Ferozepur News
ਰਾਸ਼ਟਰੀ ਪੁਲਿਸ ਯਾਦਗਾਰੀ ਦਿਵਸ ਮੌਕੇ ਐਸ.ਐਸ.ਪੀ., ਵਧੀਕ ਸੀ.ਜੇ.ਐਮ. ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ
ਰਾਸ਼ਟਰੀ ਪੁਲਿਸ ਯਾਦਗਾਰੀ ਦਿਵਸ ਮੌਕੇ ਐਸ.ਐਸ.ਪੀ., ਵਧੀਕ ਸੀ.ਜੇ.ਐਮ. ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ
– ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਕੀਤਾ ਗਿਆ ਸਨਮਾਨਿਤ
ਸ਼ਹੀਦ ਸਾਡੇ ਪ੍ਰੇਰਣਾ ਸਰੋਤ – ਦੀਪਕ ਹਿਲੌਰੀ
ਫਿਰੋਜ਼ਪੁਰ, 21 ਅਕਤੂਬਰ 2023:
ਸ਼ਹੀਦ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੀ ਯਾਦ ਵਿੱਚ ਰਾਸ਼ਟਰੀ ਪੁਲਿਸ ਯਾਦਗਾਰੀ ਦਿਵਸ ਮੌਕੇ ਅੱਜ ਪੁਲਿਸ ਲਾਈਨ ਫਿਰੋਜ਼ਪੁਰ ਵਿਖੇ ਹੋਏ ਯਾਦਗਾਰੀ ਸਮਾਗਮ ਦੌਰਾਨ ਦੇਸ਼ ਲਈ ਸ਼ਹਾਦਤ ਦੇਣ ਵਾਲੇ ਪੁਲਿਸ ਵਿਭਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਦੀਪਕ ਹਿਲੌਰੀ, ਵਧੀਕ ਚੀਫ ਜੁਡੀਸ਼ੀਅਲ ਮੈਜਿਸਟਰੇਟ ਸ੍ਰੀ ਗੁਰਮੀਤ ਸਿੰਘ ਟਿਵਾਣਾ ਅਤੇ ਐਸ.ਪੀ.(ਡੀ.) ਸ੍ਰੀ ਰਣਧੀਰ ਕੁਮਾਰ ਨੇ ਪੁਲਿਸ ਵਿਭਾਗ ਦੇ ਸ਼ਹੀਦਾਂ ਦੀ ਯਾਦਗਾਰ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਕੀਤਾ। ਇਸ ਮੌਕੇ ਪਰੇਡ ਕਮਾਂਡਰ ਡੀ.ਐਸ.ਪੀ. ਅੰਗਰੇਜ਼ ਸਿੰਘ ਦੀ ਅਗਵਾਈ ਵਿੱਚ ਪੁਲਿਸ ਦੀ ਟੁੱਕੜੀ ਵੱਲੋਂ ਸ਼ਹੀਦਾਂ ਦੇ ਸਮਾਰਕ ‘ਤੇ ਗਾਰਡ ਆਫ ਆਨਰ ਦਿੱਤਾ ਗਿਆ ਅਤੇ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ।
ਇਸ ਮੌਕੇ ਪੁਲਿਸ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਦੀਪਕ ਹਿਲੌਰੀ ਨੇ ਕਿਹਾ ਕਿ ਸ਼ਹੀਦ ਦੇਸ਼ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਅਮਨ ਸ਼ਾਂਤੀ ਦੇ ਮਾਹੌਲ ਦਾ ਆਨੰਦ ਮਾਣ ਰਹੇ ਹਾਂ। ਇਨ੍ਹਾਂ ਸ਼ਹੀਦਾਂ ਤੋਂ ਸਾਨੂੰ ਆਪਣੀ ਡਿਊਟੀ ਪੂਰੀ ਸ਼ਰਧਾ ਤੇ ਇਮਾਨਦਾਰੀ ਨਾਲ ਨਿਭਾਉਣ ਦੀ ਹਮੇਸ਼ਾ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਇਨ੍ਹਾਂ ਲਾਸਾਨੀ ਕੁਰਬਾਨੀਆਂ ਦੇ ਅਸੀਂ ਹਮੇਸ਼ਾ ਕਰਜ਼ਦਾਰ ਰਹਾਂਗੇ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਪੰਜਾਬ ਪੁਲਿਸ ਆਪਣੇ ਬਹਾਦਰ ਸ਼ਹੀਦਾਂ ਨੂੰ ਜਿੱਥੇ ਸ਼ਰਧਾ ਭੇਟ ਕਰਦੀ ਹੈ ਉੱਥੇ ਹੀ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮੇਸ਼ਾ ਖੜ੍ਹੀ ਹੈ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਐਸ.ਪੀ. ਸ੍ਰੀ ਰਣਧੀਰ ਕੁਮਾਰ ਨੇ ਕਿਹਾ ਕਿ ਸ਼ਹੀਦਾਂ ਦਾ ਦੇਸ਼ ਦੀ ਅਮਨ ਸ਼ਾਂਤੀ ਵਿੱਚ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਵੀ ਦੇਸ਼ ਅੰਦਰ ਅਮਨ ਕਾਨੂੰਨ ਦੀ ਰੱਖਿਆ ਲਈ ਰੱਖਿਆ ਫੋਰਸਾਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਵੱਲੋਂ ਆਏ ਹੋਏ ਸ਼ਹੀਦ ਪਰਿਵਾਰਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ 50 ਦੇ ਕਰੀਬ ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਤੋਂ ਬਾਅਦ ਐਸ.ਐਸ.ਪੀ. ਵੱਲੋਂ ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਦੀਆਂ ਮੁਸ਼ਕਿਲਾਂ ਵੀ ਸੁਣਿਆਂ ਗਈਆਂ ਅਤੇ ਅਧਿਕਾਰੀਆਂ ਨੂੰ ਮੌਕੇ ‘ਤੇ ਹਲ ਕਰਨ ਦੇ ਨਿਰਦੇਸ਼ ਦਿੱਤੇ। ਸਮਾਗਮ ਦੌਰਾਨ ਏ.ਐਸ.ਆਈ. ਸ੍ਰੀ ਲਖਵੀਰ ਸਿੰਘ ਵੱਲੋਂ ਮੰਚ ਦਾ ਬਖੂਬੀ ਸੰਚਾਲਨ ਕੀਤਾ ਗਿਆ।
ਇਸ ਮੌਕੇ ਸ੍ਰੀ. ਰਜਿੰਦਰ ਕ੍ਰਿਸ਼ਨ ਕਾਂਮਡੈਂਟ ਪੰਜਾਬ ਹੋਮ ਗਾਰਡਜ਼, ਡੀ.ਐਸ.ਪੀ. ਸ. ਭੁਪਿੰਦਰ ਸਿੰਘ, ਡੀ.ਐਸ.ਪੀ. ਸ. ਸੰਦੀਪ ਸਿੰਘ, ਡੀ.ਐਸ.ਪੀ. ਸ. ਬਲਕਾਰ ਸਿੰਘ, ਡੀ.ਐਸ.ਪੀ. ਸ. ਯਾਦਵਿੰਦਰ ਸਿੰਘ, ਡੀ.ਐਸ.ਪੀ. ਸ. ਗੁਰਦੀਪ ਸਿੰਘ, ਸ. ਜਸਪਾਲ ਸਿੰਘ ਡੀ.ਐਸ.ਪੀ. (ਰਿਟਾ.), ਜ਼ਿਲ੍ਹੇ ਦੇ ਸਮੂਹ ਐਸ.ਐਚ.ਓਜ਼, ਸ਼ਹੀਦਾਂ ਦੇ ਪਾਰਿਵਾਰਕ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।