…..ਲੱਗਦੈ ਖਜ਼ਾਨਾ ਖਾਲੀ ਹੋਣ ਦੀ ਉਡੀਕ ’ਚ ਹੈ ਨਗਰ ਕੌਂਸਲ ਗੁਰੂਹਸਹਾਏ ਦੇ ਪ੍ਰਧਾਨਗੀ ਦੀ ਚੋਣ!
…..ਲੱਗਦੈ ਖਜ਼ਾਨਾ ਖਾਲੀ ਹੋਣ ਦੀ ਉਡੀਕ ’ਚ ਹੈ ਨਗਰ ਕੌਂਸਲ ਗੁਰੂਹਸਹਾਏ ਦੇ ਪ੍ਰਧਾਨਗੀ ਦੀ ਚੋਣ!
– ਲਮਕ ਰਹੇ ਮਸਲੇ ਤੋਂ ਬਾਅਦ ਪ੍ਰਧਾਨਗੀ ਦੇ ਹੋਰ ਦਾਅਵੇਦਾਰ ਵੀ ਹੋਏ ਪੈਦਾ
– ਚਾਹਵਾਨਾਂ ਅਤੇ ਲੋਕਾਂ ਦੇ ਚਾਅ ਪਏ ਫਿੱਕੇ
ਗੁਰੂਹਰਸਹਾਏ, 13 ਮਈ (ਪਰਮਪਾਲ ਗੁਲਾਟੀ)-
ਨਗਰ ਕੌਂਸਲ ਗੁਰੂਹਰਸਹਾਏ ਦੀਆਂ ਚੋਣਾਂ ਨੂੰ ਕਰੀਬ 3 ਮਹੀਨੇ ਦਾ ਅਰਸਾ ਲੰਘ ਚੁੱਕਾ ਹੈ ਅਤੇ ਕੁੱਲ 15 ਵਾਰਡਾਂ ਤੋਂ ਸਾਰੇ ਕਾਂਗਰਸੀ ਉਮੀਦਵਾਰ ਜਿੱਤਣ ਦੇ ਬਾਵਜੂਦ ਵੀ ਅਜੇ ਤੱਕ ਨਗਰ ਕੌਂਸਲ ਨੂੰ ਨਵਾਂ ਪ੍ਰਧਾਨ ਨਸੀਬ ਨਹੀਂ ਹੋ ਸਕਿਆ। ਪੰਜਾਬ ਅੰਦਰ ਜਿੱਥੇ ਸਮੂਹ ਨਗਰ ਨਿਗਮਾਂ ਅਤੇ ਕੌਂਸਲਾਂ ਵਿੱਚ ਪ੍ਰਧਾਨਗੀ ਦੀ ਚੋਣ ਲਗਭਗ ਮੁਕੰਮਲ ਹੋ ਚੁੱਕੀ ਹੈ ਪਰ ਗੁਰੂਹਰਸਹਾਏ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਮਸਲਾ ਜਿਉਂ ਦਾ ਤਿਉਂ ਹੀ ਰੜਕ ਰਿਹਾ ਹੈ।
ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਲਗਾਤਾਰ ਸਮੂਹ 15 ਕੌਂਸਲਰਾਂ ਨਾਲ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਅਜੇ ਤੱਕ ਪ੍ਰਧਾਨਗੀ ਦਾ ਮਸਲਾ ਅਜੇ ਤੱਕ ਸੁਲਝਾ ਨਹੀਂ ਸਕੇ। ਇਸ ਨਗਰ ਕੌਂਸਲ ਦੀ ਪ੍ਰਧਾਨਗੀ ਦੇ ਦੋ ਮੁੱਖ ਦਾਅਵੇਦਾਰ ਆਤਮਜੀਤ ਸਿੰਘ ਡੇਵਿਡ ਅਤੇ ਵਿੱਕੀ ਨਰੂਲਾ ਵਿਚਕਾਰ ਹੀ ਕਮਸ਼ਕਸ਼ ਚਲਦੀ ਰਹੀ ਅਤੇ ਪ੍ਰਧਾਨਗੀ ਹਾਸਲ ਕਰਨ ਲਈ ਸਮਰਥੱਕਾਂ ਨਾਲ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਗਿਆ।
ਲਗਾਤਾਰ ਲਮਕਦੇ ਜਾ ਰਹੇ ਇਸ ਮਸਲੇ ਕਾਰਨ ਪ੍ਰਧਾਨਗੀ ਦੇ ਦੋਵੇਂ ਦਾਅਵੇਦਾਰ ਹੁਣ ਆਪਣੀ ਪ੍ਰਧਾਨਗੀ ਲਈ ਥੱਕ ਹਾਰ ਕੇ ਜੋਰ ਘੱਟ ਜਦਕਿ ਦੂਜੇ ਨੂੰ ਪ੍ਰਧਾਨਗੀ ਨਾ ਮਿਲਣ ਲਈ ਜੋਰ ਅਜਮਾਈ ਵੱਧ ਕਰਦੇ ਨਜ਼ਰ ਆ ਰਹੇ ਹਨ, ਜਿਸ ਕਰਕੇ ਸਮੀਕਰਨ ਬਦਲਣ ਦੀ ਸੰਭਾਵਨਾ ਵੱਧ ਗਈ ਹੈ। ਪਰੰਤੂ ਹੁਣ ਜਿਵੇਂ ਜਿਵੇਂ ਇਹ ਮਸਲਾ ਲਮਕਦਾ ਜਾ ਰਿਹਾ ਹੈ ਉਵੇਂ ਉਵੇਂ ਉਕਤ ਦੋਵਾਂ ਦਾਅਵੇਦਾਰਾਂ ਤੋਂ ਇਲਾਵਾ ਕਈ ਹੋਰ ਪ੍ਰਧਾਨਗੀ ਦੇ ਦਾਅਵੇਦਾਰਾਂ ਦੇ ਨਾਮ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।
