Ferozepur News

ਮਿਲਾਵਟਖੋਰੀ ਨੂੰ ਰੋਕਣ ਲਈ ਚੁੱਕੇ ਜਾਣ ਵਿਸ਼ੇਸ਼ ਕਦਮ-ਆਹਲੂਵਾਲੀਆਂ

ਫ਼ਿਰੋਜ਼ਪੁਰ 15 ਸਤੰਬਰ 2018 ( ) ਮੈਂਬਰ ਪਸ਼ੂ ਪਾਲਨ ਵੈੱਲਫੇਅਰ ਬੋਰਡ ਭਾਰਤ ਸਰਕਾਰ ਸ੍ਰੀ ਮੋਹਨ ਸਿੰਘ ਆਹਲੂਵਾਲੀਆਂ ਨੇ ਅੱਜ ਸਰਕਟ ਹਾਊਸ ਫ਼ਿਰੋਜ਼ਪੁਰ ਵਿਖੇ ਜ਼ਿਲ੍ਹੇ ਦੀਆਂ ਗਊਸ਼ਾਲਾਵਾਂ ਅਤੇ ਗੈਰ ਸਮਾਜਿਕ ਜਥੇਬੰਦੀਆਂ ਦੇ ਕਾਰਕੂੰਨਾਂ ਨਾਲ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਸਮੇਤ ਖਾਣ ਪੀਣ ਦੀਆਂ ਵਸਤਾਂ ਵਿਚ ਮਿਲਾਵਟ ਖੋਰੀ ਰੋਕਣ ਲਈ ਮੀਟਿੰਗ ਕੀਤੀ।

ਸ੍ਰੀ. ਮੋਹਨ ਸਿੰਘ ਆਹਲੂਵਾਲੀਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੰਜਾਬ ਦੌਰੇ ਦਾ ਮੰਤਵ ਜ਼ਹਿਰ ਮੁਕਤ ਪੰਜਾਬ ਤਹਿਤ ਦੁੱਧ 'ਚ ਮਿਲਾਵਟ ਨੂੰ ਰੋਕਣ ਲਈ ਠੋਸ ਕਦਮ ਚੁੱਕਣਾ, ਨੌਜੁਆਨਾਂ 'ਚ ਪਸ਼ੂ ਪਾਲਣ ਪ੍ਰਤੀ ਉਤਸ਼ਾਹ ਪੈਦਾ ਕਰਨਾ ਅਤੇ ਦੁੱਧ ਦੇ ਸਿੱਧੇ ਮੰਡੀਕਰਨ ਦੀਆਂ ਸੰਭਾਵਨਾਵਾਂ ਨੂੰ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸ਼ੁੱਧ ਦੁੱਧ ਦੀ ਪੈਦਾਵਾਰ ਲਈ ਜਿੱਥੇ ਪਸ਼ੂ ਪਾਲਣ ਤੇ ਡੇਅਰੀ ਦੇ ਕਿੱਤੇ ਨੂੰ ਸਨਮਾਨ ਦੀਆਂ ਨਜ਼ਰਾਂ ਨਾਲ ਦੇਖਣ ਦੀ ਲੋੜ ਹੈ, ਉੱਥੇ ਮਿਲਾਵਟ ਰਹਿਤ ਦੁੱਧ ਲਈ ਸਹੀ ਮੁੱਲ ਦੇਣ ਦੀ ਵੀ ਲੋੜ ਹੈ। 

ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਪਸ਼ੂਆਂ ਅਤੇ ਇਨ੍ਹਾਂ ਦੇ ਪਾਲਕਾਂ ਸਬੰਧੀ ਆਪਣੀ ਸੋਚ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਖਾਣ ਵਾਲੀਆਂ ਵਸਤੂਆਂ ਦੀ ਚੈਕਿੰਗ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਹੈ। ਇਸੇ ਅਣਗਹਿਲੀ ਕਾਰਨ ਹੀ ਅਸੀਂ ਸ਼ੂਗਰ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਾਂ। ਉਨ੍ਹਾਂ ਕਿਹਾ ਕਿ ਚੰਗੀ ਸਿਹਤ ਅਤੇ ਬਿਹਤਰ ਭਵਿੱਖ ਦੀ ਪ੍ਰਾਪਤੀ ਦੁੱਧ ਉਤਪਾਦਕਾਂ ਦੇ ਹੌਂਸਲੇ ਵਧਾ ਕੇ ਅਤੇ ਮਿਲਾਵਟਖੋਰੀ ਨੂੰ ਖ਼ਤਮ ਕਰਕੇ ਹੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ 25 ਸਾਲ ਪਹਿਲਾਂ ਤਿੰਨ ਘਰਾਂ ਪਿੱਛੇ ਇੱਕ ਘਰ ਵਿੱਚ ਪਾਲਤੂ ਪਸ਼ੂ ਜ਼ਰੂਰ ਮਿਲ ਜਾਂਦਾ ਸੀ ਉੱਥੇ ਹੁਣ ਇਹ ਬਦਕਿਸਮਤੀ ਹੈ ਕਿ ਪੰਜਾਹ ਘਰਾਂ ਪਿੱਛੇ ਵੀ ਕੋਈ ਪਸ਼ੂ ਨਹੀਂ ਮਿਲਦਾ। 

ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਵਜੋਂ ਦੁੱਧ ਉਤਪਾਦਕਾਂ ਨੂੰ ਜੋੜਨ ਦੇ ਉਪਰਾਲੇ ਕਰਨ ਦੀ ਗੱਲ ਕਰਦਿਆਂ ਸ੍ਰੀ ਆਹਲੂਵਾਲੀਆ ਨੇ ਕਿਹਾ ਕਿ ਜੋ ਲੋਕ ਪਸ਼ੂ ਪਾਲਕ ਦੇ ਧੰਦੇ ਨਾਲ ਜੁੜੇ ਹੋਏ ਹਨ ਜਾਂ ਜੁੜਨਾ ਚਾਹੁੰਦੇ ਹਨ ਉਨ੍ਹਾਂ ਨੂੰ ਵਿਸ਼ੇਸ਼ ਮਾਨ-ਸਨਮਾਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਦੁੱਧ ਉਤਪਾਦਕ ਬਿਨਾ ਮਿਲਾਵਟਖੋਰੀ ਤੋ ਵਧੀਆ ਕੰਮ ਕਰ ਰਹੇ ਹਨ ਉਨ੍ਹਾਂ ਨੂੰ 26 ਜਨਵਰੀ ਅਤੇ 15 ਅਗਸਤ ਨੂੰ ਹੋਣ ਵਾਲੇ ਵਿਸ਼ੇਸ਼ ਸਮਾਗਮਾਂ ਦੌਰਾਨ ਸਨਮਾਨਿਤ ਕਰਨਾ ਵੀ  ਯਕੀਨੀ ਬਣਾਇਆ ਜਾਵੇ। ਇਸ ਨਾਲ ਜਿੱਥੇ ਦੁੱਧ ਉਤਪਾਦਕਾਂ ਵਿੱਚ ਖ਼ੁਸ਼ੀ ਦੀ ਲਹਿਰ ਪੈਦਾ ਹੋਵੇਗੀ ਉੱਥੇ ਮਿਲਾਵਟ ਖੋਰੀ ਨੂੰ ਵੀ ਨੱਥ ਪਾਈ ਜਾ ਸਕੇਗੀ।

ਇਸ ਮੌਕੇ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਭੁਪਿੰਦਰ ਸਿੰਘ, ਫੂਡ ਸੇਫ਼ਟੀ ਮਨਜਿੰਦਰ ਸਿੰਘ, ਡਾ. ਗੁਰਮੇਜ਼ ਰਾਮ ਗੋਰਾਇਆ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Related Articles

Back to top button