Ferozepur News

ਭਾਸ਼ਾ ਵਿਭਾਗ, ਫ਼ਿਰੋਜ਼ਪੁਰ ਵੱਲੋਂ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ

ਭਾਸ਼ਾ ਵਿਭਾਗ, ਫ਼ਿਰੋਜ਼ਪੁਰ ਵੱਲੋਂ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ

ਭਾਸ਼ਾ ਵਿਭਾਗ, ਫ਼ਿਰੋਜ਼ਪੁਰ ਵੱਲੋਂ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ

ਫ਼ਿਰੋਜ਼ਪੁਰ, 23.2.2021: ਭਾਸ਼ਾ ਵਿਭਾਗ, ਫ਼ਿਰੋਜ਼ਪੁਰ ਵੱਲੋਂ ਸਾਹਿਤ ਸਭਾ ਕਲਾ ਪੀਠ (ਰਜਿ.) ਦੇ ਸਹਿਯੋਗ ਨਾਲ ਦੇਵ ਸਮਾਜ ਕਾਲਜ ਫ਼ਿਰੋਜ਼ਪੁਰ ਸ਼ਹਿਰ ਵਿਖੇ  ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ ਜਿਸ ਵਿਚ ਪੰਜਾਬੀ ਭਾਸ਼ਾ ਦੇ ਉੱਘੇ ਵਿਦਵਾਨ ਡਾ. ਪਰਮਜੀਤ ਸਿੰਘ ਢੀਂਗਰਾ, ਪ੍ਰੋਫ਼ੈਸਰ ਪੰਜਾਬ ਯੂਨੀਵਰਸਿਟੀ ਰਿਜ਼ਨਲ ਸੈਂਟਰ, ਸ੍ਰੀ ਮੁਕਤਸਰ ਸਾਹਿਬ ਨੇ ‘ਮਾਤ ਭਾਸ਼ਾ ਦੀ ਮਹੱਤਤਾ ਅਤੇ ਸੰਭਾਵਨਾਵਾਂ’ ਦੇ ਵਿਸ਼ੇ ਉੱਪਰ ਖੋਜ ਭਰਪੂਰ ਪਰਚਾ ਪੜ੍ਹਿਆ।

ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਉੱਘੇ ਗ਼ਜ਼ਲਗੋ ਪ੍ਰੋ. ਜਸਪਾਲ ਘਈ, ਗੁਰਚਰਨ ਨੂਰਪੁਰ (ਲੇਖਕ), ਡਾ. ਰਾਮੇਸ਼ਵਰ ਸਿੰਘ ਕਟਾਰਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਸੰਗੀਤਾ ਪ੍ਰਿੰਸੀਪਲ ਦੇਵ ਸਮਾਜ ਕਾਲਜ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਫ਼ਿਰੋਜ਼ਪੁਰ ਸ. ਚਮਕੌਰ ਸਿੰਘ ਸਰਾਂ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਫ਼ਿਰੋਜ਼ਪੁਰ ਸ਼੍ਰੀ ਕੋਮਲ ਅਰੋੜਾ ਸ਼ਾਮਲ ਸਨ। ਸਟੇਜ ਸਕੱਤਰ ਦੀ ਭੂਮਿਕਾ ਉੱਘੇ ਪੰਜਾਬੀ ਕਵੀ ਹਰਮੀਤ ਵਿਦਿਆਰਥੀ ਨੇ ਨਿਭਾਈ ।  ਸਮਾਗਮ ਦੀ ਸ਼ੁਰੂਆਤ  ਦੇਵ ਸਮਾਜ ਕਾਲਜ  ਦੇ ਸੰਗੀਤ ਵਿਭਾਗ ਵੱਲੋਂ ਪੰਜਾਬੀ ਟੱਪਿਆਂ ਰਾਹੀਂ ਸਵਾਗਤ ਕਰਕੇ ਕੀਤੀ ਗਈ ।ਇਸ ਤੋਂ ਬਾਅਦ ਵਿਧੀਪੂਰਵਕ ਢੰਗ ਨਾਲ ਸਮਾਗਮ ਭਾਸ਼ਾ ਵਿਭਾਗ ਦੀ ਧੁਨੀ ‘ਧਨੁ ਲਿਖਾਰੀ ਨਾਨਕਾ’ ਨਾਲ਼ ਸ਼ੁਰੂ ਹੋਣ ਤੋਂ ਬਾਅਦ ਪੰਜਾਬੀ ਵਿਭਾਗ ਦੇ ਡਾ. ਪਰਮਵੀਰ ਕੌਰ ਗੋਂਦਾਰਾ ਦੁਆਰਾ ਮਾਤ ਭਾਸ਼ਾ ਵਿੱਚ ਬੋਲਣ ਅਤੇ ਕੰਮ ਕਰਨ ਸੰਬੰਧੀ ਅਹਿਦ, ਸਮਾਗਮ ਵਿੱਚ ਸ਼ਾਮਿਲ ਸਰੋਤਿਆਂ ਨਾਲ ਮਿਲ ਕੇ ਲਿਆ ਗਿਆ। ਡਾ. ਸੰਗੀਤਾ ਅਨੁਸਾਰ ਇਹ ਕਾਲਜ ਲਈ ਮਾਣ ਵਾਲੀ ਗੱਲ ਹੈ ਕਿ ਅਜਿਹਾ ਮੁੱਲਵਾਨ ਸਮਾਗਮ ਦੇਵ ਕਾਲਜ ਵਿੱਚ ਹੋ ਰਿਹਾ ਹੈ ।

