Ferozepur News

ਵਿਚਾਰਾਂ ਦਾ ਪ੍ਰਗਟਾਵਾ-ਪੰਜਾਬੀ ਲੇਖਕ ਅਤੇ ਟਰੇਡ ਯੂਨੀਅਨ ਆਗੂ ਹਰਮੀਤ ਵਿਦਿਆਰਥੀ

ਵਿਚਾਰਾਂ ਦਾ ਪ੍ਰਗਟਾਵਾ-ਪੰਜਾਬੀ ਲੇਖਕ ਅਤੇ ਟਰੇਡ ਯੂਨੀਅਨ ਆਗੂ ਹਰਮੀਤ ਵਿਦਿਆਰਥੀ

ਵਿਚਾਰਾਂ ਦਾ ਪ੍ਰਗਟਾਵਾ-ਪੰਜਾਬੀ ਲੇਖਕ ਅਤੇ ਟਰੇਡ ਯੂਨੀਅਨ ਆਗੂ ਹਰਮੀਤ ਵਿਦਿਆਰਥੀ

ਫ਼ਿਰੋਜ਼ਪੁਰ, 12.5.2021: ਪੰਜਾਬ ਦੀ ਧਰਤੀ ਕਿਸੇ ਵੇਲੇ ਵਿਸ਼ਾਲ ਗਿਆਨ ਅਤੇ ਗਹਿਰੇ ਚਿੰਤਨ ਦੀ ਧਰਤੀ ਰਹੀ ਹੈ। ਇਸ ਧਰਤੀ ਤੇ ਵੇਦ ਰਚੇ ਗਏ । ਤਕਸ਼ਿਲਾ ਵਰਗੇ ਵਿੱਦਿਆ ਦੇ ਕੇਂਦਰ ਇਸੇ ਧਰਤੀ ਤੇ ਸਥਾਪਤ ਹੋਏ । ਆਜ਼ਾਦੀ ਤੋਂ ਬਾਅਦ ਇਸ ਖਿੱਤੇ ਦੇ ਰਹਿਨੁਮਾਵਾਂ ਨੇ ਵਿੱਦਿਆ ਦੇ ਪਸਾਰ ਲਈ ਕਈ ਸਰਕਾਰੀ ਵਿੱਦਿਅਕ ਸੰਸਥਾਵਾਂ ਦੀ ਸਥਾਪਨਾ ਕੀਤੀ । ਉਸ ਦੌਰ ਵਿੱਚ ਸਕੂਲ ਕਾਲਜ ਲੋਕਾਂ ਨੂੰ ਅਕਲਮੰਦ ਬਨਾਉਣ ਲਈ ਬਣਾਏ ਜਾਂਦੇ ਸਨ ਮੁਨਾਫ਼ਾ ਕਮਾਉਣ ਲਈ ਨਹੀਂ। ਪ੍ਰਾਈਵੇਟ ਸੰਸਥਾਵਾਂ ਉਦੋਂ ਵੀ ਹੁੰਦੀਆਂ ਸਨ ਪਰ ਉਹਨਾਂ ਦਾ ਕੰਮ ਸਰਕਾਰੀ ਸਾਧਨਾਂ ਦੀ ਕਮੀ ਨੂੰ ਪੂਰਾ ਕਰਨਾ ਹੁੰਦਾ ਸੀ ਨਾ ਕਿ ਸਰਕਾਰੀ ਢਾਂਚੇ ਨੂੰ ਤਬਾਹ ਕਰਕੇ ਨਿੱਜੀ ਜਾਇਦਾਦ  ਦਾ ਰਾਹ ਪੱਧਰਾ ਕਰਨਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਲੇਖਕ ਅਤੇ ਟਰੇਡ ਯੂਨੀਅਨ ਆਗੂ ਹਰਮੀਤ ਵਿਦਿਆਰਥੀ ਨੇ ਅੱਜ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ।

ਉਹਨਾਂ ਦੱਸਿਆ ਕਿ ਸਭ ਤੋਂ ਪਹਿਲਾਂ ਅੱਤਵਾਦ ਨੇ ਵਿੱਦਿਅਕ ਅਦਾਰਿਆਂ ਵਿੱਚੋਂ ਗਿਆਨ ਦੇ ਪਸਾਰ ਦਾ ਮਾਹੌਲ ਖ਼ਤਮ ਕਰ ਦਿੱਤਾ। ਉਪਰੰਤ ਸੰਸਾਰੀ ਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਨੇ ਖਾਸ ਤੌਰ ਤੇ ਸਰਕਾਰੀ ਕਾਲਜਾਂ ਨੂੰ ਆਪਣੇ ਜਬਾੜੇ ਵਿੱਚ ਚੱਬਣਾ ਸ਼ੁਰੂ ਕਰ ਦਿੱਤਾ।
ਪ੍ਰਾਈਵੇਟ ਕਾਲਜ ਖੁੰਬਾਂ ਵਾਂਗੂੰ ਉੱਗਣ ਲੱਗੇ। ਸਦੀਆਂ ਤੋਂ ਕੀਤਾ ਜਾ ਰਿਹਾ ਵਿੱਦਿਆ ਦਾਨ ਮੁਨਾਫ਼ੇ ਦਾ ਧੰਦਾ ਬਣ ਗਿਆ। ਸਿਆਸਤਦਾਨਾਂ ਦੀ ਇਸ ਧੰਦੇ ਵਿੱਚ ਘੁਸਪੈਠ ਨੇ ਹੌਲੀ ਹੌਲੀ ਸਰਕਾਰੀ ਅਦਾਰਿਆਂ ਨੂੰ ਤਬਾਹ ਕਰਨ ਦਾ ਰਾਹ ਫੜ ਲਿਆ।

