Ferozepur News

ਮਾਪਿਆਂ ਦੇ ਅਰਮਾਨ ਨੂੰ ਨਿਰਾਸ਼ਾ ‘ਚ ਪਲਟ ਸਕਦਾ ਹੈ ਮੌਜੂਦਾ ਸੱਭਿਆਚਾਰਕ ਹਮਲਾ :ਵਿਜੈ ਗਰਗ

Ferozepur, March 6, 2017 : ਆਪਣੇ ਬੱਚਿਆਂ ਨੂੰ ਲੈ ਕੇ ਹਰ ਮਾਂ-ਬਾਪ ਦੀ ਇੱਕ ਆਦਰਸ਼ਕ ਸੋਚ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਕੀ ਅਤੇ ਕਿਹੋ ਜਿਹਾ ਦੇਖਣਾ ਚਾਹੁੰਦੇ ਹਨ।  ਬੱਚਿਆਂ ਬਾਰੇ ਅਜਿਹੀ ਸੋਚ ਰੱਖਣੀ ਕੋਈ ਬੁਰੀ ਗੱਲ ਨਹੀਂ ਪਰ ਹਰ ਆਦਰਸ਼ ਤੱਕ ਅੱਪੜਨ ਦਾ ਰਾਹ ਰੇਲ ਦੀ ਪੱਟੜੀ ਜਿਹਾ ਵੀ ਨਹੀਂ ਹੁੰਦਾ, ਸਮਾਂ ਇਹਦੇ ਰਾਹਾਂ ‘ਚ ਨਵੀਆਂ ਚੁਣੌਤੀਆਂ ਤੇ ਅਡਿੱਕੇ ਡਾਹੁੰਦਾ ਰਹਿੰਦਾ ਹੈ। ਇਹਨਾਂ ਚੁਣੌਤੀਆਂ ਨੂੰ ਮੁਖਾਤਿਬ ਹੋਏ ਬਗੈਰ ਅਸੀਂ ਆਦਰਸ਼ਾਂ ਨੂੰ ਹਾਸਲ ਨਹੀਂ ਕਰ ਸਕਦੇ। ਅੱਜ ਹਰ ਪਰਿਵਾਰ ‘ਚ ਆਪਣੇ ਬੱਚਿਆਂ ਦਾ ‘ਭਵਿੱਖ ਬਣਾਉਣ’ ਦੀ ਹੋੜ ਏਨੀ ਪ੍ਰਬਲ ਹੈ ਕਿ ‘ਅਰਜਨ ਨੂੰ ਚਿੜੀ ਦੀ ਅੱਖ ਵਾਂਗ’ ਉਨ੍ਹਾਂ ਨੂੰ ਹੋਰ ਕੁਝ ਦਿਖਾਈ ਹੀ ਨਹੀਂ ਦਿੰਦਾ, ਪਰ ਜੀਵਨ ਦੇ ਕਿਸੇ ਵੀ ਟੀਚੇ ਨੂੰ, ਜੇਕਰ ਸਮੇਂ ਦੇ ਬਾਕੀ ਸਮਾਜਿਕ-ਸੱਭਿਆਚਾਰਕ ਸੰਦਰਭ ਨਾਲੋਂ, ਇੰਝ ਕੱਟ ਕੇ ਦੇਖਿਆ ਜਾਵੇਗਾ ਤਾਂ ਪੂਰੀ ਸੰਭਾਵਨਾ ਹੈ ਕਿ ਸਾਡੇ ਉੱਚੇ ਆਦਰਸ਼ ਘੋਰ ਨਿਰਾਸ਼ਾ ਵਿੱਚ ਬਦਲ ਸਕਦੇ ਹਨ।

ਇਸ ਖਤਰੇ ਦੀ ਗੰਭੀਰਤਾ ਦਾ ਅਹਿਸਾਸ ਉਦੋਂ ਹੋਇਆ ਜਦੋ ਇੱਕ ਤੀਜੀ ਕਲਾਸ ‘ਚ ਪੜ੍ਹਦਾ ਬੱਚਾ ਇੱਕ ਕੁੜੀ ਨੂੰ, ਇੱਕ ਕਾਗਜ ਦੇ ਟੁਕੜੇ ‘ਤੇ ‘ਆਈ ਲਵ ਯੂ’ ਵਾਰ-ਵਾਰ ਲਿਖਕੇ ਦੇ ਰਿਹਾ ਸੀ। ਏਨੀ ਛੋਟੀ ਉਮਰ ‘ਚ ਅਜਿਹੀਆਂ ਰੁਚੀਆਂ ਦੀ ਫਿਕਰਮੰਦੀ ਨੇ ਬੱਚੇ ਦੇ ਪੂਰੇ ਮਾਹੌਲ ਨੂੰ ਜਾਨਣ ਦੀ ਲੋੜ ਬਣਾ ਦਿੱਤੀ। ਉਸਦੀਆਂ ਕਾਪੀਆਂ-ਕਿਤਾਬਾਂ ਅਤੇ ਆਲ਼ਾ-ਦੁਆਲਾ ਚੈਕ ਕਰਨ ਉਪਰੰਤ ਕੁਝ ਹੋਰ ਅਜਿਹੀ ਸ਼ਬਦਾਵਲੀ ਵੀ ਹੱਥ ਲੱਗੀ, ਜਿਸਦਾ ਇਸ ਉਮਰ-ਵਰਗ ਨਾਲ਼ ਕੋਈ ਵੀ ਲੈਣਾ-ਦੇਣਾ ਨਹੀਂ ਬਣਦਾ ਸੀ। ਇਸ ਗੱਲ ਦੀ ਪੈੜ ਨੱਪਦਿਆਂ, ਬੱਚੇ ਨੂੰ ਭਰੋਸੇ ਵਿੱਚ ਲੈ ਕੇ, ਉਹਦੇ ਪਰਿਵਾਰਕ ਹਾਲਾਤ ਜਾਨਣ ਦੀ ਲੋੜ ਪਈ ਤਾਂ ਪਤਾ ਲੱਗਿਆ ਕਿ ਬੱਚੇ ਦਾ ਇੱਕ ਵੱਡਾ ਭਰਾ ਹੈ ਕਿਸ਼ੋਰ ਉਮਰ ਦਾ। ਉਹ ਆਪਣੇ ਸਮਾਰਟਫੋਨ ਰਾਹੀਂ ਕਿਸੇ ਲੜਕੀ ਨੂੰ ‘ਆਈ ਲਵ ਯੂ’ ਬੋਲਦਾ ਰਹਿੰਦਾ ਹੈ। ਇਨ੍ਹਾ ਲਾਈਨਾਂ ਨੂੰ ਬੱਚਾ ਕਿਤੇ ਲਿਖਿਆਂ ਹੋਇਆਂ ਵੀ ਦੇਖਦਾ ਰਹਿੰਦਾ ਹੈ। ਗੇਮਾਂ ਖੇਡਣ ਕਾਰਨ ਇਹ ਸਮਾਰਟਫੋਨ ਅਕਸਰ ਹੀ ਬੱਚੇ ਦੇ ਹੱਥਾਂ ‘ਚ ਵੀ ਰਹਿੰਦਾ ਹੈ। ਬੱਚਾ ਵੀ ਇਸ ਸਮਾਰਟਫੋਨ ਦੇ ਬਹੁਤ ਸਾਰੇ ਫੰਕਸ਼ਨਾਂ ਤੋਂ ਵਾਕਿਫ ਹੈ, ਇਸ ਲਈ ਉਹ ਸਿਰਫ਼ ਗੇਮਾਂ ਹੀ ਨਹੀਂ ਖੇਡਦਾ ਬਲਕਿ ਫੋਨ ਵਿਚਲੀਆਂ ਕੁੱਝ ਫੋਟੋਆਂ ਤੇ ਵੀਡੀਓ ਦੇ ‘ਭਰਪੂਰ ਖਜਾਨੇ’ ਦੇ ਦਰਸ਼ਨ-ਦੀਦਾਰ ਵੀ ਕਰਦਾ ਰਹਿੰਦਾ ਹੈ।

ਹੋਰ ਪੜਤਾਲ ਕਰਨ ‘ਤੇ ਇਹ ਵੀ ਪਤਾ ਲੱਗਿਆ ਕਿ ਬੱਚੇ ਘਰੇ ਰੋਜ਼ਾਨਾ ਦੋ ਘੰਟੇ ਟੈਲੀਵੀਜ਼ਨ ਅੱਗੇ ਬੈਠਦੇ ਹਨ ਤੇ ਛੁੱਟੀ ਵਾਲੇ ਦਿਨ ਇਹ ਸਮਾਂ ਚਾਰ ਘੰਟੇ ਹੁੰਦਾ ਹੈ। ਪੰਜਾਬੀ ਗੀਤਾਂ ਵਾਲ਼ੇ ਤਿੰਨ ਚੈਨਲ ਇਨ੍ਹਾਂ ਦੀ ਮਨ-ਪਸੰਦ ‘ਤੇ ਲੱਗੇ ਹੋਏ ਹਨ। ਇਸੇ ਬੱਚੇ ਨੂੰ ਪੂਰੇ ਭਰੋਸੇ ਵਿੱਚ ਲੈ ਕੇ ਜਦੋਂ ਕੋਈ ਗੀਤ ਸੁਣਾਉਣ ਲਈ ਕਿਹਾ ਗਿਆ ਤਾਂ ਉਸਨੇ ਅਸਾਨੀ ਨਾਲ਼ ਤਿੰਨ ਪੰਜਾਬੀ ਗੀਤਾਂ ਦੀਆਂ ਕੁਝ-ਕੁਝ ਸਤਰਾਂ ਸੁਣਾਈਆਂ। ਪਹਿਲਾ ਗਾਇਕ ਅੰਮ੍ਰਿਤ ਮਾਨ ਦਾ ਗੀਤ, “ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ, ਮਿੱਤਰਾਂ ਨੇ ਮੁੱਛ ਰੱਖੀਆ” ਦੂਸਰਾ ਦਲਜੀਤ ਦੁਸਾਂਝ ਦਾ, “ਲੈਬਰਗਿਨੀ ‘ਤੇ ਕਿੱਥੇ ਲਾਉਂਦਾ ਫਿਰੇਂ ਗੇੜੀਆਂ, ਜਰੀਆਂ ਨੀ ਜਾਂਦੀਆਂ ਫਰੈਡਾਂ ਮੈਥੋ ਤੇਰੀਆਂ” ਤੇ ਤੀਜਾ ਗਾਇਕ ਜੱਸੀ ਗਿੱਲ ਦਾ, “ਜਿਹੜਾ ਬੰਬ ਸੁੱਟ ਮਾਰਦੂਗਾ ਬੱਲੀਏ, ਤੇਰਾ ਬਾਪੂ ਏ ਲਾਦੇਨ ਤਾਂ ਨਹੀਂ”। ਇਸ ਤੋਂ ਇਲਾਵਾ ਟੈਲੀਵਿਜ਼ਨ ਵਿੱਚ ਚਲਦੀਆਂ ਮਸ਼ਹੂਰੀਆਂ ਤੇ ਇਨ੍ਹਾਂ ਗੀਤਾਂ ਦੇ ਫਿਲਮਾਂਕਣ ਦੌਰਾਨ ਇਹ ਬੱਚਾ ਸੈਂਕੜੇ ਵਾਰ ਬਾਲਗਾਂ ਦਰਮਿਆਨ ਸਰੀਰਕ ਨੇੜਤਾਵਾਂ ਨੂੰ ਵੀ ਦੇਖਦਾ ਹੋਵੇਗਾ।

