Ferozepur News

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨਹਿਰੂ ਯੁਵਾ ਕੇਂਦਰ ਨੇ ਪਿੰਡ ਘੱਲ ਖ਼ੁਰਦ ਵਿਖੇ ਕਰਵਾਇਆ ਬਲਾਕ ਪੱਧਰੀ ਜਾਗਰੂਕਤਾ ਸਮਾਗਮ ਨੌਜਵਾਨਾਂ ਨੂੰ ਯੋਗ, ਸਵੱਛਤਾ, ਵਿਕਾਸ, ਨਸ਼ਿਆਂ ਤੋਂ ਬਚਣ ਅਤੇ ਟ੍ਰੈਫ਼ਿਕ ਨਿਯਮਾਂ ਸਬੰਧੀ ਕੀਤਾ ਜਾਗਰੂਕ

ਫ਼ਿਰੋਜ਼ਪੁਰ 17 ਜੂਨ 2018 (Manish Bawa ) ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ  ਨਹਿਰੂ ਯੁਵਾ ਕੇਂਦਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਯੋਗ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਯੂਥ ਕਲੱਬ ਪਿੰਡ ਸਰ੍ਹਾਵਾਲੀ ਦੇ ਸਹਿਯੋਗ ਨਾਲ ਪਿੰਡ ਘੱਲ ਖ਼ੁਰਦ ਵਿਖੇ ਬਲਾਕ ਪੱਧਰੀ ਗੁਆਂਢ ਯੁਵਾ ਸੰਸਦ ਨਾਮਕ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਵਿੱਚ ਕਲੱਬ ਪ੍ਰਧਾਨ ਸ੍ਰ. ਚਮਕੌਰ ਸਿੰਘ ਅਤੇ ਜ਼ਿਲ੍ਹਾ ਯੂਥ ਕੁਆਰਡੀਨੇਟਰ ਸ੍ਰ. ਸਰਬਜੀਤ ਸਿੰਘ ਬੇਦੀ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। 
ਸਮਾਗਮ ਦੌਰਾਨ ਜ਼ਿਲ੍ਹਾ ਯੂਥ ਕੁਆਰਡੀਨੇਟਰ ਸ੍ਰ. ਸਰਬਜੀਤ ਸਿੰਘ ਬੇਦੀ ਨੇ ਯੋਗ, ਸਵੱਛਤਾ ਅਤੇ ਵਿਕਾਸ  ਵਿਸ਼ਿਆਂ ਤੇ ਚਰਚਾ ਕੀਤੀ। ਇਸ ਤੋਂ ਬਾਅਦ ਕਾਰਜਕਾਰੀ ਅਫ਼ਸਰ ਡੇਅਰੀ ਵਿਭਾਗ ਸ੍ਰ. ਬੀਰਪ੍ਰਤਾਪ ਸਿੰਘ ਗਿੱਲ ਨੇ ਸਵੱਛਤਾ ਅਤੇ ਡੇਅਰੀ ਵਿਕਾਸ ਵਿਸ਼ੇ ਤੇ ਨੌਜਵਾਨਾਂ ਨੂੰ ਜਾਗਰੂਕ ਕੀਤਾ। ਯੋਗ ਮਾਹਿਰ ਡਾ. ਗੁਰਨਾਮ ਸਿੰਘ ਅਤੇ ਦੀਪਕ ਸਲੂਜਾ ਵੱਲੋਂ ਯੋਗ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ ਅਤੇ ਆਪਣੇ ਸਰੀਰ ਤੇ ਦਿਮਾਗ਼ ਨੂੰ ਤੰਦਰੁਸਤ ਰੱਖਣ ਲਈ ਯੋਗ ਦੇ ਵੱਖ-ਵੱਖ ਆਸਣਾਂ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦੌਰਾਨ ਟ੍ਰੈਫ਼ਿਕ ਸਿੱਖਿਆ ਸੈੱਲ ਤੋਂ ਲਖਵੀਰ ਸਿੰਘ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੀ ਰੋਕਥਾਮ ਅਤੇ ਟ੍ਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਜੋ ਨੌਜਵਾਨ ਨਸ਼ਿਆਂ ਅਤੇ ਸੜਕੀ ਦੁਰਘਟਨਾਵਾਂ ਤੋਂ ਬਚ ਸਕਣ। 
ਇਸ ਤੋਂ ਇਲਾਵਾ ਨਹਿਰੂ ਯੁਵਾ ਕੇਂਦਰ ਦੇ ਲੇਖਾਕਾਰ ਗੁਰਦੇਵ ਸਿੰਘ ਨੇ ਆਪਣੇ ਸੰਬੋਧਨ ਵਿੱਚ ਨੌਜਵਾਨਾਂ ਨੂੰ ਜ਼ਿੰਦਗੀ ਦੀਆਂ ਗਤੀਵਿਧੀਆਂ ਦੇ ਨਾਲ-ਨਾਲ ਯੋਗ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾਉਣ ਸਬੰਧੀ ਪ੍ਰੇਰਿਤ ਕੀਤਾ, ਤਾਂ ਜੋ ਉਹ ਸਰੀਰਕ ਤੇ ਮਾਨਸਿਕ ਤੌਰ ਤੇ ਸਿਹਤਮੰਦ ਰਹਿ ਕੇ ਦੇਸ਼ ਦੀ ਤਰੱਕੀ ਵਿੱਚ ਸਹਿਯੋਗ ਦੇ ਸਕਣ। ਉਨ੍ਹਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਸਵੱਛ ਭਾਰਤ ਮੁਹਿੰਮ ਨੂੰ ਸਫਲ ਬਣਾਉਣ ਲਈ ਵੀ ਪ੍ਰੇਰਿਤ ਕੀਤਾ । 
ਇਸ ਮੌਕੇ ਇੰਚਾਰਜ ਟ੍ਰੈਫ਼ਿਕ ਸਿੱਖਿਆ ਸੈੱਲ ਸ੍ਰੀ. ਬਲਦੇਵ ਕ੍ਰਿਸ਼ਨ , ਗੁਰਮੇਜ ਸਿੰਘ, ਸ਼ਬਨਮ ਬਾਨੂੰ, ਸਰਪੰਚ ਸਤਪਾਲ ਸਿੰਘ, ਜਗਜੀਤ ਸਿੰਘ, ਹਰਸਿਮਰਨ ਬਾਠ, ਗੁਰਿੰਦਰ ਗਿੱਲ ਸਮੇਤ ਵੱਖ-ਵੱਖ ਕਲੱਬਾਂ ਦੇ 100 ਤੋਂ ਵੱਧ ਕਲੱਬ ਪ੍ਰਧਾਨ ਅਤੇ ਮੈਂਬਰ ਵੀ  ਮੌਜੂਦ ਸਨ। 

Related Articles

Back to top button