ਮਾਲ ਰੋਡ ਤੋ ਦਸੰਬਰ ਤੋਂ ਸ਼ੁਰੂ ਹੋਵੇਗਾ ਰਾਹਗੀਰੀ ਈਵੈਂਟ, ਹਰੇਕ ਸ਼ੁੱਕਰਵਾਰ ਨੂੰ ਕਲਾ ਦਿਖਾਉਣਗੇ ਵਿਦਿਆਰਥੀ
ਮਾਲ ਰੋਡ ਤੋ ਦਸੰਬਰ ਤੋਂ ਸ਼ੁਰੂ ਹੋਵੇਗਾ ਰਾਹਗੀਰੀ ਈਵੈਂਟ, ਹਰੇਕ ਸ਼ੁੱਕਰਵਾਰ ਨੂੰ ਕਲਾ ਦਿਖਾਉਣਗੇ ਵਿਦਿਆਰਥੀ
ਜ਼ਿਲ੍ਹੇ ਦੇ ਬੱਚਿਆਂ ਨੂੰ ਆਪਣੀ ਕਲਾ ਨੂੰ ਪਲੇਟਫ਼ਾਰਮ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਨੇ ਕੀਤੀ ਅਨੋਖੀ ਪਹਿਲ, ਲੋਕਾਂ ਤੋਂ ਮੰਗੇ ਸੁਝਾਅ
ਫ਼ਿਰੋਜ਼ਪੁਰ 25 ਨਵੰਬਰ 2019 ( ) ਜ਼ਿਲ੍ਹੇ ਦੇ ਬੱਚਿਆਂ ਵਿਚ ਆਪਣੀ ਛੁਪੀ ਹੋਈ ਕਲਾ (ਟੇਲੈਂਟ) ਨੂੰ ਅੱਗੇ ਲੈ ਕੇ ਆਉਣ ਲਈ ਪਲੇਟਫ਼ਾਰਮ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜ਼ਿਲ੍ਹੇ ਵਿਚ ਅਗਲੇ ਮਹੀਨੇ ਤੋਂ ਰਾਹਗੀਰੀ ਈਵੈਂਟ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਈਵੈਂਟ ਨੂੰ "ਫ਼ਿਰੋਜ਼ਪੁਰ ਆਈਡਲ ਐਟ ਰਾਹਗੀਰੀ" ਦਾ ਨਾਮ ਦਿੱਤਾ ਗਿਆ ਹੈ, ਜੋ ਕਿ ਹਰੇਕ ਸ਼ੁੱਕਰਵਾਰ ਨੂੰ ਆਯੋਜਿਤ ਕੀਤਾ ਜਾਵੇਗਾ। ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦੱਸਿਆ ਕਿ ਇਸ ਪ੍ਰੋਗਰਾਮ ਲਈ ਡੀਸੀ ਦੇ ਨਿਵਾਸ ਸਥਾਨ ਤੋਂ ਲੈ ਕੇ ਸਾਰਾਗੜ੍ਹੀ ਮੈਮੋਰੀਅਲ ਤੱਕ ਮਾਲ ਰੋਡ ਮੁਹੱਈਆ ਕਰਵਾਈ ਜਾਵੇਗੀ, ਜਿੱਥੇ ਦੋਨਾਂ ਤਰਫ਼ ਵੱਖ ਵੱਖ ਪ੍ਰੋਗਰਾਮ ਚੱਲਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਹਰੇਕ ਸ਼ੁੱਕਰਵਾਰ ਨੂੰ ਸ਼ਾਮ 4 ਵਜੋਂ ਤੋਂ 6 ਵਜੇ ਤੱਕ ਇਹ ਈਵੈਂਟ ਹੋਵੇਗਾ, ਜਿਸ ਵਿਚ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਵਿਚ ਪੇਂਟਿੰਗ, ਸਿੰਗਿਗ, ਡਾਂਸਿੰਗ, ਸਪੋਰਟਸ ਈਵੈਂਟਸ ਸਮੇਤ ਕਈ ਹੋਰ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਖ਼ਾਸੀਅਤ ਇਹ ਹੋਵੇਗੀ ਕਿ ਇਸ ਵਿਚ ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਹੋਣਗੀਆਂ ਜਿਸ ਵਿਚ ਬੱਚਿਆਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲੇਗਾ। ਆਮ ਤੌਰ ਤੇ ਬੱਚਿਆਂ ਨੂੰ ਆਪਣੀ ਛਿਪੀ ਹੋਈ ਕਲਾ ਦਿਖਾਉਣ ਦਾ ਮੌਕਾ ਨਹੀਂ ਮਿਲਦਾ ਇਹ ਉਨ੍ਹਾਂ ਬਚਿਆਂ ਲਈ ਇੱਕ ਸੁਨਹਿਰੀ ਮੌਕਾ ਹੋਵੇਗਾ। ਸ਼ਹਿਰ ਦੇ ਲੋਕਾਂ ਸਾਹਮਣੇ ਉਹ ਆਪਣੀ ਕਲਾ ਦਿਖਾ ਪਾਉਣਗੇ ਅਤੇ ਇਨ੍ਹਾਂ ਬੱਚਿਆਂ ਨੂੰ ਅੱਗੇ ਵਧਣ ਵਿਚ ਸਹਾਇਤਾ ਵੀ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਇਹ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਖੁੱਲ ਕੇ ਆਪਣਾ ਸਹਿਯੋਗ ਦੇਣ ਲਈ ਕਿਹਾ ਅਤੇ ਨਾਲ ਹੀ ਉਨ੍ਹਾਂ ਦੇ ਸੁਝਾਅ ਵੀ ਮੰਗੇ। ਉਨ੍ਹਾਂ ਕਿਹਾ ਕਿ ਲੋਕ ਆਪਣੇ ਸੁਝਾਅ ਡਿਪਟੀ ਦਫ਼ਤਰ ਵਿਖੇ ਉਨ੍ਹਾਂ ਦੇ ਪੀਏ ਕੋਲ ਲਿਖਤੀ ਜਾ ਮੋਖਿਰ ਰੂਪ ਵਿਚ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਪੱਕੇ ਤੌਰ ਤੇ ਚਲਾਇਆ ਜਾਵੇਗਾ। ਸ਼ਹਿਰ ਦੇ ਲੋਕ ਹਰ ਸ਼ੁੱਕਰਵਾਰ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਮਾਲ ਰੋਡ ਦੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਣਗੇ।