡਰ ਲਈ ਗਗਨਦੀਪ ਕੌਰ, ਐਸ.ਬੀ.ਐਸ ਕਾਲਜ ਸੁਪਰਵਾਈਜ਼ਰ ਲਈ ਸ: ਸੁਖਜਿੰਦਰ ਸਿੰਘ ਐਸ.ਡੀ.ਓ, ਐਨ.ਜੀ.ਓ ਕੁਆਰਡੀਨੇਟਰ ਕਮੇਟੀ ਅਤੇ ਐਗਰੀਡ ਫਾਊਂਡੇਸ਼ਨ ਨੂੰ ਵੀ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਨਵੇਂ ਬਣੇ ਵੋਟਰਾਂ ਨੂੰ ਵੋਟਰ ਕਾਰਡ ਵੀ ਤਕਸੀਮ ਕੀਤੇ ਗਏ।

ਇਸ ਮੌਕੇ ਦੇਵ ਸਮਾਜ ਕਾਲਜ, ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਆਦਿ ਦੇ ਵਿਦਿਆਰਥੀਆਂ ਵੱਲੋਂ ਵੋਟ ਪਾਉਣ ਦੇ ਹੱਕ ਪ੍ਰਤੀ ਜਾਗਰੂਕ ਕਰਦਾ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਇਸ ਮੌਕੇ ਤਰਸੇਮ ਅਰਮਾਨ ਅਤੇ ਐਸ.ਬੀ.ਐਸ ਸਟੇਟ ਟੈਕਨੀਕਲ ਕੈਂਪਸ ਦੀ ਟੀਮ ਵੱਲੋਂ ਵੋਟਰ ਜਾਗਰੂਕਤਾ ਪ੍ਰਤੀ ਤਿਆਰ ਕੀਤੇ ਗਏ ਗੀਤਾਂ ਦੀ ਪੇਸ਼ਕਾਰੀ ਵੀ ਕੀਤੀ ਗਈ।

ਭਾਰਤ ਦੇ ਚੋਣ ਕਮਿਸ਼ਨਰ ਡਾ. ਨਸੀਮ ਜੈਦੀ ਦਾ ਵੋਟਰ ਦਿਵਸ ਸਬੰਧੀ ਸੰਦੇਸ਼ ਵੀ ਸਕਰੀਨ ਰਾਹੀਂ ਸੁਣਾਇਆ ਗਿਆ। ਸਵੀਪ ਪ੍ਰਾਜੈਕਟ ਦੇ ਕੁਆਰਡੀਨੇਟਰ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਨੇ ਸਵੀਪ ਪ੍ਰਾਜੈਕਟ ਦੀ ਸਫਲਤਾ ਲਈ ਦੇਵ ਸਮਾਜ ਕਾਲਜ ਸਮੇਤ ਸਮੂਹ ਸਿੱਖਿਆ ਸੰਸਥਾਵਾਂ ਦਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਦਾ ਟੀਚਾ ਪਿਛਲੀਆਂ ਚੋਣਾਂ ਨਾਲੋਂ ਵੱਧ ਪ੍ਰਤੀਸ਼ਤ ਵਿੱਚ ਪੋਲਿੰਗ ਕਰਵਾਉਣੀ ਹੈ ਤਾਂ ਜੋ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਅੰਬੁਜ਼ ਸ਼ਰਮਾ ਨੇ ਸਟੇਜ ਦੀ ਕਾਰਵਾਈ ਬੜੀ ਬਾਖ਼ੂਬੀ ਨਾਲ ਨਿਭਾਈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੀ ਅਪੀਲ ਕੀਤੀ। 

ਕਾਲਜ ਦੀ ਪ੍ਰਿੰਸੀ. ਡਾ. ਮਧੂ ਪਰਾਸ਼ਰ ਨੇ ਚੋਣ ਅਬਜ਼ਰਵਰਾਂ, ਡਿਪਟੀ ਕਮਿਸ਼ਨਰਾਂ ਸਮੇਤ ਸਮੂਹ ਹਾਜ਼ਰੀਨ ਦਾ ਕਾਲਜ ਵਿੱਚ ਸਮਾਗਮ ਕਰਵਾਉਣ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਦੇ ਕਾਲਜ ਦਾ ਸਟਾਫ਼ ਤੇ ਵਿਦਿਆਰਥੀ ਲੋਕਾਂ ਨੂੰ ਵੋਟਾਂ ਪਾਉਣ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨਗੇ।

ਇਸ ਮੌਕੇ ਪ੍ਰਤੀਕ ਪ੍ਰਾਸ਼ਰ ਡੀਨ ਦੇਵ ਸਮਾਜ ਕਾਲਜ, ਤਹਿਸੀਲਦਾਰ ਚੋਣਾਂ ਸ੍ਰੀ ਚਾਂਦ ਪ੍ਰਕਾਸ਼, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਅਮਰੀਕ ਸਿੰਘ, ਸ੍ਰੀ ਰਾਜਿੰਦਰ ਕਟਾਰੀਆ, ਸ: ਬੀਰਪ੍ਰਤਾਪ ਸਿੰਘ ਗਿੱਲ, ਸ: ਸਰਬਜੀਤ ਸਿੰਘ ਬੇਦੀ, ਸ੍ਰੀ ਕਮਲ ਸ਼ਰਮਾ, ਸ੍ਰੀ ਵਿਜੇ ਅਰੋੜਾ, ਮੈਡਮ ਗਗਨਦੀਪ ਕੌਰ, ਪ੍ਰਿੰਸੀ. ਬਲਵਿੰਦਰ ਕੌਰ ਚੀਮਾ, ਪ੍ਰੋਫੈਸਰ ਅੰਬੁਜ਼ ਸ਼ਰਮਾ, ਪ੍ਰੋ: ਕੁਲਦੀਪ ਸਿੰਘ, ਮੈਡਮ ਪਲਵਿੰਦਰ ਕੌਰ ਦੇਵ ਸਮਾਜ ਕਾਲਜ ਦਾ ਸਟਾਫ਼ ਵਿਦਿਆਰਥੀ ਅਤੇ ਵੱਡੀ ਗਿਣਤੀ ਵਿੱਚ ਨਵੇਂ ਬਣੇ ਨੌਜਵਾਨ ਵੋਟਰ ਅਤੇ ਐਨ.ਜੀ.ਓ. ਦੇ ਨੁਮਾਇੰਦੇ ਵੀ ਹਾਜ਼ਰ ਸਨ।

Related Articles

Back to top button