ਮਿਸ਼ਨ ਫਤਿਹ ਤਹਿਤ ਸਿੱਖਿਆ ਵਿਭਾਗ ਦੇ ਅਧਿਆਪਕ ਦਾ ਨਵਾਂ ਉਪਰਾਲਾ
ਲੋਕਾਂ ਤੇ ਸਕੂਲੀ ਬੱਚਿਆਂ ਨੂੰ ਕੋਰੋਨਾ ਵਾਇਰਸ ਸਬੰਧੀ ਜਾਗਰੂਕ ਕਰਨ ਲਈ ਬਣਾਈ ਐਨੀਮੇਸ਼ਨ (ਕਾਰਟੂਨ) ਮੂਵੀ
ਫਿਰੋਜ਼ਪੁਰ 8 ਜੁਲਾਈ 2020 ਮਿਸ਼ਨ ਫਤਿਹ ਤਹਿਤ ਸਿੱਖਿਆ ਵਿਭਾਗ ਦੇ ਅਧਿਆਪਕ ਚਰਨਜੀਤ ਸਿੰਘ ਚਹਿਲ ਵੱਲੋਂ ਇੱਕ ਨਵਾਂ ਉਪਰਾਲਾ ਕਰਦਿਆਂ ਇੱਕ ਐਨੀਮੇਸ਼ਨ (ਕਾਰਟੂਨ) ਮੂਵੀ ਬਣਾਈ ਗਈ। ਜਿਸ ਵਿੱਚ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਸਾਵਧਾਨੀਆਂ ਵਰਤਣ ਲਈ ਵੱਖਰੇ ਤਰੀਕੇ ਨਾਲ ਸਮਝਾਇਆ ਗਿਆ ਹੈ।
ਸਰਕਾਰੀ ਪ੍ਰਾਇਮਰੀ ਸਕੂਲ ਸਮਾਰਟ ਦੇ ਅਧਿਆਪਕ ਚਰਨਜੀਤ ਸਿੰਘ ਚਹਿਲ ਨੇ ਦੱਸਿਆ ਕਿ ਇਹ ਐਨੀਮੇਸ਼ਨ (ਕਾਰਟੂਨ) ਡੀਈਓ ਪ੍ਰਾਇਮਰੀ ਰਾਜੀਵ ਛਾਬੜਾ ਅਤੇ ਡਿਪਟੀ ਡੀਈਓ ਸ੍ਰ. ਸੁਖਵਿੰਦਰ ਸਿੰਘ ਦੇ ਸਹਿਯੋਗ ਨਾਲ ਬਣਾਈ ਗਈ ਹੈ। ਜਿਸ ਵਿੱਚ ਲੋਕਾਂ/ਬੱਚਿਆਂ ਨੂੰ ਘਰ ਤੋਂ ਬਾਹਰ ਜਾਣ ਸਮੇਂ ਹਮੇਸ਼ਾ ਮਾਸਕ ਪਹਿਨਣ, ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਵਿਚਕਾਰ 6 ਫੁੱਟ ਦੀ ਦੂਰੀ ਬਣਾ ਕੇ ਰੱਖਣ, ਸਮੇਂ ਸਮੇਂ ਸਿਰ ਹੱਥ ਸਾਬਣ ਨਾਲ ਧੋਣ ਅਤੇ ਸੈਨੇਟਾਈਜ਼ਰ ਦੀ ਵਰਤੋਂ ਆਦਿ ਸਾਵਧਾਨੀਆਂ ਵਰਤਣ ਬਾਰੇ ਦੱਸਿਆ ਗਿਆ। ਵੀਡੀਓ ਰਾਹੀਂ ਬੱਚਿਆਂ ਨੂੰ ਮੋਬਾਇਲ ਉਪਰ ਕੋਵਾ ਐਪ ਡਾਊਨਲੋਡ ਕਰਨ ਬਾਰੇ ਦੱਸਿਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਕਾਰਟੂਨ ਮੂਵੀ ਨੂੰ ਸਿੱਖਿਆ ਵਿਭਾਗ ਵੱਲੋਂ ਆਪਣੇ ਪੇਜ ਤੇ ਪਾਇਆ ਗਿਆ ਅਤੇ ਸਾਰੇ ਸਰਕਾਰੀ ਹਾਈ ਸਕੂਲਾਂ ਤੇ ਪ੍ਰਾਇਮਰੀ ਸਕੂਲਾਂ ਦੇ ਵਟਸਐੱਪ ਗਰੁੱਪਾਂ ਅਤੇ ਯੂਟਿਊਬ ਤੇ ਸ਼ੇਅਰ ਕੀਤਾ ਗਿਆ, ਜਿਸ ਨੂੰ ਬੱਚਿਆਂ ਵੱਲੋਂ ਕਾਫੀ ਭਰਵਾ ਹੁੰਗਾਰਾ ਮਿਲਿਆ। ਇਸ ਕਾਰਟੂਨ ਮੂਵੀ ਨੂੰ ਸਕੂਲੀ ਬੱਚਿਆਂ ਵੱਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ ਤੇ ਲੋਕਾਂ ਵੱਲੋਂ ਮੂਵੀ ਤੇ ਦੱਸੀਆਂ ਗੱਲਾਂ ਨੂੰ ਅਪਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਚਰਨਜੀਤ ਸਿੰਘ ਵੱਲੋਂ ਲੋਕਾਂ ਨੂੰ ਮਿਸ਼ਨ ਫਤਿਹ ਵਿੱਚ ਸਹਿਯੋਗ ਕਰਨ ਲਈ ਵੱਖਰੇ ਤੌਰ ਤੇ ਉਪਰਾਲੇ ਕੀਤੇ ਜਾ ਰਹੇ ਹਨ।