ਭਾਸ਼ਾ ਵਿਭਾਗ ਵੱਲੋਂ ਮਨਾਇਆ ਗਿਆ ‘ਕੌਮਾਂਤਰੀ ਮਾਤ ਭਾਸ਼ਾ ਦਿਹਾੜਾ’
ਉੱਪ ਬੋਲੀਆਂ ਦੀ ਆਪਣੀ ਪਹਿਚਾਣ ਸਦਕਾ ਹੀ ਮਾਂ ਬੋਲੀ ਦੀ ਪਹਿਚਾਣ ਬਣਦੀ ਹੈ- ਡਾ. ਬੂਟਾ ਸਿੰਘ ਬਰਾੜ
ਭਾਸ਼ਾ ਵਿਭਾਗ ਵੱਲੋਂ ਮਨਾਇਆ ਗਿਆ ‘ਕੌਮਾਂਤਰੀ ਮਾਤ ਭਾਸ਼ਾ ਦਿਹਾੜਾ‘
‘ਪੰਜਾਬੀ ਦਾ ਆਨਲਾਈਨ ਸੰਸਾਰ‘ ਵਿਸ਼ੇ ‘ਤੇ ਕੀਤੀ ਵਿਦਵਾਨਾਂ ਨੇ ਵਿਚਾਰ ਚਰਚਾ
ਉੱਪ ਬੋਲੀਆਂ ਦੀ ਆਪਣੀ ਪਹਿਚਾਣ ਸਦਕਾ ਹੀ ਮਾਂ ਬੋਲੀ ਦੀ ਪਹਿਚਾਣ ਬਣਦੀ ਹੈ- ਡਾ. ਬੂਟਾ ਸਿੰਘ ਬਰਾੜ
ਫਿਰੋਜ਼ਪੁਰ, 22 ਫਰਵਰੀ 2023.
ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਪੰਜਾਬ ਦੀ ਅਗਵਾਈ ਹੇਠ ਡਾਇਰੈਕਟਰ ਭਾਸ਼ਾ ਵਿਭਾਗ ਡਾ. ਵੀਰਪਾਲ ਕੌਰ ਦੀ ਰਹਿਨੁਮਾਈ ਵਿੱਚ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਫਿਰੋਜ਼ਪੁਰ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਦੇਵ ਸਮਾਜ ਕਾਲਜ ਫ਼ਾਰ ਵਿਮੈਨ ਦੇ ਸਹਿਯੋਗ ਨਾਲ ਕਾਲਜ ਵਿੱਚ ‘ਕੌਮਾਂਤਰੀ ਮਾਤ ਭਾਸ਼ਾ ਦਿਹਾੜਾ’ ਮਨਾਇਆ ਗਿਆ । ਇਸ ਮੌਕੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਮਾਲ ਅਫ਼ਸਰ-ਕਮ-ਐਸ.ਡੀ.ਐਮ. ਸ਼੍ਰੀ ਅਰਵਿੰਦ ਪ੍ਰਕਾਸ਼ ਵਰਮਾ ਨੇ ਸ਼ਿਰਕਤ ਕੀਤੀ।
ਸਮਾਗਮ ਦੀ ਸ਼ੁਰੂਆਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸੰਧੂ ਵੱਲੋ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਨੂੰ’ ਆਖਦਿਆਂ ਹੋਇਆਂ ‘ ਕੌਮਾਂਤਰੀ ਮਾਤ ਭਾਸ਼ਾ ਦਿਹਾੜੇ’ ਦੀ ਮਹੱਤਤਾ ਅਤੇ ਇਤਿਹਾਸ ਤੋਂ ਜਾਣੂ ਕਰਵਉਂਦਿਆਂ ਕਿਹਾ ਕਿ ਅੱਜ ਦੇ ਵਿਸ਼ਵੀਕਰਨ ਦੇ ਦੌਰ ਵਿੱਚ ਜ਼ਰੂਰਤ ਹੈ ਕਿ ਆਪਣੀ ਮਾਤ ਭਾਸ਼ਾ ਦੇ ਪ੍ਰਚਾਰ-ਪਾਸਾਰ ਲਈ ਪੰਜਾਬੀ ਦੀ ਆਨਲਾਈਨ ਦੁਨੀਆਂ ਦੀ ਸੰਭਾਵਨਾਵਾਂ ਤਲਾਸ਼ੀਆਂ ਜਾਣ ਕਿਉਂਕਿ ਇਸ ਵਾਰੀ ਇਹ ਦਿਹਾੜਾ ‘ਨਵੀਆਂ ਤਕਨੀਕਾਂ ਜ਼ਰੀਏ ਸਿੱਖਣ ਪ੍ਰਕਿਰਿਆ ਚੁਣੌਤੀਆਂ ਅਤੇ ਅਵਸਰ’ ਵਿਸ਼ੇ ‘ਤੇ ਕੇਂਦਰਿਤ ਹੈ ।