ਭਾਸ਼ਾ ਵਿਭਾਗ, ਫ਼ਿਰੋਜ਼ਪੁਰ ਵੱਲੋਂ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ

(ਭਜਨ ਰੰਗਸਾਜ਼ ਦੁਆਰਾ ਤਿਆਰ ਭਾਸ਼ਾ ਰੱਥ)

                ਇਸ ਤੋਂ ਬਾਅਦ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ ਭਾਸ਼ਾ ਵਿਭਾਗ ਦੇ  ਮਹੱਤਵਪੂਰਨ ਕਾਰਜਾਂ ਅਤੇ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਆਪਣੇ ਪਰਚੇ ਵਿਚ ਡਾ. ਪਰਮਜੀਤ ਸਿੰਘ ਢੀਂਗਰਾ ਨੇ ਪੰਜਾਬੀ ਮਾਤ ਭਾਸ਼ਾ ਦੇ ਇਤਿਹਾਸ ਉਪਰ ਚਾਨਣਾ ਪਾਉਂਦਿਆਂ ਵੱਖ-ਵੱਖ ਵਿਦਵਾਨਾਂ ਦੇ ਹਵਾਲੇ ਨਾਲ ਦੱਸਿਆ ਕਿ ਪੰਜਾਬੀ ਬੋਲੀ ਲਗਪਗ ਪਚਵੰਜਾ ਸੌ ਸਾਲ ਪੁਰਾਣੀ ਹੈ ਅਤੇ ਇਹ ਇਸ ਧਰਤੀ ਉੱਪਰ ਮੁੱਢ-ਕਦੀਮਾਂ ਤੋਂ ਵੱਖ-ਵੱਖ ਰੂਪਾਂ ਅਤੇ ਮੁਹਾਵਰਿਆਂ ਵਿੱਚ ਬੋਲੀ ਜਾਂਦੀ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਸ਼ਾਵਾਂ ਕਿਸੇ ਹੋਰ ਭਾਸ਼ਾ ਵਿੱਚੋਂ ਨਹੀਂ ਨਿਕਲਦੀਆਂ ਸਗੋਂ ਧਾਤੂ ਜਾਂ ਰੂਟ ਸ਼ਬਦਾਂ ਚੋਂ ਵਿਕਸਿਤ ਹੁੰਦੀਆਂ ਹਨ। ਇਸ ਪਰਚੇ ਉੱਪਰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਵੱਖ-ਵੱਖ ਵਿਦਵਾਨਾਂ ਨੇ ਭਰਪੂਰ ਵਿਚਾਰ ਚਰਚਾ ਕੀਤੀ। ਸਮਾਗਮ ਦੌਰਾਨ ਜ਼ਿਲ੍ਹੇ ਭਰ ਦੀਆਂ ਵੱਖ-ਵੱਖ ਸਾਹਿਤਕ ਸਭਾਵਾਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ  ਵਿੱਚ ਕਲਾ ਪੀਠ (ਰਜਿ.) ਫ਼ਿਰੋਜ਼ਪੁਰ , ਲੇਖਕ ਪਾਠਕ ਮੰਚ ਮੁੱਦਕੀ, ਸਾਹਿਤ ਸਭਾ ਤਲਵੰਡੀ ਭਾਈ, ਪੰਜਾਬੀ ਸਾਹਿਤ ਸਭਾ (ਰਜਿ.) ਜ਼ੀਰਾ, ਪੰਜਾਬੀ ਸਾਹਿਤ ਕਲਾ ਮੰਚ (ਰਜਿ.) ਮਖੂ , ਸਾਹਿਤ ਸਭਾ (ਰਜਿ.) ਜ਼ੀਰਾ, ਸਾਹਿਤ ਮੰਚ ਗੁਰੂਹਰਸਾਏ ਅਤੇ  ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ (ਜ਼ੀਰਾ) ਸ਼ਾਮਲ ਸਨ ।

