ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਤਹਿਤ ਜ਼ੀਰਾ ਹਲਕੇ ਦੀਆਂ ਸੰਗਤਾਂ ਨੂੰ ਲੈ ਕੇ ਤਲਵੰਡੀ ਭਾਈ ਸਟੇਸ਼ਨ ਤੋਂ ਵਿਸ਼ੇਸ਼ ਗੱਡੀ ਹਜ਼ੂਰ ਸਾਹਿਬ( ਨਾਂਦੇੜ) ਲਈ ਰਵਾਨਾ
ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਤਹਿਤ ਜ਼ੀਰਾ ਹਲਕੇ ਦੀਆਂ ਸੰਗਤਾਂ ਨੂੰ ਲੈ ਕੇ ਤਲਵੰਡੀ ਭਾਈ ਸਟੇਸ਼ਨ ਤੋਂ ਵਿਸ਼ੇਸ਼ ਗੱਡੀ ਹਜ਼ੂਰ ਸਾਹਿਬ( ਨਾਂਦੇੜ) ਲਈ ਰਵਾਨਾ
ਪੰਜਾਬ ਸਰਕਾਰ ਨੇ ਸੰਗਤਾਂ ਲਈ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਵਾਸਤੇ ਵੱਡਾ ਉਪਰਾਲਾ ਕੀਤਾ-ਜਥੇਦਾਰ ਹਰੀ ਸਿੰਘ ਜ਼ੀਰਾ
ਤੀਰਥ ਯਾਤਰਾ ਸਕੀਮ ਨਾਲ ਆਪਸੀ ਸਦਭਾਵਨਾ ਹੋਰ ਮਜ਼ਬੂਤ ਹੋਵੇਗੀ–ਅਵਤਾਰ ਸਿੰਘ ਜ਼ੀਰਾ
ਯਾਤਰਾ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ ਜੈਕਾਰਿਆਂ ਦੀ ਗੂੰਜ ਵਿਚ ਸੰਗਤਾਂ ਨੇ ਕੀਤੀ ਰਵਾਨਗੀ
ਤਲਵੰਡੀ ਭਾਈ/ਫ਼ਿਰੋਜ਼ਪੁਰ 9 ਅਗਸਤ 2016 ( ) ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਤਹਿਤ ਅੱਜ ਸਵੇਰੇ ਵਿਧਾਨ ਸਭਾ ਹਲਕਾ ਜ਼ੀਰਾ ਦੀਆਂ ਸੰਗਤਾਂ ਨੂੰ ਲੈ ਕੇ ਜ਼ਿਲ੍ਹੇ ਤੋਂ ਤੀਸਰੀ ਵਿਸ਼ੇਸ਼ ਰੇਲ ਗੱਡੀ ਰੇਲਵੇ ਸਟੇਸ਼ਨ ਤਲਵੰਡੀ ਭਾਈ ਤੋਂ ਜੈਕਾਰਿਆਂ ਦੀ ਗੂੰਜ ਵਿਚ ਤਖ਼ਤ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਲਈ ਰਵਾਨਾ ਹੋਈ। ਇਨ੍ਹਾਂ ਯਾਤਰੀਆਂ ਦੀ ਅਗਵਾਈ ਸ: ਅਵਤਾਰ ਸਿੰਘ ਜ਼ੀਰਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਫ਼ਿਰੋਜ਼ਪੁਰ (ਦਿਹਾਤੀ) ਵੱਲੋਂ ਕੀਤੀ ਜਾ ਰਹੀ ਹੈ। ਇਸ ਮੌਕੇ ਵਿਧਾਇਕ ਜਥੇਦਾਰ ਹਰੀ ਸਿੰਘ ਜ਼ੀਰਾ , ਸ.ਅਵਤਾਰ ਸਿੰਘ ਜ਼ੀਰਾ , ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਨੀਤ ਕੁਮਾਰ, ਸ.ਜਰਨੈਲ ਸਿੰਘ ਐਸ.ਡੀ.ਐਮ ਜ਼ੀਰਾ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ.ਪਰਮਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਆਗੂਆਂ ਨੇ ਹਰੀ ਝੰਡੀ ਵਿਖਾ ਕੇ ਗੱਡੀ ਨੂੰ ਰਵਾਨਾ ਕੀਤਾ। ਇਸ ਮੌਕੇ ਵਿਧਾਇਕ ਜਥੇਦਾਰ ਹਰੀ ਸਿੰਘ ਜ਼ੀਰਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਉਣ ਦਾ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਹੀ ਲੋਕਾਂ ਦੇ ਹਿੱਤਾਂ ਨੂੰ ਵੱਡੇਰੀ ਤਰਜੀਹ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜ਼ੀਰਾ ਹਲਕੇ ਦੀਆਂ ਸੰਗਤਾਂ ਮੁੱਖ ਮੰਤਰੀ ਜੀ ਦੇ ਇਸ ਧਾਰਮਿਕ ਉਪਰਾਲੇ ਲਈ ਉਨ੍ਹਾਂ ਦੀਆਂ ਧੰਨਵਾਦੀ ਹਨ। ਇਸ ਤੋ ਪਹਿਲਾ ਸਟੇਸ਼ਨ ਤੇ ਰਾਗੀ ਸਿੰਘਾਂ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਤੇ ਪੰਜਾਬ ਸਹਿਕਾਰੀ ਬੈਂਕ ਦੇ ਚੇਅਰਮੈਨ ਸ੍ਰ.ਅਵਤਾਰ ਸਿੰਘ ਜ਼ੀਰਾ ਨੇ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਨਾਲ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤੀ ਮਿਲ ਰਹੀ ਹੈ ਅਤੇ ਲੋਕਾਂ ਨੂੰ ਉਨ੍ਹਾਂ ਦੇ ਧਾਰਮਿਕ ਇਤਿਹਾਸਕ ਸਥਾਨਾਂ ਤੇ ਬਿਨਾਂ ਕਿਸੇ ਖ਼ਰਚੇ ਦੇ ਜਾਣ ਦਾ ਮੌਕਾ ਮਿਲ ਰਿਹਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਨੀਤ ਕੁਮਾਰ ਨੇ ਕਿਹਾ ਕਿ ਇਸ ਯੋਜਨਾ ਤਹਿਤ ਵਿਧਾਨ ਸਭਾ ਹਲਕਾ ਜ਼ੀਰਾ ਹਲਕੇ ਤੋਂ 1000 ਸ਼ਰਧਾਲੂ ਯਾਤਰਾ ਲਈ ਇਸ ਗੱਡੀ ਨਾਲ ਰਵਾਨਾ ਹੋਏ ਹਨ। ਯਾਤਰਾ ਦੌਰਾਨ ਸਮੂਹ ਯਾਤਰਾ ਲਈ ਖਾਣੇ ਦਾ ਵੀ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਰੇਲਵੇ ਦੇ ਮਾਰਫ਼ਤ ਕਰਵਾਇਆ ਗਿਆ ਹੈ। ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਦਿਨ ਵਿਚ ਤਿੰਨ ਵਾਰ ਖਾਣਾ ਦਿੱਤਾ ਜਾਵੇਗਾ ਅਤੇ ਯਾਤਰਾ ਦੌਰਾਨ ਸਮੁੱਚਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੇਲਵੇ ਵੱਲੋਂ ਸ਼ਰਧਾਲੂਆਂ ਦਾ ਰੇਲਵੇ ਸਟੇਸ਼ਨ ਪੁੱਜਣ ਯਾਤਰੀਆਂ ਨੂੰ ਫੁੱਲਾਂ ਦੇ ਹਾਰ ਭੇਟ ਕਰਕੇ ਬੈਂਡ ਵਾਜੇ ਤੇ ਢੋਲ ਨਾਲ ਸਵਾਗਤ ਕੀਤਾ ਗਿਆ। ਰੇਲ ਗੱਡੀ ਨੂੰ ਰਵਾਨਾ ਕਰਨ ਮੌਕੇ ਸ: ਕਾਰਜ ਸਿੰਘ ਆਹਲਾ ,ਸ; ਸੁਖਦੇਵ ਸਿੰਘ ਲੌਹਕਾ,ਸ: ਕੁਲਦੀਪ ਸਿੰਘ ਵਿਰਕ,ਸ: ਪਿਆਰਾ ਸਿੰਘ ਢਿੱਲੋਂ,ਸ਼੍ਰੀ ਰਾਜੇਸ਼ ਢੰਡ, ਸ: ਸਤਪਾਲ ਸਿੰਘ ਤਲਵੰਡੀ, ਸ: ਗੁਰਮੀਤ ਸਿੰਘ ਬੂਹ ਮੈਂਬਰ ਸ਼੍ਰੋਮਣੀ ਕਮੇਟੀ, ਸ: ਲਖਵਿੰਦਰ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸ: ਰੁਪਿੰਦਰ ਸਿੰਘ ਪ੍ਰਧਾਨ ਨਗਰ ਕੌਂਸਲ ਤਲਵੰਡੀ ਭਾਈ, ਜਸਵਿੰਦਰ ਸਿੰਘ ਖਿੱਡਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।