ਜ਼ਿਲ੍ਹਾ ਮਾਲ ਅਫ਼ਸਰ-ਕਮ-ਐਸ.ਡੀ.ਐਮ. ਫਿਰੋਜ਼ਪੁਰ ਸ੍ਰੀ ਸ਼੍ਰੀ ਅਰਵਿੰਦ ਪ੍ਰਕਾਸ਼ ਵਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਨੂੰ ਆਪਣੀ ਮਾਤ ਭਾਸ਼ਾ ਨੂੰ ਹਰ ਖੇਤਰ ਵਿੱਚ ਬਣਦਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਦੀ ਬੋਲ-ਬਾਣੀ ਜਾਂ ਹੋਰ ਦਫ਼ਤਰੀ ਕੰਮਾਂ ਦੌਰਾਨ ਆਪਣੀ ਮਾਤ ਭਾਸ਼ਾ ਨੂੰ ਪਹਿਲ ਦੇਣੀ ਚਾਹੀਦੀ ਹੈ।
ਇਸ ਮੌਕੇ ਮੁੱਖ ਬੁਲਾਰੇ ਵਿਕੀਪੀਡੀਆ ਦੇ ਪ੍ਰਬੰਧਕ ਡਾ. ਸਟਾਲਿਨਜੀਤ ਸਿੰਘ ਬਰਾੜ ਨੇ ਬੋਲਦਿਆਂ ਆਖਿਆ ਕਿ ਇੰਟਰਨੈੱਟ ਉਪਰ ਦਿਨ ਪ੍ਰਤੀ ਦਿਨ ਖੇਤਰੀ ਭਾਸ਼ਾਵਾਂ ਦੀ ਗਿਆਨ ਸਮੱਗਰੀ ਵਿੱਚ ਵਾਧਾ ਹੋ ਰਿਹਾ ਹੈ। ਗੂਗਲ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਉਨਾਂ ਦੱਸਿਆ ਕਿ ਭਾਰਤੀ ਲੋਕ ਇੰਟਰਨੈੱਟ ਉਪਰ ਅੰਗਰੇਜ਼ੀ ਦੀ ਬਜਾਏ ਆਪਣੀ ਖੇਤਰੀ ਭਾਸ਼ਾ ਵਿੱਚ ਖੋਜ ਕਰਨੀ ਵਧੇਰੇ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਡਾ. ਸਟਾਲਿਨਜੀਤ ਬਰਾੜ ਨੇ ਪੰਜਾਬੀ ਵਿਕੀਪੀਡੀਆ, ਪੰਜਾਬੀ ਪੀਡੀਆ ਅਤੇ ਵਰਚੂਅਲ ਸਪੇਸ ਤੇ ਕੰਮ ਕਰਦੀਆਂ ਪੰਜਾਬੀ ਡਿਜੀਟਲ ਲਾਇਬਰੇਰੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਤਕਨੀਕ ਦੇ ਯੁੱਗ ਵਿੱਚ ਅਧਿਐਨ ਅਤੇ ਅਧਿਆਪਨ ਲਈ ਡਿਜੀਟਲ ਲਾਇਬਰੇਰੀਆਂ ਸਮੇਂ ਦੀ ਮੁੱਖ ਲੋੜ ਬਣ ਗਈਆਂ ਹਨ। ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਹਨਾਂ ਤੋਂ ਜਾਣੂ ਹੋਣਾ ਜ਼ਰੂਰੀ ਹੈ ।
ਡਾ.ਬੂਟਾ ਸਿੰਘ ਬਰਾੜ ਉੱਘੇ ਭਾਸ਼ਾ ਵਿਗਿਆਨੀ ਨੇ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਦੇ ਇਤਿਹਾਸਕ ਪਿਛੋਕੜ ਤੇ ਝਾਤ ਪਾਉਂਦਿਆਂ, ਵਿਸ਼ਵ ਪੱਧਰ ਤੱਕ ਪੰਜਾਬੀ ਬੋਲੀ ਦੀ ਪਹੁੰਚ ਦੇ ਅੰਕੜਿਆਂ ਤੇ ਗੱਲ ਕਰਦਿਆਂ, ਪੰਜਾਬੀ ਭਾਸ਼ਾ ਦੇ ਸ਼ਬਦ ਜੋੜਾਂ ਤੇ ਹੋਰਨਾਂ ਭਾਸ਼ਾਵਾਂ ਤੋਂ ਆਏ ਸ਼ਬਦਾਂ ਦੇ ਪੰਜਾਬੀ ਅਨੁਵਾਦ ਬਾਰੇ ਗੱਲ ਕਰਦਿਆਂ ਕਿਹਾ ਕਿ ਲੋਕ ਸਮੂਹ ਦੀ ਪ੍ਰਵਾਨਗੀ ਜੋ ਸਵੀਕਾਰ ਕਰੇ ਉਹੀ ਪੰਜਾਬੀ ਸ਼ਬਦ ਜੋੜ ਪ੍ਰਮਾਣਿਤ ਹੋਣੇ ਚਾਹੀਦੇ ਹਨ। ਉਪ ਬੋਲੀਆਂ ਦੀ ਆਪਣੀ ਇੱਕ ਵੱਖਰੀ ਪਹਿਚਾਣ ਸਦਕਾ ਹੀ ਮਾਂ ਬੋਲੀ ਦੀ ਆਪਣੀ ਪਹਿਚਾਣ ਬਣਦੀ ਹੈ। ਇਸ ਮੌਕੇ ‘ਤੇ ਪੰਜਾਬੀ ਭਾਸ਼ਾ ਵਿੱਚ ਕੰਮ ਕਰਨ ਸੰਬੰਧੀ ਪ੍ਰਣ (ਅਹਿਦ) ਲਿਆ ਗਿਆ ।
