ਮੁਕਾਬਲੇ ਬੱਚਿਆਂ ਵਿਚ ਛਿਪੀ ਪ੍ਰਤਿਭਾ ਨੂੰ ਜਗਾਉਂਦੇ ਹਨ ਅਤੇ ਉਨ੍ਹਾਂ ਨੂੰ ਅੱਗੇ ਪੜ੍ਹਨ ਦਾ ਜਜ਼ਬਾ ਪੈਦਾ ਕਰਦੇ ਹਨ- ਡਿਪਟੀ ਕਮਿਸ਼ਨਰ
ਮੁਕਾਬਲੇ ਬੱਚਿਆਂ ਵਿਚ ਛਿਪੀ ਪ੍ਰਤਿਭਾ ਨੂੰ ਜਗਾਉਂਦੇ ਹਨ ਅਤੇ ਉਨ੍ਹਾਂ ਨੂੰ ਅੱਗੇ ਪੜ੍ਹਨ ਦਾ ਜਜ਼ਬਾ ਪੈਦਾ ਕਰਦੇ ਹਨ- ਡਿਪਟੀ ਕਮਿਸ਼ਨਰ
ਫਿਰੋਜ਼ਪੁਰ ਛਾਉਣੀ ਦੇ ਗਾਂਧੀ ਗਾਰਡਨ ਪਾਰਕ ਵਿਖੇ ਮਾਯੰਕ ਫਾਊਂਡੇਸ਼ਨ ਵੱਲੋਂ ਆਯੋਜਿਤ ਪੇਂਟਿੰਗ ਮੁਕਾਬਲੇ, ਬੱਚਿਆਂ ਦਾ ਉਤਸ਼ਾਹ ਵਧਾਉਣ ਲਈ ਪਹੁੰਚੇ ਡਿਪਟੀ ਕਮਿਸ਼ਨਰ ਚੰਦਰ ਗੈਂਦ
ਜੇਤੂਆਂ ਨੂੰ ਕੀਤਾ ਗਿਆ ਸਨਮਾਨਿਤ, ਫਾਊਂਡੇਸ਼ਨ ਦੇ ਯਤਨਾਂ ਦੀ ਸ਼ਲਾਘਾ ਕੀਤੀ
ਫਿਰੋਜ਼ਪੁਰ 14 ਅਪ੍ਰੈਲ 2019 ( ) ਮੁਕਾਬਲੇ ਜਿੱਥੇ ਬੱਚਿਆਂ ਵਿਚ ਛਿਪੀ ਹੋਈ ਪ੍ਰਤਿਭਾ ਨੂੰ ਜਗਾਉਂਦੇ ਹਨ, ਉੱਥੇ ਉਨ੍ਹਾਂ ਨੂੰ ਅੱਗੇ ਪੜ੍ਹਨ ਦਾ ਜਜ਼ਬਾ ਪੈਦਾ ਕਰਦੇ ਹਨ। ਇਹ ਜਜ਼ਬਾ ਅੱਗੇ ਜਾ ਕੇ ਬੱਚਿਆਂ ਨੂੰ ਉਨ੍ਹਾਂ ਦੀ ਮੰਜ਼ਲ ਤੱਕ ਲੈ ਜਾਂਦਾ ਹੈ ਇਸ ਲਈ ਜੀਵਨ ਦੇ ਹਰ ਖੇਤਰ ਵਿਚ ਭਾਗ ਲੈਣਾ ਜ਼ਰੂਰੀ ਹੈ, ਕਿਉਂਕਿ ਵਿਅਕਤੀਤਵ ਦੇ ਨਿਖਾਰ ਵਿਚ ਮੁਕਾਬਲੇ ਅਹਿਮ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਨੇ ਐਤਵਾਰ ਫਿਰੋਜ਼ਪੁਰ ਛਾਉਣੀ ਦੇ ਗਾਂਧੀ ਗਾਰਡਨ ਪਾਰਕ ਵਿਖੇ ਆਯੋਜਿਤ ਪੇਂਟਿੰਗ ਮੁਕਾਬਲੇ ਦੇ ਸਮਾਪਤੀ ਸਮਾਰੋਹ ਵਿਚ ਹਾਜ਼ਰ ਵੱਡੀ ਗਿਣਤੀ ਵਿਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ।
ਡਿਪਟੀ ਕਮਿਸ਼ਨਰ ਨੇ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਸਾਰੇ ਉਮੀਦਵਾਰਾਂ ਦਾ ਉਤਸ਼ਾਹ ਵਧਾਇਆ ਅਤੇ ਜਿਨ੍ਹਾਂ ਉਮੀਦਵਾਰਾਂ ਨੂੰ ਕੋਈ ਪੁਜ਼ੀਸ਼ਨ ਹਾਸਲ ਨਹੀਂ ਉਨ੍ਹਾਂ ਨੂੰ ਹਿੰਮਤ ਨਾ ਹਾਰਨ ਅਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁਕਾਬਲੇ ਵਿਚ ਹਿੱਸਾ ਲੈਣਾ ਹੀ ਆਪਣੇ ਆਪ ਵਿਚ ਬਹੁਤ ਵੱਡੀ ਗੱਲ ਹੈ ਕਿਉਂਕਿ ਜਿਨ੍ਹਾਂ ਬੱਚਿਆਂ ਵਿਚ ਟੈਂਲੇਂਟ ਹੁੰਦਾ ਹੈ ਉਹ ਹੀ ਮੁਕਾਬਲੇ ਵਿਚ ਹਿੱਸਾ ਲੈਂਦੇ ਹਨ।