ਲੇਖਕ ਆਗੂ ਨੇ ਦੱਸਿਆ ਕਿ ਪੰਜਾਬ ਵਿੱਚ 2 ਕਰੋੜ 80 ਲੱਖ ਦੀ ਆਬਾਦੀ ਲਈ ਕੁੱਲ 48 ਸਰਕਾਰੀ ਡਿਗਰੀ ਅਤੇ ਬੀ ਐੱਡ ਕਾਲਜ ਹਨ। ਜਦਕਿ 75 ਲੱਖ ਦੀ ਆਬਾਦੀ ਵਾਲੇ ਹਿਮਾਚਲ ਪ੍ਰਦੇਸ਼ ਵਿੱਚ 94 ਸਰਕਾਰੀ ਕਾਲਜ ਹਨ। ਹਰਿਆਣਾ ਦੀ 2.5 ਕਰੋੜ ਦੀ ਆਬਾਦੀ ਲਈ 170 ਕਾਲਜ ਹਨ। ਪੰਜਾਬ ਦੇ ਸਾਰੇ ਕਾਲਜਾਂ ਲਈ1995 ਵਿੱਚ ਲੈਕਚਰਾਰ ਦੀਆਂ ਕਰੀਬ 1870 ਮਨਜ਼ੂਰਸ਼ੁਦਾ ਪੋਸਟਾਂ ਸਨ। ਅੱਜ ਛੱਬੀ ਸਾਲ ਬੀਤ ਜਾਣ ਦੇ ਬਾਵਜੂਦ ਮਨਜ਼ੂਰਸ਼ੁਦਾ ਪੋਸਟਾਂ ਦੀ ਗਿਣਤੀ 1870 ਹੀ ਹੈ । ਇਹਨਾਂ ਵਿੱਚੋਂ ਵੀ ਕਰੀਬ 1550 ਪੋਸਟਾਂ ਖਾਲੀ ਹਨ।

ਲੇਖਕ ਆਗੂ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਟੀਚਿੰਗ ਸਟਾਫ ਦਾ ਵੇਰਵਾ ਵਿੱਦਿਅਕ ਮਾਹੌਲ ਦੀ ਭਿਆਨਕ ਤਸਵੀਰ ਪੇਸ਼ ਕਰਦਾ ਹੈ। 48 ਵਿੱਚੋਂ 11 ਸਰਕਾਰੀ ਕਾਲਜਾਂ ਵਿੱਚ ਇੱਕ ਵੀ ਪਰਮਾਨੈਂਟ ਲੈਕਚਰਾਰ ਨਹੀਂ ਹੈ ਜਦੋਂ ਕਿ 10 ਕਾਲਜਾਂ ਵਿੱਚ ਸਿਰਫ਼ ਇੱਕ ਪਰਮਾਨੈਂਟ ਲੈਕਚਰਾਰ ਹੈ। ਛੇ ਕਾਲਜਾਂ ਵਿੱਚ ਸਿਰਫ਼ ਦੋ ਦੋ ਲੈਕਚਰਾਰ ਹਨ। ਪੰਜਾਬ ਦੇ ਨੌਂ ਵੱਡੇ ਸ਼ਹਿਰੀ ਕਾਲਜਾਂ ਵਿੱਚ 170 ਲੈਕਚਰਾਰ ਹਨ ਹਾਲਾਂਕਿ ਇਹ ਗਿਣਤੀ ਵੀ ਉਹਨਾਂ ਕਾਲਜਾਂ ਵਿੱਚ ਮਨਜ਼ੂਰਸ਼ੁਦਾ ਪੋਸਟਾਂ ਦਾ ਪੰਜਵਾਂ ਹਿੱਸਾ ਹੀ ਬਣਦੀ ਹੈ। ਇਸ ਤੋਂ ਇਲਾਵਾ ਲੈਕਚਰਾਰਾਂ ਦੀ ਘਾਟ ਨਾਲ ਜੂਝ ਰਹੇ ਪੰਜਾਬ ਦੇ ਕਾਲਜਾਂ ਦੇ 39 ਲੈਕਚਰਾਰ ਪਿਛਲੇ ਕਈ ਸਾਲਾਂ ਤੋਂ ਡੈਪੂਟੇਸ਼ਨ ਦੇ ਬਹਾਨੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਡੇਰਾ ਲਾਈ ਬੈਠੇ ਹਨ।