ਇਸ ਮੌਕੇ ਭਾਸ਼ਾ ਵਿਭਾਗ, ਫ਼ਿਰੋਜ਼ਪੁਰ ਵੱਲੋਂ ਅਣਮੁੱਲੀਆਂ ਕਿਤਾਬਾਂ ਦੀ ਪੁਸਤਕ ਪ੍ਰਦਰਸ਼ਨੀ ਲਗਾਈ ਗਈ । ਮਾਂ ਬੋਲੀ ਲਈ ਨਿਰੰਤਰ ਕਾਰਜਸ਼ੀਲ ਸ. ਜਗਤਾਰ ਸਿੰਘ ਸੋਖੀ ਦੀ ਵਿਰਾਸਤੀ ਪ੍ਰਦਰਸ਼ਨੀ ਅਤੇ ਭਜਨ ਪੇਂਟਰ ਮਖੂ ਦੁਆਰਾ ਵਾਹਨ ਰਾਹੀਂ ਮਾਤ ਭਾਸ਼ਾ ਦਾ ਪ੍ਰਗਟਾਵਾ ਵੀ ਖਿੱਚ ਦਾ ਕੇਂਦਰ ਰਹੇ।

ਸਮੂਹ ਹਾਜ਼ਰ  ਸਰੋਤਿਆਂ ਅਤੇ ਵਿਦਵਾਨਾਂ ਵੱਲੋਂ  ਡਾ. ਜਗਦੀਪ ਸੰਧੂ ਜ਼ਿਲ੍ਹਾ ਭਾਸ਼ਾ ਅਫ਼ਸਰ ਦੀ ਅਗਵਾਈ ਵਿੱਚ ਕਰਵਾਏ ਗਏ ਭਾਸ਼ਾ ਵਿਭਾਗ ਪੰਜਾਬ ਦੇ ਅਜਿਹੇ ਉਪਰਾਲੇ  ਦੀ ਭਰਪੂਰ ਸ਼ਲਾਘਾ ਕੀਤੀ ਗਈ। ਖੋਜ ਅਫ਼ਸਰ ਦਲਜੀਤ ਸਿੰਘ ਅਤੇ ਜੂਨੀ. ਸਹਾ. ਨਵਦੀਪ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਤੋਂ ਸ਼ਾਮਲ ਸਖਸ਼ੀਅਤਾਂ ਵਿੱਚ ਸ਼੍ਰੀਮਤੀ ਮੋਨਿਕਾ ਪ੍ਰਿੰਸੀਪਲ ਸ.ਸ.ਸ. ਮਾਨਾ ਸਿੰਘ ਵਾਲਾ, ਸੁਖਜਿੰਦਰ (ਕਵੀ), ਬਲਰਾਜ ਸਿੰਘ, ਸਰਬਜੀਤ ਕੌਰ (ਡੀ.ਐਮ. ਪੰਜਾਬੀ), ਅਵਤਾਰ ਪੁਰੀ, ਸੁਰਿੰਦਰ ਕੰਬੋਜ, ਰਜਨੀ ਜੱਗਾ, ਨਿਰਵੈਰ ਸਿੰਘ, ਰਤਨਦੀਪ ਸਿੰਘ ਅਤੇ ਕਾਰਜਸ਼ੀਲ ਭਾਸ਼ਾ ਮੰਚਾਂ ਦੇ ਅਹੁਦੇਦਾਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ । ਸ਼ਹਿਰ ਦੀਆਂ ਨਾਮਵਰ ਹਸਤੀਆਂ  ਸ਼੍ਰੀ ਹਰੀਸ਼ ਮੌਂਗਾ ਜੀ ਅਤੇ ਉੱਘੇ ਗੀਤਕਾਰ ਸ੍ਰੀ ਗੁਰਨਾਮ ਸਿੱਧੂ (ਗਾਮਾ ਸਿੱਧੂ), ਸ਼੍ਰੀ ਦੀਪਕ ਸ਼ਰਮਾ (ਮਯੰਕ ਫਾਊਂਡੇਸ਼ਨ) ਨੇ ਅਜਿਹੇ ਗੁਣਾਤਮਕ ਕਾਰਜ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ । ਸਮਾਗਮ ਦੇ ਅੰਤ ਤੇ ਸਾਹਿਤ ਸਭਾ  ਕਲਾ ਪੀਠ (ਰਜਿ.) ਦੇ ਜਰਨਲ ਸਕੱਤਰ ਸ਼੍ਰੀ ਅਨਿਲ ਆਦਮ (ਕਵੀ) ਨੇ ਹਾਜ਼ਰ ਸਰੋਤਿਆਂ ਦਾ ਧੰਨਵਾਦ ਕਰਦਿਆਂ ਦੇਵ ਸਮਾਜ ਕਾਲਜ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਕਿ ਉਨਾਂ ਦੇ ਸਾਕਾਰਤਮਕ ਹੁੰਘਾਰੇ ਸਦਕਾ ਅਜਿਹਾ ਪ੍ਰਭਾਵਸ਼ਾਲੀ ਸਮਾਗਮ ਸੰਭਵ ਹੋ ਸਕਿਆ ਹੈ।

Related Articles

Leave a Reply

Your email address will not be published. Required fields are marked *

Back to top button