ਭਾਸ਼ਾ ਦਫਤਰ ਫਿਰੋਜ਼ਪੁਰ ਵੱਲੋਂ ਕਰਵਾਇਆ ਗਿਆ ਯਾਦਗਾਰੀ ਪੰਜਾਬੀ ਮਾਹ- 2024 ਸੰਬੰਧੀ ਸਮਾਗਮ
ਨਾਟਕ 'ਆਰ.ਐੱਸ.ਵੀ.ਪੀ. ਨੇ ਵਿਅੰਗਆਤਮਕ ਸ਼ੈਲੀ ਵਿੱਚ ਅਖੌਤੀ ਏਜੰਟਾਂ 'ਤੇ ਕੀਤਾ ਤਿੱਖਾ ਵਿਅੰਗ
ਭਾਸ਼ਾ ਦਫਤਰ ਫਿਰੋਜ਼ਪੁਰ ਵੱਲੋਂ ਕਰਵਾਇਆ ਗਿਆ ਯਾਦਗਾਰੀ ਪੰਜਾਬੀ ਮਾਹ- 2024 ਸੰਬੰਧੀ ਸਮਾਗਮ
ਨਾਟਕ ‘ਆਰ.ਐੱਸ.ਵੀ.ਪੀ. ਨੇ ਵਿਅੰਗਆਤਮਕ ਸ਼ੈਲੀ ਵਿੱਚ ਅਖੌਤੀ ਏਜੰਟਾਂ ‘ਤੇ ਕੀਤਾ ਤਿੱਖਾ ਵਿਅੰਗ
ਫਿਰੋਜ਼ਪੁਰ 24 ਨਵੰਬਰ 2024 : ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਨਿਰਦੇਸ਼ਕ ਭਾਸ਼ਾ ਵਿਭਾਗ, ਪੰਜਾਬ ਸ. ਜਸਵੰਤ ਸਿੰਘ ਜ਼ਫਰ ਦੇ ਨਿਰਦੇਸ਼ਾਂ ਅਧੀਨ ਜ਼ਿਲ੍ਹਾ ਭਾਸ਼ਾ ਦਫਤਰ ਫਿਰੋਜ਼ਪੁਰ ਵੱਲੋਂ ਜੈਨਸਿਸ ਡੈਂਟਲ ਕਾਲਜ ਫਿਰੋਜ਼ਪੁਰ ਵਿਖੇ ਪੰਜਾਬ ਮਾਹ-2024 ਦੇ ਸਮਾਗਮਾਂ ਦੀ ਲੜੀ ਅਧੀਨ ਪੰਜਾਬ ਨਾਟਕ ‘ਆਰ.ਐੱਸ.ਵੀ.ਪੀ.’ਦੀ ਪੇਸ਼ਕਾਰੀ ਕਰਵਾਈ ਗਈ। ‘ਆਵਾਜ਼ ਥੀਏਟਰ ਗਰੁੱਪ’ ਦੁਆਰਾ ਪੇਸ਼ ਕੀਤੇ ਗਏ ਇਸ ਨਾਟਕ ਦੇ ਲੇਖਕ ਉੱਘੇ ਨਾਟਕਕਾਰ ਪਾਲੀ ਭੁਪਿੰਦਰ ਸਿੰਘ ਹਨ ਜਿਸਨੂੰ ਨਿਰਦੇਸ਼ਤ ਜਗਦੀਪ ਸੰਧੂ ਵੱਲੋਂ ਕੀਤਾ ਗਿਆ। ਇਸ ਨਾਟਕ ਵਿੱਚ ਪੰਜਾਬੀਆਂ ਦੇ ਗਲਤ ਢੰਗ ਨਾਲ ਵਿਦੇਸ਼ ਜਾਣ ਦੇ ਲਾਲਚ ਵਿੱਚ ਅਖੌਤੀ ਏਜੰਟਾਂ ਦੁਆਰਾ ਕੀਤੀ ਜਾਂਦੀ ਲੁੱਟ-ਖਸੁੱਟ ਨੂੰ ਵਿਅੰਗਆਤਮਕ ਸ਼ੈਲੀ ਵਿੱਚ ਪੇਸ਼ ਕੀਤਾ ਗਿਆ। ਡੇਢ ਘੰਟੇ ਦੀ ਇਸ ਪੇਸ਼ਕਾਰੀ ਵਿੱਚ ਅਦਾਕਾਰ ਅਨਮੋਲਦੀਪ ਸਿੰਘ, ਰਮਨਦੀਪ ਕੌਰ, ਨਰਿੰਦਰਪਾਲ ਸਿੰਘ, ਸਨੀਆ ਅਤੇ ਕਰਨਦੀਪ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਆਪਣੇ ਨਾਲ ਜੋੜੀ ਰੱਖਿਆ। ਨਾਟਕ ਦਾ ਵਿਸ਼ਾ ਸਮਕਾਲ ਦੀਆਂ ਸਥਿਤੀਆਂ ਅਨੁਸਾਰ ਢੁੱਕਵਾਂ ਸੀ ਅਤੇ ਨਿਭਾਅ ਵੀ ਕਲਾਤਮਿਕ ਸੀ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸ. ਫੌਜਾ ਸਿੰਘ ਸਰਾਰੀ, ਵਿਧਾਇਕ ਹਲਕਾ ਗੁਰੂਹਰਸਾਏ ਨੇ ਭਾਸ਼ਾ ਵਿਭਾਗ, ਪੰਜਾਬ ਦੇ ਮਾਤ-ਭਾਸ਼ਾ ਲਈ ਕੀਤੇ ਜਾਂਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਆਪਣੇ ਜੀਵਨ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਸਾਨੂੰ ਪੰਜਾਬੀਆਂ ਨੂੰ ਆਪਣੀ ਮਾਤ ਭਾਸ਼ਾ ਦਾ ਸਤਿਕਾਰ ਕਰਦਿਆਂ ਨਿਤਾਪ੍ਰਤੀ ਜ਼ਿੰਦਗੀ ਵਿੱਚ ਇਸ ਦੀ ਵਰਤੋਂ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ ਹੈ।
ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਭਾਸ਼ਾ ਅਫਸਰ ਡਾ. ਜਗਦੀਪ ਸੰਧੂ ਨੇ ਭਾਸ਼ਾ ਵਿਭਾਗ ਦੇ ਕਾਰਜ ਖੇਤਰ ਅਤੇ ਪੰਜਾਬੀ ਮਾਹ-2024 ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਉਹਨਾਂ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤੇ ਉੱਘੇ ਨਾਟਕਕਾਰ ਜਗਦੇਵ ਢਿੱਲੋਂ ਅਤੇ ਆਲੋਚਕ ਡਾ. ਮਨਜੀਤ ਕੌਰ ਆਜ਼ਾਦ ਦੇ ਸਾਹਿਤਕ ਕਾਰਜਾਂ, ਪ੍ਰਾਪਤੀਆਂ ਅਤੇ ਵਿਲੱਖਣਤਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਸਮਾਂ ਰੋਸ਼ਨ ਕਰਨ ਦੀ ਰਸਮ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਮਹਿਮਾਨ ਸ੍ਰੀ ਗਗਨਦੀਪ ਸਿੰਗਾਲ, ਡਾ. ਗੌਰਵ ਸਾਗਰ ਭਾਸਕਰ, ਡਾ. ਅਭਿਸੇਕ ਅਰੋੜਾ,ਪ੍ਰੋ. (ਡਾ.) ਗੌਰਵ ਗੋਇਲ, ਪ੍ਰੌ. (ਡਾ.) ਐੱਸ.ਐੱਨ ਰੁਦਰਾ, ਜਸਪ੍ਰੀਤ ਕੌਰ, ਡਾ.ਸੁਰਜੀਤ ਸਿੰਘ ਸਿੱਧੂ ਅਤੇ ਉੱਘੇ ਗਜ਼ਲਗੋ ਗੁਰਤੇਜ ਕੁਹਾਰਵਾਲਾ ਨੇ ਨਿਭਾਈ। ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਸਵਾਗਤੀ ਗੀਤ ‘ਜੀ ਆਇਆਂ’ ਰਾਹੀਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਸੋਹਣੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ। ਇਸੇ ਪ੍ਰਕਾਰ ਹੀ ਆਪਣੇ ਢੁੱਕਵੇਂ ਅਤੇ ਪ੍ਰਭਾਵਸ਼ਾਲੀ ਮੰਚ ਸੰਚਾਲਣ ਰਾਹੀਂ ਸ੍ਰੀ ਰਵੀਇੰਦਰ ਸਿੰਘ ਨੇ ਸਮਾਗਮ ਵਿੱਚ ਰੌਚਕਤਾ ਬਣਾਈ ਰੱਖੀ।
ਇਸ ਮੌਕੇ ‘ਤੇ ਕਹਾਣੀਕਾਰ ਇੰਜੀ. ਗੁਰਦਿਆਲ ਸਿੰਘ ਵਿਰਕ ਦੇ ਪਲੇਠੇ ਕਹਾਣੀ ਸੰਗ੍ਰਹਿ ‘ਅੰਤਰੀਵੀ ਵੇਦਨਾ’ ਮਹਿਮਾਨਾਂ ਵੱਲੋਂ ਲੋਕ ਅਰਪਨ ਕੀਤੀ ਗਈ। ਇਸ ਮੌਕੇ ‘ਤੇ ਬਲਰਾਜ ਸਿੰਘ, ਦਵਿੰਦਰ ਨਾਥ, ਗਗਨਦੀਪ ਕੌਰ ਸੰਧੂ ਪ੍ਰੋ. ਆਜ਼ਾਦਵਿੰਦਰ ਸਿੰਘ, ਮੰਗਤ ਰਾਮ, ਜਗਦੀਪ ਮਾਂਗਟ, ਅਮਰਜੋਤੀ ਮਾਂਗਟ, ਸੰਗੀਤਕਾਰ ਲੰਕੇਸ਼, ਲਖਵਿੰਦਰ ਸੰਧੂ ਤੋਂ ਇਲਾਵਾ ਸਾਹਿਤਕ ਅਤੇ ਕਲਾ ਜਗਤ ਤੋਂ ਗੀਤਕਾਰ ਗਾਮਾ ਸਿੱਧੂ, ਗੁਰਪ੍ਰੀਤ ਜ਼ੀਰਾ, ਪ੍ਰਤੀਕ ਕੁਹਾਰਵਾਲਾ, ਰਣਜੀਤ ਹਰਮਨ, ਨਰਿੰਦਰਪਾਲ ਸਿੰਘ, ਬਲਵਿੰਦਰ ਪਨੇਸਰ, ਅਵਤਾਰ ਪੁਰੀ ਹਾਜ਼ਰ ਸਨ।
ਸਮਾਗਮ ਨੂੰ ਸਫਲ ਬਣਾਉਣ ਵਿੱਚ ਖੋਜ ਅਫਸਰ ਸ੍ਰੀ ਦਲਜੀਤ ਸਿੰਘ, ਸੀਨੀਅਰ ਸਹਾਇਕ ਰਮਨ ਕੁਮਾਰ, ਰਵੀ ਕੁਮਾਰ, ਦੀਪਕ ਦਾ ਵਿਸ਼ੇਸ਼ ਯੋਗਦਾਨ ਰਿਹਾ। ਜੈਨਸਿਸ ਡੈਂਟਲ ਕਾਲਜ ਦੇ ਸੰਯੁਕਤ ਪ੍ਰਬੰਧਕੀ ਨਿਰਦੇਸ਼ਕ ਲੈਫ. ਕਰਨਲ ਬੀ.ਐੱਸ. ਰੰਧਾਵਾ, ਵਾਈਸ ਪ੍ਰਿੰਸੀਪਲ ਪ੍ਰੋ. (ਡਾ.) ਗੌਰਵ ਗੋਇਲ, ਰਣਜੀਤ ਹਰਮਨ ਅਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਵਿਸ਼ੇਸ਼ ਸਹਿਯੋਗ ਦਿੱਤਾ ।
ਸਮਾਗਮ ਦੇ ਅੰਤ ‘ਤੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫਸਰ, ਕਪੂਰਥਲਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਸ਼ਾ ਵਿਭਾਗ, ਪੰਜਾਬ ਵੱਲੋਂ ਵੱਖ-ਵੱਖ ਸਾਹਿਤਕ ਅਤੇ ਕਲਾਤਮਿਕ ਗਤੀਵਿਧੀਆਂ ਨੇ ਪੰਜਾਬੀਆਂ ਦੇ ਦਿਲਾਂ ਵਿੱਚ ਵਿਸ਼ੇਸ਼ ਥਾਂ ਬਣਾਈ ਹੈ ਅਤੇ ਉਹਨਾਂ ਨੇ ਪੰਜਾਬ ਸਰਕਾਰ ਦੁਆਰਾ ਭਾਸ਼ਾ ਵਿਭਾਗ, ਪੰਜਾਬ ਰਾਹੀਂ ਕੀਤੇ ਜਾ ਰਹੇ ਅਜਿਹੇ ਸਾਰਥਿਕ ਉਪਰਾਲਿਆਂ ਦਾ ਧੰਨਵਾਦ ਕੀਤਾ।