ਰਾਣਾ ਗੁਰਮੀਤ ਸਿੰਘ ਸੋਢੀ ਨੇ 7 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 400 ਮੀਟਰ, 8-ਲੇਨ ਸਿੰਥੈਟਿਕ ਅਥਲੈਟਿਕ ਟਰੈਕ ਦਾ ਰੱਖਿਆ ਨੀਂਹ ਪੱਥਰ
ਰਾਣਾ ਗੁਰਮੀਤ ਸਿੰਘ ਸੋਢੀ ਨੇ 7 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 400 ਮੀਟਰ, 8-ਲੇਨ ਸਿੰਥੈਟਿਕ ਅਥਲੈਟਿਕ ਟਰੈਕ ਦਾ ਰੱਖਿਆ ਨੀਂਹ ਪੱਥਰ
– 5.5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹਾਕੀ ਦੇ ਐਸਟ੍ਰੋਟਰਫ ਦੀ ਅਰਦਾਸ ਕਰਾ ਕੇ ਕੰਮ ਦੀ ਕੀਤੀ ਸ਼ੁਰੂਆਤ
-ਸੂਬੇ ਦੇ 4 ਸਟੇਡੀਅਮਾਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਜਾਣਗੇ ਐਸਟ੍ਰੋਟਰਫ – ਖੇਡ ਮੰਤਰੀ ਰਾਣਾ ਸੋਢੀ
ਫਿਰੋਜ਼ਪੁਰ, 1 ਜੂਨ, 2021:
ਖੇਡਾਂ ਅਤੇ ਯੂਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਮੰਗਲਵਾਰ ਨੂੰ ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ 7 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਅੰਤਰਰਾਸ਼ਟਰੀ ਪੱਧਰ ਦੇ 400 ਮੀਟਰ, 8-ਲੇਨ ਸਿੰਥੈਟਿਕ ਅਥਲੈਟਿਕ ਟਰੈਕ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅਰਦਾਸ ਕਰ ਕੇ 5.5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹਾਕੀ ਦੇ ਐਸਟ੍ਰੋਟਰਫ ਦੇ ਕੰਮ ਦੀ ਵੀ ਸ਼ੁਰੂਆਤ ਕਰਵਾਈ।
ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਪੀ. ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ (ਪੀ.ਬੀ.ਆਈ.) ਮਨਜੀਤ ਕੌਰ ਸੈਣੀ ਅਤੇ ਰਾਜਨੀਤਿਕ ਸਲਾਹਕਾਰ ਗੁਰਦੀਪ ਢਿੱਲੋਂ ਵੀ ਹਾਜ਼ਰ ਸਨ।
