ਵਿਧਾਇਕ ਪਿੰਕੀ ਨੇ ਵਿਕਾਸ ਕੰਮਾਂ ਵਿਚ ਘਪਲੇਬਾਜੀ ਹੋਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਦਿੱਤੀ ਚੇਤਾਵਨੀ-
ਫਿਰੋਜ਼ਪੁਰ, 27 ਫਰਵਰੀ, 2018: ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਚੱਲ ਰਹੇ ਵਿਕਾਸ ਕੰਮਾਂ ਵਿਚ ਠੇਕੇਦਾਰਾਂ ਦੁਆਰਾ ਘਟੀਆ ਮਟੀਰੀਅਲ ਇਸਤੇਮਾਲ ਕਰਨ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਨਗਰ ਕੌਂਸਲ ਦੇ ਈਓ ਪਰਮਿੰਦਰ ਸਿੰਘ ਸੁਖੀਜਾ ਤੇ ਐਮ.ਈ. ਐਸ.ਐਸ. ਬਹਿਲ ਨੂੰ ਨਾਲ ਲੈ ਕੇ ਵਿਕਾਸ ਕੰਮਾਂ ਦੀ ਜਾਂਚ ਕੀਤੀ। ਇਸ ਜਾਂਚ ਦੌਰਾਨ ਤੂੜੀ ਬਜਾਰ ਵਿਚ ਠੇਕੇਦਾਰ ਦੁਆਰਾ ਕੀਤੇ ਜਾ ਰਹੇ ਕੰਮਾਂ ਵਿਚ ਅਨੇਕਾਂ ਕਮੀਆਂ ਸਾਹਮਣੇ ਆਉਣ ਤੇ ਉਨਾ ਕੌਂਸਲ ਅਧਿਕਾਰੀਆਂ ਨੁੰ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਾਰਾ ਕੰਮ ਨਿਯਮਾਂ ਮੁਤਾਬਕ ਹੋਣਾ ਚਾਹੀਦਾ। ਟਾਇਲਾਂ ਲਗਾਉਣ ਤੋਂ ਪਹਿਲਾਂ ਚਾਰ ਇੰਚੀ ਗਟਕਾ ਪਾਉਣਾ ਜ਼ਰੂਰੀ ਹੈ, ਉਸ ਦੇ ਉਪਰ 2 ਇੰਚ ਕਾਲੀ ਰੇਤਾ ਤੇ ਉਸ ਤੋਂ ਬਾਅਦ ਆਈ.ਐਸ.ਆਈ. ਮਾਰਕ ਦੀਆਂ ਟਾਈਆਂ ਲਗਾਈਆਂ ਜਾਣ। ਜੇ ਕੋਈ ਠੇਕੇਦਾਰ ਨਗਰ ਕੌਂਸਲ ਦੇ ਕਿਸੇ ਅਫਸਰ ਜਾਂ ਕਰਮਚਾਰੀ ਨੂੰ ਕਮੀਸ਼ਨ ਦੇਣ ਦੇ ਚੱਕਰ ਵਿਚ ਘਟੀਆ ਮਟੀਰੀਅਲ ਨਾਲ ਕੰਮ ਕਰਦਾ ਹੈ ਤਾਂ ਪਿੰਕੀ ਨੇ ਕਿਹਾ ਕਿ ਉਸਦੇ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਵਿਚ ਪਰਚਾ ਦਰਜ ਕਰਵਾ ਦਿੱਤਾ ਜਾਵੇਗਾ। ਉਨਾਂ ਵਿਕਾਸ ਕੰਮਾਂ ਵਿਚ ਲੱਗੇ ਸਾਰੇ ਠੇਕੇਦਾਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਇੱਕ ਨੰਬਰ ਦਾ ਕੰਮ ਕਰਨ, ਕਿਸੇ ਨੂੰ ਕਮੀਸ਼ਨ ਦੇਣ ਦੀ ਲੋੜ ਨਹੀਂ। ਜੇਕਰ ਨਗਰ ਕੌਂਸਲ ਦਾ ਕੋਈ ਅਫਸਰ ਜਾਂ ਮੁਲਾਜ਼ਮ ਰਿਸ਼ਵਤ ਮੰਗਦਾ ਹੈ ਤਾਂ ਉਨਾਂ ਦੇ ਧਿਆਨ ਵਿਚ ਲਿਆਉਂਦਾ ਜਾਵੇ, ਸ਼ਹਿਰ ਵਿਚ ਘਟੀਆ ਦਰਜੇ ਦਾ ਕੰਮ ਕਿਸੇ ਵੀ ਕੀਮਤ ਤੇ ਬਰਦਾਸ਼ਨ ਨਹੀਂ ਕੀਤਾ ਜਾਵੇਗਾ। ਇਸ ਤੋਂ ਬਾਅਦ ਉਨਾਂ ਇੰਡਸਟਰੀਅਲ ਏਰੀਆ ਵਿਚ ਕੰਮ ਚੈਕ ਕੀਤਾ, ਉਥੇ ਵੀ ਕੁਝ ਕਮੀਆਂ ਮਿਲਣ ਤੇ ਠੇਕੇਦਾਰਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਕੰਮ ਦੀ ਕੁਆਲਟੀ ਵਿਚ ਸੁਧਾਰ ਕਰਨ। ਪਿੰਕੀ ਨੇ ਕਿਹਾ ਕਿ ਸ਼ਹਿਰ ਵਿਚ ਜਿੱਥੇ ਜਿੱਥੇ ਵਿਕਾਸ ਦੇ ਕੰਮ ਚੱਲ ਰਹੇ ਹਨ, ਉਥੇ ਲੋਕ ਆਪਣੀਆਂ ਕਮੇਟੀਆਂ ਬਣਾਉਣ ਅਤੇ ਨਿਯਮਾਂ ਦੇ ਅਨੁਸਾਰ ਪਹਿਲੇ ਦਰਜੇ ਦਾ ਕੰਮ ਕਰਵਾਉਣ। ਜੇਕਰ ਫਿਰ ਵੀ ਕੋਈ ਠੇਕੇਦਾਰ ਮਟੀਰੀਅਲ ਪਾਉਣ ਵਿਚ ਹੇਰਾਫੇਰੀ ਕਰਦਾ ਹੈ ਤਾਂ ਲੋਕ ਉਨਾਂ ਦੇ ਨੰਬਰ ਤੇ ਸਿੱਧਾ ਕਾਲ ਕਰਨ, ਉਹ ਤੁਰੰਤ ਕਾਰਵਾਈ ਕਰਨਗੇ। ਉਨਾਂ ਆਖਿਆ ਕਿ ਦੇਖਣ ਵਿਚ ਆਇਆ ਹੈ ਕਿ ਕੁਝ ਠੇਕੇਦਾਰਾਂ ਨੇ ਚਾਰ ਇੰਚੀ ਪਰਦੀ ਲਗਾ ਕੇ ਬਰਸਾਤੀ ਹੋਦੀਆਂ ਬਣਾ ਦਿੱਤੀਆਂ ਹਨ, ਅਜਿਹੇ ਠੇਕੇਦਾਰਾਂ ਦੀ ਪੇਮੇਂਟ ਸਰਕਾਰੀ ਹੁਕਮਾਂ ਅਨੁਸਾਰ ਕੱਟਣ ਦੇ ਨਿਰਦੇਸ਼ ਨਗਰ ਕੌਂਸਲ ਨੂੰ ਜਾਰੀ ਕਰ ਦਿੱਤੇ ਗਏ ਹਨ।
ਕੀ ਹੈ ਇੰਟਰ ਲੋਕਿੰਗ ਟਾਈਲਾਂ ਲਗਾਉਣ ਦਾ ਤਰੀਕਾ
ਕੱਚੀ ਸੜਕ ਜਾਂ ਗਲੀ ਵਿਚ ਇੰਟਰਲੋਕਿੰਗ ਟਾਈਲਾਂ ਲਗਾਉਣ ਲਈ 1:8:16 ਦੇ ਅਨੁਪਾਤ ਵਿਚ ਸੀਮੰਟ, ਰੇਤਾ ਤੇ ਗਟਕਾ ਮਸ਼ੀਨ ਵਿਚ ਮਿਕਸ ਕਰਕੇ ਪਾਉਣਾ ਹੁੰਦਾ ਹੈ ਤੇ ਇਸਦੀ ਪਰਤ ਘੱਟੋ ਘੱਟ 4 ਇੰਚੀ ਹੋਣੀ ਚਾਹੀਦੀ ਹੈ। ਇਸਦੀ ਦੁਰਮਟ ਨਾਲ ਪੂਰੀ ਕੁਟਾਈ ਕਰਨੀ ਹੁੰਦੀ ਹੈ। ਇਸ ਤੋਂ ਬਾਅਦ 2 ਇੰਚੀ ਕਾਲੀ ਰੇਤਾ ਪਾ ਕੇ ਫਿਰ ਆਈ.ਐਸ.ਆਈ. ਮਾਰਕਾ ਟਾਈਆਂ ਲਗਾਉਣੀਆਂ ਹੁੰਦੀਆਂ ਹਨ। ਟਾਇਲ ਦੀ ਸਟਰੈਂਥ 40 ਤੋਂ ਉਪਰ ਹੋਣੀ ਚਾਹੀਦੀ ਹੈ ਤਾਂ ਕਿ ਭਾਰੇ ਵਾਹਨ ਚੱਲਣ ਤੇ ਟਾਇਲ ਟੁੱਟ ਨਾ ਜਾਵੇ।