Ferozepur News
ਮਯੰਕ ਫਾਊਂਡੇਸ਼ਨ ਨੇ ਹੈਲਮੇਟ ਵੰਡ ਕੇ ਮਨਾਈ ਦੀਵਾਲੀ
ਆਉਣ ਵਾਲੇ ਧੁੰਦਲੇ ਦਿਨਾਂ ਵਿੱਚ ਚਲਾਈ ਜਾਵੇਗੀ ਰਿਫਲੈਕਟਰ ਮੁਹਿੰਮ : ਦੀਪਕ ਸ਼ਰਮਾ
ਮਯੰਕ ਫਾਊਂਡੇਸ਼ਨ ਨੇ ਹੈਲਮੇਟ ਵੰਡ ਕੇ ਮਨਾਈ ਦੀਵਾਲੀ
ਆਉਣ ਵਾਲੇ ਧੁੰਦਲੇ ਦਿਨਾਂ ਵਿੱਚ ਚਲਾਈ ਜਾਵੇਗੀ ਰਿਫਲੈਕਟਰ ਮੁਹਿੰਮ : ਦੀਪਕ ਸ਼ਰਮਾ
ਫ਼ਿਰੋਜ਼ਪੁਰ 5 ਨਵੰਬਰ, 2021: ਮਯੰਕ ਫਾਊਂਡੇਸ਼ਨ ਨੇ ਇਸ ਸਾਲ ਦੀਵਾਲੀ ਦੇ ਮੌਕੇ ‘ਤੇ ਆਪਣੀ ਟ੍ਰੇਡਮਾਰਕ ਮੁਹਿੰਮ ‘ਯੇ ਦੀਵਾਲੀ, ਹੈਲਮੇਟ ਵਾਲੀ’ ਜਾਰੀ ਰੱਖੀ ਹੈ। ਸਕੱਤਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮਯੰਕ ਫਾਊਂਡੇਸ਼ਨ ਵੱਲੋਂ ਦੀਵਾਲੀ ਮੌਕੇ ਦਾਸ ਅਤੇ ਬ੍ਰਾਊਨ ਵਰਲਡ ਸਕੂਲ ਦੇ ਅਧਿਆਪਕਾਂ ਨੂੰ ਹੈਲਮੇਟ ਗਿਫਟ ਕੀਤੇ ਗਏ ਅਤੇ ਪ੍ਰਣ ਲਿਆ ਕਿ ਉਹ ਹਮੇਸ਼ਾ ਹੈਲਮੇਟ ਪਹਿਨ ਕੇ ਹੀ ਦੋ ਪਹੀਆ ਵਾਹਨ ਚਲਾਉਣਗੇ ਤਾਂ ਜੋ ਸਮਾਜ ਦੇ ਸਾਰੇ ਲੋਕ ਉਹਨਾਂ ਤੋਂ ਪ੍ਰੇਰਨਾ ਲੈਣ।
ਫਾਊਂਡੇਸ਼ਨ ਦੇ ਸੰਸਥਾਪਕ ਦੀਪਕ ਸ਼ਰਮਾ ਨੇ ਕਿਹਾ ਕਿ ਇਹ ਮੁਹਿੰਮ ਲੋਕਾਂ ਨੂੰ ਯਾਦ ਦਿਵਾਉਂਦੀ ਹੈ ਕਿ ‘ਹੈਲਮੇਟ’ ਵੀ ਆਪਣੇ ਪਿਆਰਿਆਂ ਨੂੰ ਤੋਹਫੇ ਵਜੋਂ ਦਿੱਤਾ ਜਾ ਸਕਦਾ ਹੈ। ਇਹ ਨਾ ਸਿਰਫ਼ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਕਰੇਗਾ, ਸਗੋਂ ਸੜਕਾਂ ‘ਤੇ ਸੁਰੱਖਿਅਤ ਸਵਾਰੀ ਨੂੰ ਵੀ ਯਕੀਨੀ ਬਣਾਏਗਾ।
ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਸੜਕ ਸੁਰੱਖਿਆ ਮੁਹਿੰਮ ਦੇ ਹਿੱਸੇ ਵਜੋਂ ਆਉਣ ਵਾਲੇ ਦਿਨਾਂ ਵਿੱਚ ਧੁੰਦ ਦੇ ਮੌਸਮ ਵਿੱਚ ਹਾਦਸਿਆਂ ਨੂੰ ਘਟਾਉਣ ਲਈ ‘ਰਿਫਲੈਕਟਰ ਚਿਪਕਾਓ ਅਭਿਆਨ’ ਵੀ ਸ਼ੁਰੂ ਕੀਤਾ ਜਾਵੇਗਾ।
ਪ੍ਰਿੰਸੀਪਲ ਪ੍ਰੀਤ ਕਿਰਨ ਨੇ ਮਯੰਕ ਫਾਊਂਡੇਸ਼ਨ ਦੀ ਪਹਿਲਕਦਮੀ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿੱਚ ਸਾਰਿਆਂ ਲਈ ਹੈਲਮੇਟ ਨੂੰ ਲਾਜ਼ਮੀ ਬਣਾਇਆ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ।
ਇਸ ਮੌਕੇ ਵੀ.ਪੀ ਡਾ.ਸੀਲੀਨ, ਉਪ ਪ੍ਰਿੰਸੀਪਲ ਅਨੂਪ ਸ਼ਰਮਾ, ਟਰੈਫ਼ਿਕ ਸੈੱਲ ਫ਼ਿਰੋਜ਼ਪੁਰ ਤੋਂ ਲਖਵੀਰ ਸਿੰਘ, ਗੁਰਮੇਜ ਸਿੰਘ ਅਤੇ ਮਯੰਕ ਫਾਊਂਡੇਸ਼ਨ ਤੋਂ ਦੀਪਕ ਗਰੋਵਰ, ਕਮਲ ਸ਼ਰਮਾ, ਹਰਿੰਦਰ ਭੁੱਲਰ, ਹਰਨਾਮ ਸਿੰਘ, ਵਿਪੁਲ ਨਾਰੰਗ, ਰਾਕੇਸ਼ ਕੁਮਾਰ ਅਤੇ ਦੀਪਕ ਸ਼ਰਮਾ ਹਾਜ਼ਰ ਸਨ |