ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਸ਼ਾਂਤੀ ਮਾਰਚ ਆਯੋਜਿਤ
ਫ਼ਿਰੋਜ਼ਪੁਰ, 2 ਅਕਤੂਬਰ 2018( Harish Monga ) ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ 149ਵੇਂ ਜਨਮ ਦਿਵਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਐਨ.ਸੀ.ਸੀ ਦੇ ਕੈਡਟਾਂ ਵੱਲੋਂ ਜ਼ਿਲ੍ਹਾ ਪੱਧਰ ਤੇ ਸ਼ਾਂਤੀ ਮਾਰਚ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਡਿਪਟੀ ਕਮਿਸ਼ਨਰ ਸ੍ਰੀ ਬਲਵਿੰਦਰ ਸਿੰਘ ਧਾਲੀਵਾਲ ਨੇ ਝੰਡੀ ਵਿਖਾ ਕੇ ਗੁਰਦੁਆਰਾ ਸਾਰਾਗੜ੍ਹੀ ਤੋਂ ਰਵਾਨਾ ਕੀਤਾ। ਇਸ ਮੌਕੇ ਸ.ਗੁਰਮੀਤ ਸਿੰਘ ਮੁਲਤਾਨੀ ਵਧੀਕ ਡਿਪਟੀ ਕਮਿਸ਼ਨਰ(ਜ), ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਨੇਕ ਸਿੰਘ ਵੀ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ.ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਰੈਲੀ ਰਾਹੀਂ ਨੌਜਵਾਨਾਂ ਨੂੰ ਸਵੱਛਤਾ, ਸ਼ਾਂਤੀ, ਅਤੇ ਅਹਿੰਸਾ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਵੱਲੋਂ ਆਪਣੇ ਜੀਵਨ ਵਿਚ ਸਵੱਛਤਾ ਤੇ ਬਹੁਤ ਮਹੱਤਵ ਦਿੱਤਾ ਗਿਆ ਸੀ। ਅੱਜ ਵੀ ਸਾਨੂੰ ਵਰਤਮਾਨ ਹਾਲਤਾਂ ਸਮੇਂ ਸਵੱਛਤਾ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਉਨ੍ਹਾਂ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਸਵੱਛਤਾ ਪ੍ਰਤੀ ਆਪਣੇ ਆਪ ਨੂੰ ਸਮਰਪਿਤ ਕਰਦੇ ਹੋਏ ਨਾ ਕੇਵਲ ਆਪਣੀ ਸਗੋਂ ਆਪਣੇ ਆਲ਼ੇ ਦੁਆਲੇ ਦੀ ਸਵੱਛਤਾ ਦਾ ਵੀ ਸੰਕਲਪ ਲਈਏ। ਇਸ ਮੌਕੇ ਤੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ, ਅਧਿਆਪਕ ਅਤੇ ਇਲਾਕਾ ਨਿਵਾਸੀ ਵੀ ਹਾਜਰ ਸਨ।