ਇਹੀ ਬੱਚਾ ਆਪਣੀ ਸਕੂਲ ਵਰਦੀ ਵਾਲੀ ਪੈਂਟ ਨੂੰ ਤੰਗ (ਨੈਰੋ) ਕਰਵਾਉਣ ਦੀ ਮੰਗ ਵੀ ਕਰ ਚੁੱਕਿਆ ਹੈ ਜੋ ਪੂਰੀ ਨਹੀਂ ਹੋ ਸਕੀ। ਇਹ ਆਪਣੇ ਸਿਰ ਦੇ ਵਾਲਾਂ ਦਾ ਸਟਾਈਲ ਆਪਣੇ ਭਰਾ ਦੀ ਤਰ੍ਹਾਂ ਕਰਵਾਉਂਦਾ ਹੈ। ਇਹ ਬੱਚਾ ਕਈ ਤਰ੍ਹਾਂ ਦੇ ਮੇਕ-ਅੱਪ ਦੇ ਸਮਾਨ ਤੋਂ ਵਾਕਿਫ ਹੈ, ਇਹਦੀ ਇਸ ਜਾਣਕਾਰੀ ਦਾ ਸ੍ਰੋਤ ਵੀ ਘਰ ਅਤੇ ਟੈਲੀਵੀਜ਼ਨ ਹੀ ਹੈ। ਸ਼ੁਰੂ-ਸ਼ੁਰੂ ‘ਚ ਇਹ ਬੱਚਾ ਇੱਕ ਗ਼ਾਲ ਵੀ ਕੱਢਿਆ ਕਰਦਾ ਸੀ ਕਿਉਂਕਿ ਇਹੀ ਗ਼ਾਲ ਘਰੇ ਬੱਚੇ ਦਾ ਦਾਦਾ ਕੱਢਦਾ ਰਹਿੰਦਾ ਹੈ।

ਇਸ ਪਰਿਵਾਰ ਦੀਆਂ ਸਮਾਜਿਕ ਸਰਗਰਮੀਆਂ ਬਾਰੇ ਜਾਨਣ ਤੋਂ ਪਤਾ ਚੱਲਿਆ ਕਿ ਬੱਚਾ ਪਰਿਵਾਰ ਨਾਲ਼ ਕਈ ਸਮਾਗਮਾਂ ਵਿੱਚ ਜਾਂਦਾ ਰਹਿੰਦਾ ਹੈ, ਜਿੱਥੇ ਉਹ ਨਵੇਂ-ਨਵੇਂ ਗੀਤਾਂ ‘ਤੇ ਅੱਧ-ਨੰਗੀਆਂ ਆਰਕੈਸਟਰਾ ਨਾਲ਼ ਆਪਣੇ ਹਾਣੀ ਬੱਚਿਆਂ ਦੀ ਉਮਰ ਤੋਂ ਲੈ ਕੇ ਪੰਜਾਹ ਸਾਲ ਦੇ ਬੰਦਿਆਂ ਤੱਕ ਇਕੱਠਿਆਂ ਦੇ ਪੱਬ ਹਿੱਲਦੇ ਦੇਖਦਾ ਹੈ। ਇਨ੍ਹਾ ਸਮਾਗਮਾਂ ‘ਚੋਂ ਹੀ ਉਹ ਖਾਣ-ਪੀਣ ਦੀਆਂ ਗ਼ਲਤ ਆਦਤਾਂ ਅਤੇ ਸ਼ਰਾਬ ਵਰਗੇ ਨਸ਼ੇ ਬਾਰੇ ਆਪਣੀ ਰਾਇ ਬਣਾਉਣੀ ਸ਼ੁਰੂ ਕਰਦਾ ਹੈ।

