ਰੋਜ਼ਗਾਰ ਦੀਆਂ ਬੇਅੰਤ ਸੰਭਾਵਨਾ ਦੇ ਨਾਲ ਆਜੀਵਕਾ ਮਿਸ਼ਨ ਲਿਆ ਰਿਹਾ ਹੈ ਪੇਂਡੂ ਔਰਤਾਂ ਦੀ ਜਿੰਦਗੀ ਵਿੱਚ ਬਦਲਾਅ
ਪਿਛਲੇ ਸਾਲ 20240 ਔਰਤਾਂ ਮਿਸ਼ਨ ਦੇ ਤਹਿਤ 2024 ਸੈਲਫ ਹੈਲਪ ਗਰੁੱਪਾਂ ਨਾਲ ਜੁੜੀ
ਫਿਰੋਜ਼ਪੁਰ, 7 ਅਗਸਤ
ਰੁਜ਼ਗਾਰ ਦੀ ਸੰਭਾਵਨਾ ਦੇ ਨਾਲ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਪੇਂਡੂ ਔਰਤਾਂ ਦੀ ਜਿੰਦਗੀ ਵਿੱਚ ਵੱਡੀਆਂ ਤਬਦੀਲੀਆਂ ਲਿਆ ਰਿਹਾ ਹੈ ਅਤੇ ਮਿਸ਼ਨ ਦੇ ਤਹਿਤ ਵੱਡੀ ਗਿਣਤੀ ਵਿੱਚ ਪੇਂਡੂ ਔਰਤਾਂ ਨੇ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕਰ ਲਿਆ ਹੈ।
ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਹ ਮਿਸ਼ਨ ਪੇਂਡੂ ਔਰਤਾਂ ਲਈ ਬਹੁਤ ਲਾਹੇਵੰਦ ਸਿੱਧ ਹੋ ਰਿਹਾ ਹੈ ਅਤੇ ਪਰਿਵਾਰਾਂ ਵਿੱਚ ਗਰੀਬੀ ਦੇ ਖਾਤਮੇ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿੱਚ ਸਹਾਇਤਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 20240 ਔਰਤਾਂ ਨੇ ਇਸ ਮਿਸ਼ਨ ਦਾ ਹਿੱਸਾ ਬਣਦੇ ਹੋਏ 2024 ਸੈਲਫ ਹੈਲਪ ਗਰੁੱਪਾਂ ਵਿੱਚ ਸ਼ਾਮਲ ਹੋਈਆਂ ਹਨ।
ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਅਤੇ ਗਰੀਬ ਲਾਭਪਾਤਰੀ ਔਰਤਾਂ ਨੂੰ ਪਹਿਲਾਂ ਸੈਲਫ ਹੈਲਪ ਸਮੂਹਾਂ ਨਾਲ ਜੋੜਿਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਕਰਜ਼ੇ ਦੀ ਸੌਖੀ ਵਿਵਸਥਾ ਲਈ ਬੈਂਕਾਂ ਤੋਂ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਕਿਉਂਕਿ ਵਿਭਾਗ ਵੱਲੋਂ ਇਸ ਮਿਸ਼ਨ ਦੇ ਤਹਿਤ ਬਹੁਤ ਸਾਰੇ ਬੈਂਕ ਇਸ ਮਿਸ਼ਨ ਤਹਿਤ ਪਹਿਲਾਂ ਹੀ ਇਕੱਠੇ ਜੁੜੇ ਹੋਏ ਹਨ।
ਇਸ ਤੋਂ ਇਲਾਵਾ ਵਿਭਾਗ ਦੁਆਰਾ ਦੋ ਸ਼੍ਰੇਣੀਆਂ ਦੇ ਨਾਲ ਵਿੱਤੀ ਸਹਾਇਤਾ ਵੀ ਉੱਪਲੱਬਧ ਕਰਵਾਈ ਜਾਂਦੀ ਹੈ। ਪਹਿਲੀ ਸ਼੍ਰੇਣੀ ਰਿਵਾਲਵਿੰਗ ਫੰਡਾਂ ਦੀ ਹੈ, ਜਿਸ ਤਹਿਤ 15000 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਦੂਜੀ ਸ਼੍ਰੇਣੀ ਕਮਿਊਨਿਟੀ ਇਨਵੈਸਟਮੈਂਟ ਫੰਡਾਂ ਦੀ ਹੈ, ਜਿਸ ਤਹਿਤ ਪ੍ਰਤੀ ਸੈਲਫ ਹੈਲਪ ਗਰੁੱਪ ਨੂੰ 50,000 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ। ਪਿਛਲੇ ਸਾਲ ਰਿਵਾਲਵਿੰਗ ਫੰਡਾਂ ਦੀ ਸ਼੍ਰੇਣੀ ਅਧੀਨ 1575 ਸਮੂਹਾਂ ਨੂੰ 2,36,25,000 ਰੁਪਏ ਮੁਹੱਈਆ ਕਰਵਾਏ ਗਏ ਹਨ, ਜਦੋਂਕਿ ਕਮਿਊਨਿਟੀ ਇਨਵੈਸਟਮੈਂਟ ਫੰਡਾਂ ਤਹਿਤ 715 ਸਮੂਹਾਂ ਨੂੰ 3,57,50,000 ਰੁਪਏ ਦਿੱਤੇ ਗਏ ਹਨ। ਇਸ ਤਰ੍ਹਾਂ, ਕੁਲ 5,93,75,000 ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।
ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਸੈਲਫ ਹੈਲਪ ਗਰੁੱਪਾਂ ਨਾਲ ਔਰਤਾਂ ਨੂੰ ਜੋੜਨ, ਉਨ੍ਹਾਂ ਨੂੰ ਬੈਂਕ ਤੋਂ ਕਰਜ਼ੇ ਮੁਹੱਈਆ ਕਰਵਾਉਣ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਤੋਂ ਇਲਾਵਾ ਵਿਭਾਗ ਵੱਲੋਂ ਇਨ੍ਹਾਂ ਮਹਿਲਾਵਾਂ ਦੀ ਸਕਿੱਲ ਡਿਵੈਲਪਮੈਂਟ (ਹੁਨਰ ਵਿਕਾਸ) ਟ੍ਰੇਨਿੰਗ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਲਾਭਪਾਤਰੀਆਂ ਦੇ ਰੁਝਾਨਾਂ ਅਤੇ ਸੰਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ, ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣਾ ਕਾਰੋਬਾਰ ਬਿਹਤਰ ਤਰੀਕੇ ਨਾਲ ਚਲਾ ਸਕਣ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗਰੁੱਪ ਡਿਸਕਸ਼ਨ (ਵਿਚਾਰ ਵਟਾਂਦਰੇ) ਵੀ ਕਰਵਾਏ ਜਾਂਦੇ ਹਨ, ਜਿਸ ਵਿਚ ਔਰਤਾਂ ਆਪਣੇ ਤਜ਼ਰਬੇ ਅਤੇ ਕੁਸ਼ਲਤਾਵਾਂ ਬਾਰੇ ਜਾਣਕਾਰੀ ਸਾਂਝੀਆਂ ਕਰਦੀਆਂ ਹਨ। ਡੀਡੀਪੀਓ ਨੇ ਕਿਹਾ ਕਿ ਜ਼ਿਆਦਾਤਰ ਔਰਤਾਂ ਜੈਵਿਕ ਖੇਤੀ, ਜੈਵਿਕ ਖਾਦ, ਪੈਸਟੀਸਾਈਡ, ਸਿਲਾਈ-ਕਢਾਈ ਦੇ ਖੇਤਰ ਵਿੱਚ ਸਫਲਤਾ ਪ੍ਰਾਪਤ ਕਰ ਰਹੀਆਂ ਹਨ ਅਤੇ ਇਨ੍ਹਾਂ ਖੇਤਰਾਂ ਨਾਲ ਸਬੰਧਤ ਸਿਖਲਾਈ ਪ੍ਰਾਪਤ ਕਰ ਰਹੀਆਂ ਹਨ। ਇਹ ਔਰਤਾਂ ਆਪਣੀਆਂ ਜੈਵਿਕ ਫਸਲਾਂ ਵੀ ਪਿੰਡਾਂ ਵਿੱਚ ਵੇਚ ਰਹੀਆਂ ਹਨ ਅਤੇ ਰੋਜ਼ੀ-ਰੋਟੀ ਕਮਾ ਰਹੀਆਂ ਹਨ। ਇਹ ਔਰਤਾਂ ਨਾ ਸਿਰਫ ਆਪਣੇ ਕਰੀਅਰ ਵਿੱਚ ਸੁਧਾਰ ਕਰ ਰਹੀਆਂ ਹਨ ਬਲਕਿ ਆਪਣੀ ਕਮਾਈ ਨਾਲ ਪਰਿਵਾਰ ਨੂੰ ਵਿੱਤੀ ਤੌਰ ਤੇ ਮਜ਼ਬੂਤ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਔਰਤਾਂ ਵੱਖ ਵੱਖ ਸਰਕਾਰੀ ਪ੍ਰੋਗਰਾਮਾਂ ਜਿਵੇਂ ਸਖੀ, ਕ੍ਰਿਸ਼ੀ ਸਖੀ, ਐਕਟਿਵ ਵੂਮੈਨ ਸਕੀਮ, ਨੋਡਲ ਸੀਆਰਪੀ ਆਦਿ ਵਿੱਚ ਸਰਗਰਮ ਭੂਮਿਕਾ ਨਿਭਾ ਰਹੀਆਂ ਹਨ।