Ferozepur News
ਮਾਪਿਆਂ ਨੇ ਸਕੂਲ ਖੁੱਲ੍ਹਣ ਦਾ ਕੀਤਾ ਭਰਵਾਂ ਸਵਾਗਤ, ਸਕੂਲ ਮੁਖੀਆਂ ਨੇ ਬੱਚਿਆਂ ਨੂੰ ਕਿਹਾ ‘ਜੀ ਆਇਆਂ ਨੂੰ’
ਸਕੂਲਾਂ ਦੇ ਵਿਹੜਿਆਂ ਅਤੇ ਜਮਾਤਾਂ ਵਿੱਚ ਪਰਤੀਆਂ ਰੌਣਕਾਂ
ਮਾਪਿਆਂ ਨੇ ਸਕੂਲ ਖੁੱਲ੍ਹਣ ਦਾ ਕੀਤਾ ਭਰਵਾਂ ਸਵਾਗਤ
ਸਕੂਲ ਮੁਖੀਆਂ ਨੇ ਬੱਚਿਆਂ ਨੂੰ ਕਿਹਾ ‘ਜੀ ਆਇਆਂ ਨੂੰ’
ਸਕੂਲਾਂ ਦੇ ਵਿਹੜਿਆਂ ਅਤੇ ਜਮਾਤਾਂ ਵਿੱਚ ਪਰਤੀਆਂ ਰੌਣਕਾਂ
ਫਿਰੋਜ਼ਪੁਰ 7 ਜਨਵਰੀ, 2021 ( )
ਮਾਰਚ, 2020 ਤੋਂ ਕੋਵਿਡ ਕਾਰਨ ਬੰਦ ਰਹੇ ਸਮੂਹ ਸਕੂਲਾਂ ਨੂੰ 7 ਜਨਵਰੀ ਤੋਂ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਨੂੰ ਵੀ ਖੋਲ੍ਹੇ ਗਏ ਹਨ। ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤਾਂ ਦੇ ਵਿਦਿਆਰਥੀ ਪਹਿਲਾਂ ਹੀ ਸਕੂਲਾਂ ਵਿੱਚ ਆ ਕੇ ਪੜ੍ਹਾਈ ਕਰ ਰਹੇ ਹਨ ਪਰ ਹੁਣ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਨਾਲ-ਨਾਲ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਅਧਿਆਪਕ ਵੀ ਸਵੇਰੇ 10 ਵਜੇ ਤੋਂ 3 ਵਜੇ ਤੱਕ ਸਕੂਲਾਂ ਵਿੱਚ ਆਪਣੀ ਡਿਊਟੀ ‘ਤੇ ਹਾਜ਼ਰ ਹੋ ਗਏ ਹਨ।
ਇਸ ਸਬੰਧੀ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਵੱਲੋਂ ਜਾਰੀ ਬਿਆਨ ਦਾ ਸੁਹਿਰਦ ਮਾਪਿਆਂ, ਸਕੂਲਾਂ ਦੇ ਮੁਖੀਆਂ ਅਤੇ ਸਿੱਖਿਆ ਸਾਸ਼ਤਰੀਆਂ ਨੇ ਸਵਾਗਤ ਕੀਤਾ ਹੈ। ਲਗਭਗ 290 ਦਿਨਾਂ ਤੋਂ ਵੱਧ ਆਲ਼ੇ-ਭੋਲ਼ਿਆਂ ਤੋਂ ਦੂਰ ਰਹੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੇ ਕੋਵਿਡ ਨਿਯਮਾਂ ਅਤੇ ਹਦਾਇਤਾਂ ਦੀ ਪਾਲਣਾ ਕਰਦਿਆਂ ਉਹਨਾਂ ਦਾ ਨਿੱਘਾ ਸਵਾਗਤ ਕਰਦਿਆਂ ਜੀ ਆਇਆਂ ਕਿਹਾ।
ਸਰਕਾਰੀ ਪ੍ਰਾਇਮਰੀ ਮਾਡਲ ਸਕੂਲ ਫਿਰੋਜ਼ਪੁਰ ਦੇ ਸੈਂਟਰ ਹੈੱਡ ਟੀਚਰ ਜਸਵਿੰਦਰ ਕੌਰ ਨੇ ਕਿਹਾ ਕਿ ਭਾਵੇ ਸਰਕਾਰੀ ਸਕੂਲਾਂ ਦੇ ਅਧਿਆਪਕ ਆਨਲਾਈਨ ਵੀ ਬਹੁਤ ਵਧੀਆ ਪੜ੍ਹਾ ਰਹੇ ਹਨ ਪਰ ਸਾਲਾਨਾ ਇਮਤਿਹਾਨ ਨਜ਼ਦੀਕ ਆ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਲ਼ਿਖਣ ਦਾ ਅਭਿਆਸ ਵੀ ਕਰਵਾਉਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਪੰਜਵੀਂ ਤੋਂ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀ ਬਹੁਤ ਹੀ ਸਿਆਣਪ ਨਾਲ ਆਪਣੇ ਸਕੂਲਾਂ ਵਿੱਚ ਆ ਕੇ ਪੜ੍ਹਾਈ ਨੂੰ ਕਰਣਗੇ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੂੰਬੜੀ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪੜ੍ਹਦੇ ਬੱਚੀ ਨਵਜੋਤ ਕੌਰ ਜਮਾਤ ਅੱਠਵੀਂ ਦੇ ਪਿਤਾ ਪ੍ਰਤਾਪ ਸਿੰਘ ਨੇ ਕਿਹਾ ਕਿ ਸਕੂਲ ਮੁਖੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਵੀ ਕੀਤਾ ਗਿਆ। ਸਿੱਖਿਆ ਵਿਭਾਗ ਵੱਲੋਂ ਨਿਰੰਤਰ ਕੀਤੀ ਜਾ ਰਹੀ ਨਿਗਰਾਨੀ ਅਤੇ ਜਾਗਰੂਕਤਾ ਨੂੰ ਮਾਪਿਆਂ ਨੇ ਸਰਾਹਿਆ। ਮਾਪਿਆਂ ਨੇ ਵਾਰ-ਵਾਰ ਮੰਗ ਕੀਤੀ ਸੀ ਕਿ ਸਕੂਲਾਂ ਬੱਚਿਆਂ ਦੇ ਬੋਰਡ ਦੇ ਇਮਤਿਹਾਨ ਹਨ ਅਤੇ ਅਧਿਆਪਕਾਂ ਵੱਲੋਂ ਸਕੂਲ ਵਿੱਚ ਬੱਚਿਆਂ ਦੀ ਪੜ੍ਹਾਈ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।
ਸਰਕਾਰੀ ਪ੍ਰਾਇਮਰੀ ਸਕੂਲ ਤੂਤ ਵਿਖੇ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਕੋਰੋਨਾ ਕਾਰਨ ਭਾਵੇ ਅਹਿਤਿਆਤ ਵਰਤਦਿਆਂ ਸਕੂਲ ਬੰਦ ਕੀਤੇ ਹੋਏ ਸਨ ਪਰ ਹੁਣ ਅਨਲਾਕ ਪ੍ਰਕਿਰਿਆ ਦੌਰਾਨ ਉਹ ਵੀ ਚਾਹੁੰਦੇ ਹਨ ਕਿ ਉਹਨਾਂ ਦੇ ਬੱਚੇ ਸਕੂਲ ਜਾਣ। ਉਹ ਆਪਣੇ ਬੱਚਿਆਂ ਨੂੰ ਮਾਸਕ ਲਗਵਾ ਕੇ ਅਤੇ ਲੋੜੀਂਦੀਆਂ ਹਦਾਇਤਾਂ ਦੇ ਕੇ ਸਕੂਲ ਭੇਜਣਗੇ ਤਾਂ ਜੋ ਮੌਜੂਦਾ ਸਥਿਤੀ ਨਾਲ ਨਿਪਟਿਆ ਜਾ ਸਕੇ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜੀਦਪੁਰ ਦੇ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਸਕੂਲ ਦੇ ਬੱਚਿਆਂ ਨੂੰ ਆਪਣੇ ਬੱਚਿਆਂ ਤੋਂ ਵੱਧ ਸਮਝਦੇ ਹਨ। ਸਕੂਲ ਵਿੱਚ ਕੋਵਿਡ ਸਬੰਧੀ ਜਾਰੀ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਉਹ ਪਹਿਲਾਂ ਵੀ ਕਰ ਰਹੇ ਹਨ ਅਤੇ ਜਿਹੜੇ ਬੱਚੇ ਨਵੇਂ ਹੁਕਮਾਂ ਅਨੁਸਾਰ ਮੁੜ ਦੁਬਾਰਾ ਸਕੂਲ ਆਉਣਾ ਸ਼ੁਰੂ ਕਰਣਗੇ ਉਹਨਾਂ ਨੂੰ ਵੀ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਜਾਣੂੰ ਕਰਵਾਉਣਗੇ।
ਸਮਾਜਸੇਵੀ ਸੰਸਥਾ ਸ਼੍ਰੀ ਨੀਲਕੰਠ ਮਹਾਂਦੇਵ ਸੇਵਾ ਸਮਿਤੀ ਫਿਰੋਜ਼ਪੁਰ ਦੇ ਪ੍ਰਧਾਨ ਅਸ਼ੋਕ ਕੁਮਾਰ ਰਿੰਪੀ ਨੇ ਕਿਹਾ ਕਿ ਪੰਜਾਬ ਵਿੱਚ ਬੱਚੇ ਸਰਵਜਨਿਕ ਸਥਾਨਾਂ ‘ਤੇ ਅਤੇ ਹੋਰ ਕਾਰਜਾਂ ਵਿੱਚ ਆਪਣੇ ਮਾਤਾ-ਪਿਤਾ ਅਤੇ ਸਕੇ ਸਬੰਧੀਆਂ ਨਾਲ ਆ ਜਾ ਰਹੇ ਹਨ। ਪਰ ਇਸ ਨਾਲੋਂ ਵੀ ਜ਼ਰੂਰੀ ਹੈ ਬੱਚਿਆਂ ਦੀ ਸਿੱਖਿਆ। ਅਧਿਆਪਕ ਬਹੁਤ ਹੀ ਮਿਹਨਤ ਨਾਲ ਬੱਚਿਆਂ ਨੂੰ ਸਕੂਲਾਂ ਵਿੱਚ ਪੜ੍ਹਾਉਂਦੇ ਹਨ। ਉਹਨਾਂ ਨੂੰ ਵਿਸ਼ਵਾਸ ਹੈ ਕਿ ਇਸ ਸਮੇਂ ਉਹ ਬਹੁਤ ਜਿਆਦਾ ਅਹਿਤਿਆਤ ਵਰਤ ਕੇ ਬੱਚਿਆਂ ਨੂੰ ਇਮਤਿਹਾਨਾਂ ਦੇ ਦਿਨਾਂ ਵਿੱਚ ਪੜ੍ਹਾਉਣਗੇ ਅਤੇ ਕੋਵਿਡ ਯੋਧੇ ਬਣ ਕੇ ਇਸ ਚੁਣੌਤੀ ਦਾ ਵੀ ਸਾਹਮਣਾ ਕਰਣਗੇ।