Ferozepur News

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਕੇ ਮੁੜੀਆਂ ਸੰਗਤਾਂ ਦਾ ਰੇਲਵੇ ਸਟੇਸ਼ਨ ਤੇ ਸਵਾਗਤ

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਕੇ ਮੁੜੀਆਂ ਸੰਗਤਾਂ ਦਾ ਰੇਲਵੇ ਸਟੇਸ਼ਨ ਤੇ ਸਵਾਗਤ
ਸ੍ਰੀ.ਕਮਲ ਸ਼ਰਮਾ ਤੇ  ਸੰਗਤਾਂ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਲਈ  ਮੁੱਖ ਮੰਤਰੀ ਦਾ ਧੰਨਵਾਦ ਕੀਤਾ
ਡਿਪਟੀ ਕਮਿਸ਼ਨਰ ਵੱਲੋਂ ਸਹਿਯੋਗ ਲਈ ਸਭ ਸੰਗਤਾਂ ਦਾ ਧੰਨਵਾਦ
ਗੁਰਧਾਮਾਂ ਦੇ ਦਰਸ਼ਨ ਕਰਕੇ  ਆਪਣੇ ਆਪ ਨੂੰ ਭਾਗਾਂ ਵਾਲੇ ਸਮਝ ਰਹੇ ਹਨ ਸ਼ਰਧਾਲੂ
WELCOME BACK OF PILGRIMS FROM NADED
ਫ਼ਿਰੋਜ਼ਪੁਰ 31 ਜੁਲਾਈ  (Harish Monga   ) ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਤੋਂ ਸ੍ਰੀ.ਕਮਲ ਸ਼ਰਮਾ ਰਾਸ਼ਟਰੀ ਕਾਰਜਕਾਰੀ ਮੈਂਬਰ ਦੀ ਅਗਵਾਈ  ਵਿਚ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਦੇ ਦਰਸ਼ਨ ਕਰਕੇ ਵਿਸ਼ੇਸ਼ ਗੱਡੀ ਰਾਹੀਂ ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਛਾਉਣੀ ਵਿਖੇ ਵਾਪਸ ਆਈਆਂ ਸੰਗਤਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਸਮੇਤ ਵੱਡੀ ਗਿਣਤੀ ਵਿਚ ਅਧਿਕਾਰੀਆਂ ਤੇ ਇਲਾਕਾ ਨਿਵਾਸੀਆਂ ਨੇ ਸਵਾਗਤ ਕੀਤਾ।
ਜੈਕਾਰਿਆਂ ਦੀ ਗੂੰਜ ਵਿਚ ਸੰਗਤਾਂ ਨੇ ਆਪਣੀ ਯਾਤਰਾ ਦਾ ਸਮਾਪਨ ਕੀਤਾ। ਰੇਲਵੇ ਸਟੇਸ਼ਨ ਤੇ ਸੰਗਤਾਂ ਦਾ ਬੈਂਡ ਵਾਜੇ ਅਤੇ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ ਗਿਆ ਅਤੇ ਰੇਲਵੇ ਸਟੇਸ਼ਨ ਤੋਂ ਪਿੰਡਾਂ ਵਿਚ ਲੋਕਾਂ ਨੂੰ ਘਰਾਂ ਤੱਕ ਭੇਜਣ ਲਈ ਸਰਕਾਰ ਵੱਲੋਂ ਬੱਸਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਸੀ। ਇਸ ਮੌਕੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਯਾਤਰਾ ਦੌਰਾਨ ਸਹਿਯੋਗ ਬਣਾਈ ਰੱਖਣ ਲਈ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਤਰਾਂ ਦੀਆਂ ਵਿਸ਼ੇਸ਼ ਗੱਡੀਆਂ 9 ਅਗਸਤ ਨੂੰ ਜ਼ੀਰਾ ਅਤੇ 11 ਅਗਸਤ ਨੂੰ ਹਲਕਾ ਗੁਰੂਹਰਸਹਾਏ ਤੋ ਸ੍ਰੀ.ਹਜ਼ੂਰ ਸਾਹਿਬ (ਨਾਂਦੇੜ)  ਲਈ ਚਲਾਈਆਂ ਜਾਣਗੀਆਂ।
ਇਸ ਧਾਰਮਿਕ ਜੱਥੇ ਦੀ ਅਗਵਾਈ ਕਰ ਰਹੇ ਸ੍ਰੀ.ਕਮਲ ਸ਼ਰਮਾ  ਨੇ ਦੱਸਿਆ ਕਿ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਨਾ ਕੇਵਲ ਮੁਫ਼ਤ ਯਾਤਰਾ ਦੀ ਸਹੂਲਤ ਦਿੱਤੀ ਗਈ ਬਲਕਿ ਸਲੀਪਰ ਕੋਚ ਵਿਚ ਸੀਟ ਤੋਂ ਇਲਾਵਾ ਯਾਤਰਾ ਦੌਰਾਨ ਅਤੇ ਨਾਂਦੇੜ ਸਾਹਿਬ ਠਹਿਰਾਓ ਦੌਰਾਨ ਵਧੀਆ ਖਾਣਾ, ਨਾਂਦੇੜ ਸਾਹਿਬ ਵਿਖੇ ਹੋਟਲਾਂ ਵਿਚ ਠਹਿਰਾਓ ਅਤੇ ਓਥੇ ਦੀ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਬੱਸਾਂ ਵੀ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਇਹ ਧਾਰਮਿਕ ਯਾਤਰਾ ਸਾਰੀਆਂ ਸੰਗਤਾਂ ਦੀ ਜ਼ਿੰਦਗੀ ਦਾ ਅਭੁੱਲ ਹਿੱਸਾ ਬਣ ਗਈ ਹੈ। ਉਨ੍ਹਾਂ ਸੰਗਤਾਂ ਦਾ ਭਰਪੂਰ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯਾਤਰਾ ਤੇ ਗਏ ਨੋਡਲ ਅਫ਼ਸਰ ਸ: ਸੰਦੀਪ ਸਿੰਘ ਗੜਾ ਐਸ.ਡੀ.ਐਮ ਫ਼ਿਰੋਜ਼ਪੁਰ ਨੇ ਵੀ ਸੰਗਤਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਯਾਤਰਾ ਕਰਕੇ ਮੁੜੇ ਸ਼ਰਧਾਲੂਆਂ ਨੇ ਕਿਹਾ ਕਿ ਸਰਕਾਰ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਯਾਤਰਾ ਦੌਰਾਨ ਵਧੀਆ ਖਾਣਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਯਾਤਰੀਆਂ ਦੇ ਠਹਿਰਾਓ ਦੀ ਉਚਿੱਤ ਵਿਵਸਥਾ ਕੀਤੀ ਗਈ ਸੀ। ਯਾਤਰਾ ਤੋਂ ਵਾਪਸ ਪਰਤੀਆਂ ਸ਼ਰਧਾਲੂ ਬੀਬੀਆਂ ਅਨੁਸਾਰ ਪਿੰਡਾਂ ਦੇ ਲੋਕਾਂ ਲਈ ਇਕੱਲੇ ਤੌਰ ਤੇ ਐਨੀ ਦੂਰ ਯਾਤਰਾ ਤੇ ਜਾਣਾ ਮੁਸ਼ਕਿਲਾਂ ਭਰਿਆ ਹੁੰਦਾ ਹੈ ਪਰ ਸਰਕਾਰ ਦੇ ਇਸ ਉਪਰਾਲੇ ਨਾਲ ਉਨ੍ਹਾਂ ਅਤੇ ਬਜ਼ੁਰਗਾਂ  ਨੇ ਵੀ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਵਧੀਆ ਤੇ ਆਸਾਨੀ ਨਾਲ ਕੀਤੇ । ਉਨ੍ਹਾਂ ਕਿਹਾ ਕਿ ਗੁਰਧਾਮਾਂ ਦੇ ਦਰਸ਼ਨ ਕਰਕੇ ਉਹ ਆਪਣੇ ਆਪ ਨੂੰ ਭਾਗਾਂ ਵਾਲੇ ਸਮਝ ਰਹੇ ਹਨ ਕਿਉਂਕਿ ਜੇਕਰ ਪੰਜਾਬ ਸਰਕਾਰ ਇਹ ਉਪਰਾਲਾ ਨਾ ਕਰਦੀ ਤਾਂ ਉਨ੍ਹਾਂ ਦੀ ਇਹ ਇੱਛਾ ਕਦੇ ਵੀ ਪੂਰੀ ਨਹੀਂ ਹੋਣੀ ਸੀ।
ਇਸ ਮੌਕੇ ਸ੍ਰੀ ਵਨੀਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ, ਸ.ਪਰਮਦੀਪ ਸਿੰਘ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਅਤੇ ਐਸ.ਡੀ.ਐਮ ਗੁਰੂਹਰਸਹਾਏ, ਸ੍ਰੀ.ਵਿਭੋਰ ਸ਼ਰਮਾ ਡੀ.ਐਸ.ਪੀ, ਸ੍ਰ.ਜਗਰਾਜ ਸਿੰਘ ਕਟੋਰਾ ਚੇਅਰਮੈਨ ਮਾਰਕੀਟ ਕਮੇਟੀ ਫ਼ਿਰੋਜ਼ਪੁਰ ਸ਼ਹਿਰ, ਸ੍ਰੀ.ਡੀ.ਪੀ.ਚੰਦਨ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਫ਼ਿਰੋਜ਼ਪੁਰ, ਸ੍ਰੀ ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ ਫ਼ਿਰੋਜਪੁਰ,  ਸ੍ਰੀ ਦਵਿੰਦਰ ਬਜਾਜ  ਜ਼ਿਲ੍ਹਾ ਪ੍ਰਧਾਨ ਭਾਜਪਾ,  ਸ.ਬਲਦੇਵ ਸਿੰਘ ਰੱਖੜੀ ਚੇਅਰਮੈਨ ਬਲਾਕ ਸੰਮਤੀ, ਸ.ਪਰਮਜੀਤ ਸਿੰਘ ਕਲਸੀ, ਸ੍ਰੀ ਅਸ਼ੋਕ ਸਚਦੇਵਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।

Related Articles

Back to top button