ਇਸ ਪੇਂਟਿੰਗ ਮੁਕਾਬਲੇ ਵਿਚ 2300 ਦੇ ਕਰੀਬ ਉਮੀਦਵਾਰਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੌਰਾਨ ਗਾਂਧੀ ਗਾਰਡਨ ਉਮੀਦਵਾਰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਸਮੇਤ ਰਿਸ਼ਤੇਦਾਰਾਂ ਨਾਲ ਪੂਰਾ ਭਰਿਆ ਨਜ਼ਰ ਆ ਰਿਹਾ ਸੀ। ਇਹ ਮੁਕਾਬਲੇ 4 ਕੈਟਾਗਰੀ ਵਿਚ ਹੋਏ, ਹਰ ਕੈਟਾਗਰੀ ਵਿਚ ਵੱਖ ਵੱਖ ਥੀਮ ਰੱਖਿਆ ਗਿਆ ਸੀ। ਪਹਿਲੀ ਕੈਟਾਗਰੀ ਵਿਚ ਪੀਸ, ਦੂਜੀ ਵਿਚ ਗੋ ਗਰੀਨ, ਤੀਜੀ ਵਿਚ ਟਰੈਫ਼ਿਕ ਸੈਂਸ, ਅਤੇ ਚੌਥੀ ਕੈਟਾਗਰੀ ਵਿਚ ਸੈਲੀਬਿਰੇਟ ਡੈਮੋਕਰੇਸੀ ਥੀਮ ਤੇ ਪੇਂਟਿੰਗ ਕਰਵਾਈ ਗਈ। ਹਰ ਕੈਟਾਗਰੀ ਵਿਚ ਤਿੰਨ ਜੇਤੂ ਰਹੇ ਅਤੇ ਇਨ੍ਹਾਂ ਦੇ ਇਲਾਵਾ 7 ਬੱਚਿਆਂ ਨੂੰ ਸਦਭਾਵਨਾ ਪੁਰਸਕਾਰ ਦਿੱਤਾ ਗਿਆ। ਚਾਰਾਂ ਕੈਟਾਗਰੀਆਂ ਵਿਚ ਕਰੀਬ 50 ਇਨਾਮ ਵੰਡੇ ਗਏ। ਪਹਿਲੀ ਕੈਟਾਗਰੀ ਵਿਚ ਪਹਿਲੀ ਤੋਂ ਤੀਜੀ ਕਲਾਸ, ਦੂਜੀ ਵਿਚ ਨੌਵੀਂ ਤੋਂ ਬਾਰ੍ਹਵੀਂ ਤੀਜੀ ਵਿਚ ਛੇਵੀਂ ਤੋਂ ਅੱਠਵੀਂ ਅਤੇ ਚੌਥੀ ਕੈਟਾਗਰੀ ਵਿਚ ਚੌਥੀ ਤੋਂ ਪੰਜਵੀਂ ਕਲਾਸ ਦੇ ਬੱਚਿਆਂ ਨੇ ਹਿੱਸਾ ਲਿਆ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਇਸ ਤਰ੍ਹਾਂ ਦੇ ਆਯੋਜਨ ਕਰਨ ਲਈ ਮਾਯੰਕ ਫਾਊਂਡੇਸ਼ਨ ਦੀ ਪ੍ਰਸੰਸਾ ਕੀਤੀ ਅਤੇ ਭਵਿੱਖ ਵਿਚ ਇਹੋ ਅਜਿਹੇ ਪ੍ਰੋਗਰਾਮ ਕਰਦੇ ਰਹਿਣ ਲਈ ਕਿਹਾ। ਮਾਯੰਕ ਫਾਊਂਡੇਸ਼ਨ ਦੇ ਪ੍ਰਧਾਨ ਸ੍ਰੀ.ਦੀਪਕ ਸ਼ਰਮਾ ਨੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਪਹੁੰਚੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ ਅਤੇ ਫਾਊਂਡੇਸ਼ਨ ਵੱਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਡੀ.ਸੀ.ਐਮ ਗਰੁੱਪ ਸਕੂਲ ਦੇ ਸੀ.ੲ..ਓ ਵਿਸ਼ੇਸ਼ ਤੌਰ ਤੇ ਪਹੁੰਚੇ। ਪੇਂਟਿੰਗ ਮੁਕਾਬਲੇ ਵਿਚ ਡੀ.ਸੀ.ਐਮ ਗਰੁੱਪ ਆਫ਼ ਸਕੂਲ ਦਾ ਵਿਸ਼ੇਸ਼ ਯੋਗਦਾਨ ਰਿਹਾ ਅਤੇ ਸਕੂਲ ਦੇ ਬੱਚਿਆਂ ਨੇ ਮੁਕਾਬਲਾ ਵਿਚ ਵੱਧ ਚੜ ਕੇ ਹਿੱਸਾ ਲਿਆ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇਕ ਸਿੰਘ, ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ, ਕੈਂਟ ਬੋਰਡ ਸੀ.ਈ.ਓ ਦਮਨ ਸਿੰਘ ਵੱਡੀ ਗਿਣਤੀ ਵਿਚ ਵਿਦਿਆਰਥੀ ਤੇ ਅਧਿਆਪਕ ਹਾਜ਼ਰ ਸਨ।