ਇਸ ਦੌਰਾਨ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਜਲੰਧਰ ਤੋਂ ਬਾਅਦ ਸੂਬੇ ਵਿੱਚ ਜੇਕਰ ਹਾਕੀ ਵਿੱਚ ਕਿਸੇ ਜ਼ਿਲ੍ਹੇ ਦਾ ਨਾਮ ਆਉਂਦਾ ਹੈ ਤਾਂ ਉਹ ਫਿਰੋਜ਼ਪੁਰ ਜ਼ਿਲ੍ਹੇ ਦਾ ਆਉਂਦਾ ਹੈ।ਉਨ੍ਹਾਂ ਕਿਹਾ ਕਿ 1953-54 ਵਿੱਚ ਉਨ੍ਹਾਂ ਦੇ ਤਾਇਆ ਜੀ ਗੁਰੂਹਰਨਾਮਵੀਰ ਵੀ ਹਾਕੀ ਖੇਡਿਆ ਕਰਦੇ ਸਨ। ਉਨ੍ਹਾਂ ਕਿਹਾ ਕਿ ਹਾਕੀ ਦੀ ਪਨੀਰੀ ਇਸ ਜਗ੍ਹਾ ਤੋਂ ਬੜੇ ਉਤਸ਼ਾਹ ਨਾਲ ਅੱਗੇ ਵੱਧ ਰਹੀ ਹੈ। ਉਨ੍ਹਾਂ ਕਿਹਾ ਬਹੁਤ ਸਮੇਂ ਤੋਂ ਸਾਡੇ ਕੋਲ ਖੇਡਣ ਲਈ ਇਨਫਰਾਸਟ੍ਰਕਚਰ ਦੀ ਕਮੀ ਰਹੀ ਹੈ ਇੱਥੇ ਨਾ ਤਾਂ ਐਥਲੈਟਿਕ ਟਰੈਕ ਸੀ ਅਤੇ ਨਾ ਹੀ ਐਸਟ੍ਰੋਟਰਫ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੂਮਾਈ, ਜੋ ਕਿ ਆਪ ਵੀ ਚੰਗੇ ਖੇਡਾਰੀ ਸਨ, ਨੇ ਉਨ੍ਹਾਂ ਦੀ ਖੇਡਾਂ ਪ੍ਰਤੀ ਰੂਚੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸੂਬੇ ਦਾ ਖੇਡ ਮੰਤਰਾਲਾ ਸੌਂਪਿਆ ਹੈ। ਉਨ੍ਹਾਂ ਨੇ ਕਿਹਾ ਕਿ ਫਿਰੋਜ਼ਪੁਰ ਉਨ੍ਹਾਂ ਦੀ ਜਨਮਭੂਮੀ ਹੈ ਅਤੇ ਖੇਡਾਂ ਵਿੱਚ ਉਨ੍ਹਾਂ ਦੀ ਕਾਫੀ ਦਿਲਚਸਪੀ ਵੀ ਹੈ। ਇਸ ਲਈ ਉਨ੍ਹਾਂ ਨੇ ਇੱਥੇ ਅੰਤਰਰਾਸ਼ਟਰੀ ਪੱਧਰ ਦਾ ਖੇਡ ਸਟੇਡੀਅਮ ਬਣਾਉਣ ਦੇ ਲਈ ਇਹ ਉਪਰਾਲਾ ਕੀਤਾ ਅਤੇ ਸਟੇਡੀਅਮ ਦਾ ਪੱਧਰ ਉੱਚਾ ਚੁੱਕਣ ਵਿੱਚ ਅੱਜ ਇਕ ਹੋਰ ਕੜੀ ਜੋੜਦੇ ਹੋਏ ਅੰਤਰਰਾਸ਼ਟਰੀ ਪੱਧਰ ਦੇ 400 ਮੀਟਰ, 8-ਲੇਨ ਸਿੰਥੈਟਿਕ ਅਥਲੈਟਿਕ ਟਰੈਕ ਦੇ ਨੀਂਹ ਪੱਥਰ ਰੱਖਣ ਦੇ ਨਾਲ ਹੀ ਹਾਕੀ ਦੇ ਐਸਟ੍ਰੋਟਰਫ ਦੇ ਕੰਮ ਦੀ ਸ਼ੁਰੂਆਤ ਕਰਵਾਈ।
ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਚਾਰ ਸਟੇਡੀਅਮਾਂ ਵਿੱਚ ਇਸ ਤਰ੍ਹਾਂ ਦੇ ਐਸਟ੍ਰੋਟਰਫ ਬਣਾਏ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਫਿਰੋਜ਼ਪੁਰ ਜ਼ਿਲ੍ਹਾ ਇਕ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਬਾਰਡਰ ਏਰੀਏ ਦੇ ਖਿਡਾਰੀਆਂ ਨੂੰ ਆਪਣੇ ਹੁਨਰ ਵਿਖਾ ਕੇ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਕੇ ਸੂਬੇ ਅਤੇ ਦੇਸ਼ ਦਾ ਨਾਂ ਰੋਸ਼ਨ ਕਰਨ ਦਾ ਪੂਰਾ ਅਵਸਰ ਮਿਲੇਗਾ। ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਇਲਾਵਾ 100 ਬੱਚਿਆਂ ਦੀ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੀ ਸ਼ੁਰੂਆਤ ਕਰਨ ਲਈ ਇਨਫਰਾਸਟ੍ਰਕਚਰ ਵੀ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਕ ਰੋਇੰਗ ਅਕੈਡਮੀ ਦੀ ਵੀ ਸ਼ੁਰੂਆਤ ਕਰਨ ਲਈ ਬਜਟ ਵਿੱਚ ਪ੍ਰਸਤਾਵ ਰੱਖਿਆ ਗਿਆ ਹੈ।ਉਨ੍ਹਾਂ ਕਿਹਾ ਰੋਇੰਗ ਵਿੱਚ ਬਾਰਡਰ ਏਰੀਏ ਦੇ ਖਿਡਾਰੀ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ ਇਸ ਲਈ ਉਕਤ ਪ੍ਰਸਤਾਵ ਆਉਣ ਵਾਲੇ ਸਮੇਂ ਲਈ ਰੱਖਿਆ ਗਿਆ ਹੈ ਤਾਂ ਕਿ ਬਾਰਡਰ ਏਰੀਏ ਦੇ ਹੁਨਰਮੰਦ ਖਿਡਾਰੀਆਂ ਨੂੰ ਹੋਰ ਉਤਸ਼ਾਹ ਮਿਲ ਸਕੇ।
ਖੇਡ ਮੰਤਰੀ ਨੇ ਮੌਜੂਦਾ ਐਸ.ਪੀ. ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ (ਪੀ.ਬੀ.ਆਈ.), ਫਿਰੋਜ਼ਪੁਰ ਮਨਜੀਤ ਕੌਰ ਸੈਣੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਓਲਿੰਪਿਅਨ ਖਿਡਾਰਨ ਨੇ ਏਸ਼ੀਅਨ ਖੇਡਾਂ ਵਿੱਚ 3 ਵਾਰ ਸੋਨ ਤਮਗੇ ਅਤੇ ਕਾਮਨਵੈਲਥ ਖੇਡਾਂ ਵਿੱਚ 2 ਵਾਰ ਸੋਨ ਤਮਗੇ ਜਿੱਤ ਕੇ ਦੇਸ਼ ਅਤੇ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਅਰਜੁਨਾ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਇਸ ਮੌਕੇ ਓਲਿੰਪਿਅਨ ਖਿਡਾਰੀ ਅਜੀਤ ਸਿੰਘ, ਰੋਂਜਨ ਸੋਢੀ, ਏਸ਼ੀਅਨ ਚੈਂਪੀਅਨ ਵੀਰਨ ਸੋਢੀ, ਅੰਤਰਰਾਸ਼ਟਰੀ ਹਾਕੀ ਖਿਡਾਰੀ ਹਰਨਰੈਇਨ ਸਿੰਘ ਲਾਡੀ, ਸਵੀਮਿੰਗ ਕੋਚ ਗਗਨ ਮਾਟਾ, ਹੈਂਡਬਾਲ ਕੋਚ ਗੁਰਜੀਤ ਸਿੰਘ, ਕੋਚ ਜਗਬੀਰ ਸਿੰਘ ਅਤੇ ਰੰਮੀਕਾਂਤ, ਅੰਮ੍ਰਿਤਪਾਲ ਸਿੰਘ, ਜਿਲ੍ਹਾ ਖੇਡ ਅਫਸਰ ਸ. ਪਰਮਿੰਦਰ ਸਿੰਘ ਸਿੱਧੂ , ਐਕਸੀਅਨ ਸਪੋਰਟਸ ਸੰਜੇ ਮਹਾਜਨ, ਸੁਨੀਲ ਕੁਮਾਰ ਸਾਬਕਾ ਡਿਪਟੀ ਡਾਇਰੈਕਟਰ ਸਪੋਰਟਸ ਅਤੇ ਮੇਹਰਦੀਪ ਸਿੰਘ ਵੀ ਹਾਜ਼ਰ ਸਨ।