ਇਸ ਮੌਕੇ ਨਾਇਬ ਤਹਿਸੀਲਦਾਰ ਸ਼੍ਰੀ ਵਿਜੈ ਬਹਿਲ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀ ਕੋਮਲ ਅਰੋੜਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.) ਸ. ਸੁਖਵਿੰਦਰ ਸਿੰਘ ਅਤੇ ਨੇ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਪੋ-ਆਪਣੇ ਨਾਮ, ਨਾਮ-ਪੱਟੀਆਂ ਆਦਿ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿੱਚ ਕਰਵਾਉਣ । ਮਾਤ ਭਾਸ਼ਾ ਲਈ ਨਿਰੰਤਰ ਅਣਥੱਕ ਯਤਨ ਕਰਨ ਵਾਲੇ ਪੰਜਾਬੀ ਅਧਿਆਪਕ ਸ. ਜਗਤਾਰ ਸਿੰਘ ਸੋਖੀ ਅਤੇ ਸ. ਸੁਖਚੈਨ ਸਿੰਘ ਪੰਜਾਬੀ ਅਧਿਆਪਕ ਸ.ਸ.ਸ. ਮਾਨਾ ਸਿੰਘ ਵਾਲਾ ਨੂੰ ਭਾਸ਼ਾ ਮੰਚ ਦੇ ਸਰਪ੍ਰਸਤ ਵਜੋਂ ਸ਼ਾਨਦਾਰ ਕੰਮ ਕਰਨ ਬਦਲੇ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ । ਸ਼ਾਨਦਾਰ ਅਤੇ ਸਾਹਿਤਕ ਅੰਦਾਜ਼ ਵਿੱਚ ਮੰਚ ਸੰਚਾਲਨ ਕਰਦਿਆਂ ਸ਼ਾਇਰ ਕੁਲਦੀਪ ਸਿੰਘ (ਸਹਾ. ਪ੍ਰੋਫ਼ੈ.) ਨੇ ਪੰਜਾਬ ਸਰਕਾਰ ਦੀਆਂ ਮੌਜੂਦਾ ਹਦਾਇਤਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਸਮਾਗਮ ਦਾ ਖੂਬਸੂਰਤ ਢੰਗ ਨਾਲ਼ ਸੰਚਾਲਨ ਕੀਤਾ । ਖੋਜ ਅਫ਼ਸਰ ਦਲਜੀਤ ਸਿੰਘ ਨੇ ਅੰਤ ‘ਤੇ ਕਾਲਜ ਦੇ ਚੇਅਰਮੈਨ ਸ. ਨਿਰਮਲ ਸਿੰਘ ਢਿੱਲੋ, ਸਕੱਤਰ ਅਗਨੀਸ਼ ਢਿੱਲੋ, ਕਾਰਜਕਾਰੀ ਪ੍ਰਿੰਸੀਪਲ ਡਾ. ਸੰਗੀਤਾ, ਪੰਜਾਬੀ ਵਿਭਾਗ, ਵਿਦਿਆਰਥੀਆਂ ਅਤੇ ਆਏ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ ।
ਇਸ ਮੌਕੇ ‘ਤੇ ਵੱਖ ਸਰਕਾਰੀ ਸਕੂਲਾਂ ਅਤੇ ਕਾਲਜਾਂ ਦੇ ਪੰਜਾਬੀ ਵਿਸ਼ੇ ਦੇ ਲੈਕਚਰਾਰ/ ਮਾਸਟਰ ਅਤੇ ਸਾਹਿਤਕ ਜਗਤ ਤੋਂ ਨਰਿੰਦਰ ਸਿੰਘ, ਸੁਖਜਿੰਦਰ, ਗਾਮਾ ਸਿੱਧੂ, ਸੁਰਿੰਦਰ ਕੰਬੋਜ਼, ਅਵਤਾਰ ਸਿੰਘ ਪੁਰੀ, ਸੁਖਦੇਵ ਸਿੰਘ ਤੋਂ ਇਲਾਵਾ ਵੱਖ-ਵੱਖ ਹਸਤੀਆਂ ਹਾਜ਼ਰ ਸਨ।