ਪੰਜਾਬ ਯੂਨੀਵਰਸਿਟੀ ਨੇ ਛੇ ,ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਵੇਂ ਸੋਲਾਂ ਕਾਸਟੀਚੂਐਂਟ ਕਾਲਜ ਖੋਹਲੇ ਹਨ। ਪੰਜਾਬ ਯੂਨੀਵਰਸਿਟੀ ਦੈ ਛੇ ਕਾਲਜਾਂ ਲਈ ਪਚਾਨਵੇਂ ਪੋਸਟਾਂ ਸੈਂਕਸ਼ਨ ਕੀਤੀਆਂ ਪਰ ਲੈਕਚਰਾਰ ਇੱਕ ਵੁ ਭਰਤੀ ਨਹੀਂ ਕੀਤਾ । ਛੇ ਕਾਲਜਾਂ ਵਿੱਚ ਇੱਕ ਵੀ ਪਰਮਾਨੈਂਟ ਲੈਕਚਰਾਰ ਨਹੀਂ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਵੇਂ ਸੋਲਾਂ ਕਾਸਟੀਚੂਐਂਟ ਕਾਲਜਾਂ ਵਿੱਚ ਕੁੱਲ ਪੰਜ ਪਰਮਾਨੈਂਟ ਲੈਕਚਰਾਰ ਹਨ ਉਹ ਵੀ ਯੂਨੀਵਰਸਿਟੀ ਦੈ ਦੂਜੇ ਕਾਲਜਾਂ ਵਿੱਚੋਂ ਲੈਕਚਰਾਰ ਲਿਆ ਕੇ। ਨਵੀਂ ਭਰਤੀ ਬਿਲਕੁਲ ਬੰਦ। ਪੰਝੀ ਸਾਲ ਤੋਂ ਸਰਕਾਰੀ ਕਾਲਜਾਂ ਵਿੱਚ ਕੋਈ ਨਵੀਂ ਭਰਤੀ ਨਹੀਂ।

ਲੇਖਕ ਆਗੂ ਨੇ ਦੱਸਿਆ ਕਿ ਜੇ ਨੌਂ ਸ਼ਹਿਰੀ ਕਾਲਜਾਂ ਅਤੇ ਡੈਪੂਟੇਸ਼ਨ ਤੇ 210 ਲੈਕਚਰਾਰ ਹਨ ਤਾਂ ਪੰਜਾਬ ਦੇ ਬਾਕੀ ਸ਼ਹਿਰੀ ਅਤੇ ਪੇਂਡੂ 39 ਕਾਲਜਾਂ ਦੇ ਹਿੱਸੇ ਕੁੱਲ 115 ਲੈਕਚਰਾਰ ਆਉਂਦੇ ਹਨ।ਇਸ ਦਾ ਇੱਕ ਸਿੱਧਾ ਜਿਹਾ ਮਤਲਬ ਇਹ ਹੈ ਕਿ ਪੇਂਡੂ ਪਿਛੋਕੜ , ਛੋਟੀ ਕਿਸਾਨੀ ਅਤੇ ਬੇਜ਼ਮੀਨੇ ਮਜ਼ਦੂਰਾਂ ਵਿੱਚੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਵਿੱਦਿਅਕ ਖ਼ੇਤਰ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢਿਆ ਜਾ ਰਿਹਾ ਹੈ। ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਕਿਸੇ ਰਾਜਨੀਤਕ , ਸਮਾਜਿਕ ਧਿਰ ਨੂੰ ਇਹ ਕੋਈ ਏਜੰਡਾ ਹੀ ਨਹੀਂ ਲੱਗਦਾ।ਖ਼ਤਰਨਾਕ ਗੱਲ ਇਹ ਵੀ ਹੈ ਕਿ ਆਮ ਲੋਕਾਂ ਨੇ ਵੀ ਆਪਣੇ ਇਹਨਾਂ ਜ਼ਰੂਰੀ ਸੁਆਲਾਂ ਤੇ ਬੋਲਣਾ ,ਲਾਮਬੰਦ ਹੋਣਾ ਛੱਡ ਦਿੱਤਾ ਹੈ।

ਹਰਮੀਤ ਵਿਦਿਆਰਥੀ ਨੇ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਵਿੱਦਿਆ ਵਰਗੇ ਮੁਢਲੇ ਸੁਆਲ ਤੇ ਇਸ ਕਿਸ ਬੇਰੁਖੀ ਬਣੀ ਰਹੀ ਤਾਂ ਨਿੱਤ ਦਿਨ ਗਰਕ ਰਹੇ ਪੰਜਾਬ ਨੂੰ ਹੋਰ ਗਰਕਣ ਤੋਂ ਕੋਈ ਨਹੀਂ ਰੋਕ ਸਕੇਗਾ।

Related Articles

Leave a Reply

Your email address will not be published. Required fields are marked *

Back to top button