ਹੁਣ ਸਮਝਣ ਵਾਲ਼ੀ ਗੱਲ ਇਹ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਇਲੈਕਟ੍ਰਾਨਿਕ ਮੀਡੀਆ, ਇੰਟਰਨੈਟ ਤੇ ਸਮਾਰਟਫੋਨਾਂ ਨੇ ਜੀਵਨ ‘ਚ ਜੋ ਗੁਣਾਤਮਕ ਤਬਦੀਲੀ ਲਿਆਂਦੀ ਹੈ, ਬੱਚਿਆਂ ਅਤੇ ਨੌਜਵਾਨਾਂ ‘ਚ ਇਹਦੀ ਸਹੀ ਵਰਤੋਂ ਦੀ ਬਜਾਏ ਦੁਰਵਰਤੋਂ ਜਿਆਦਾ ਹੈ ਅਤੇ ਜ਼ਿਆਦਾਤਾਰ ਲੋਕਾਂ ਨੇ ਇਸ ਹਾਲਤ ਅੱਗੇ ਗੋਡੇ ਟੇਕ ਕੇ ਇਸਨੂੰ ਪ੍ਰਵਾਨ ਕਰ ਲਿਆ ਹੈ। ਇਸ ਤੋਂ ਵੀ ਚਿੰਤਾ ਦੀ ਗੱਲ ਇਹ ਹੈ ਕਿ ਪਰਿਵਾਰਾਂ, ਵਿੱਦਿਅਕ ਅਦਾਰਿਆਂ ਅਤੇ ਅਗਾਂਹਵਧੂ ਸੰਸਥਾਵਾਂ ‘ਚ ਕਿਧਰੇ ਵੀ ਇਹਦੀ ਚਰਚਾ, ਚਿੰਤਾ ਦਿਖਾਈ ਨਹੀਂ ਦਿੰਦੀ। ਸਕੂਲਾਂ ‘ਚ ਉਹੀ ਰੁਟੀਨੀ ਪ੍ਰਾਰਥਨਾ, ਘੋਟਾ-ਮਾਰ ਪੜ੍ਹਾਈ, ਵੱਧ ਨੰਬਰਾਂ ਦੀ ਹੋੜ ਤੇ ਘਿਸੀ-ਪਿਟੀ ਨੈਤਿਕ ਸਿੱਖਿਆ ਮਿਲ਼ ਰਹੀ ਹੈ, ਜੋ ਕਿਸੇ ਵੀ ਤਰ੍ਹਾਂ ਇਸ ਸੱਭਿਆਚਾਰਕ ਹੱਲੇ ਦਾ ਟਾਕਰਾ ਕਰਨ ਦੇ ਸਮਰੱਥ ਨਹੀਂ। ਇਸ ਮਾਰੂ ਸੱਭਿਆਚਾਰਕ ਹਮਲੇ ਦੇ ਟਾਕਰੇ ਲਈ ਇੱਕ ਵੱਡੀ ਜਥੇਬੰਦਕ ਸੱਭਿਆਚਾਰਕ ਮੁਹਿੰਮ ਸਮੇਂ ਦੀ ਲੋੜ ਹੈ ਜੋ ਬਾਲ ਸਾਹਿਤ, ਬਾਲ ਮੈਗਜ਼ੀਨਾਂ, ਖੇਡਾਂ, ਬਾਲ ਫਿਲਮਾਂ ਅਤੇ ਤਰ੍ਹਾਂ-ਤਰ੍ਹਾਂ ਦੇ ਬਾਲ ਸਮਾਗਮਾਂ ਰਾਹੀਂ ਆਮ ਲੋਕਾਂ ਤੱਕ ਪਹੁੰਚ ਕਰੇ ਅਤੇ ਇਸ ਮਾਰੂ ਸੱਭਿਆਚਾਰਕ ਹਨੇਰੀ ਖਿਲਾਫ  ਸਮਝੌਤਾ-ਰਹਿਤ ਜੰਗ ਵਿੱਢੇ, ਨਹੀਂ ਤਾਂ ਪੂਰੀ ਸੰਭਾਵਨਾ ਹੈ ਕਿ ਮਾਪਿਆਂ ਦੇ ਆਪਦੇ ਬੱਚਿਆਂ ਪ੍ਰਤੀ ਉੱਚੇ ਅਰਮਾਨ, ਸਮੇਂ ਦੀ ਇਸ ਹਕੀਕਤ ਨਾਲ ਟਕਰਾ ਕੇ ਕਿਧਰੇ ਬਿਖਰ ਜਾਣਗੇ।

Related Articles

Back to top button