ਕੌਂਸਲਰ ਜਗਦੀਸ਼ ਵੀ ਪਿਛਲੇ ਦਿਨੀਂ ਆਪਣਾ ਦਾਅਵਾ ਪੇਸ਼ ਕਰ ਚੁੱਕੇ ਹਨ ਅਤੇ ਹੁਣ ਪੁਰਾਣੇ ਤੇ ਟਕਸਾਲੀ ਕਾਂਗਰਸੀ ਛਿੰਦਰਪਾਲ ਸਿੰਘ ਭੋਲਾ ਨੇ ਵੀ ਆਪਣੀ ਕੌਂਸਲਰ ਪਤਨੀ ਮਹਿੰਦਰ ਕੌਰ ਲਈ ਪ੍ਰਧਾਨਗੀ ਦੀ ਦਾਅਵੇਦਾਰੀ ਪੇਸ਼ ਕੀਤੀ ਹੈ। ਉਹਨਾਂ ਦਾ ਦਾਅਵਾ ਹੈ ਕਿ ਉਹ ਸਭ ਤੋਂ ਪੁਰਾਣੇ ਅਤੇ ਸੀਨੀਅਰ ਆਗੂ ਹਨ, ਇਸ ਲਈ ਪ੍ਰਧਾਨਗੀ ਦੀ ਦਾਅਵੇਦਾਰੀ ਪੇਸ਼ ਕਰਨਾ ਉਹਨਾਂ ਦਾ ਹੱਕ ਹੈ ਅਤੇ ਕੈਪਟਨ ਸਰਕਾਰ ਵੱਲੋਂ 50 ਫੀਸਦੀ ਔਰਤਾਂ ਨੂੰ ਨੁਮਾਇੰਦਗੀ ਦੇਣੀ ਵੀ ਸ਼ਾਮਲ ਕੀਤੀ ਗਈ ਹੈ। ਇਸ ਤੋਂ ਇਲਾਵਾ ਪੁਰਾਣੀ ਕਾਂਗਰਸ ਮਹਿਲਾ ਆਗੂ ਅਤੇ ਨਗਰ ਕੌਂਸਲ ਦੀ ਸਾਬਕਾ ਵਾਈਸ ਪ੍ਰਧਾਨ ਨੀਲਮ ਨੇ ਵੀ ਪ੍ਰਧਾਨਗੀ ਲਈ ਆਪਣੀ ਦਾਅਵੇਦਾਰੀ ਜਿਤਾਈ ਹੈ।
ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਜੋ ਕਿ ਮੁੱਖ ਮੰਤਰੀ ਪੰਜਾਬ ਦੇ ਨਜ਼ਦੀਕੀ ਅਤੇ ਸਰਕਾਰ ਵਿਚ ਕੱਦਾਵਰ ਨੇਤਾ ਹਨ ਜਿਸ ਕਰਕੇ ਗੁਰੂਹਰਸਹਾਏ ਨਗਰ ਕੌਂਸਲ ਦੀ ਕਮੇਟੀ ਪੰਜਾਬ ਅੰਦਰ ਪਹਿਲ ਦੇ ਅਧਾਰ ’ਤੇ ਬਣਨੀ ਚਾਹਿਦੀ ਸੀ ਪਰੰਤੂ ਪਤਾ ਨਹੀਂ ਰਾਣਾ ਸੋਢੀ ਇਸ ਮਸਲੇ ਨੂੰ ਕਿਸ ਦੂਰ ਅੰਦੇਸ਼ੀ ਸੋਚ ਨਾਲ ਦੇਖ ਰਹੇ ਹਨ। ਉਧਰ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਲਮਕਦੇ ਮਸਲੇ ਨੂੰ ਲੈ ਕੇ ਸ਼ਹਿਰ ਅੰਦਰ ਚਰਚਾਵਾਂ ਦਾ ਬਜ਼ਾਰ ਗਰਮ ਹੈ। ਜਦਕਿ ਨਗਰ ਕੌਂਸਲ ਗੁਰੂਹਰਸਹਾਏ ਵੱਲੋਂ ਸ਼ਹਿਰੀ ਵਿਕਾਸ ਕਾਰਜ ਨਿਰੰਤਰ ਜਾਰੀ ਹਨ ਅਤੇ ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਅਜੇ ਨਗਰ ਕੌਂਸਲ ਦੇ ਖਜਾਨੇ ਵਿਚ ਲੱਖਾਂ ਰੁਪਏ ਦਾ ਫੰਡ ਅਜੇ ਮੋਜੂਦ ਹੈ ਅਤੇ ਸ਼ਾਇਦ ਇਸ ਖਜਾਨੇ ਦੇ ਖ਼ਤਮ ਹੋਣ ਤੋਂ ਬਾਅਦ ਹੀ ਅਗਲੇ ਪ੍ਰਧਾਨ ਦੀ ਚੋਣ ਹੋ ਸਕੇ। ਪਰ ਪ੍ਰਧਾਨਗੀ ਦੇ ਲਮਕ ਰਹੇ ਮਸਲੇ ਨੇ ਲੋਕਾਂ ਅਤੇ ਚਾਹਵਾਨਾਂ ਦੇ ਚਾਅ ਫਿੱਕੇ ਜਰੂਰ ਕਰ ਦਿੱਤੇ ਹਨ।