Ferozepur News

ਭਾਰਤ ਸਰਕਾਰ ਦੀ ਸਕੱਤਰ ਵੱਲੋਂ ਫਿਰੋਜ਼ਪੁਰ ਦਾ ਦੌਰਾ ਗ੍ਰਾਮ ਸਵਰਾਜ ਅਭਿਆਨ ਅਧੀਨ ਕੇਂਦਰੀ ਸਕੀਮਾਂ ਦਾ ਜਾਇਜਾ ਲਿਆ

ਫਿਰੋਜ਼ਪੁਰ 6 ਜੂਨ 2018 (Manish Bawa ) ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੇ ਸਕੱਤਰ ਸ਼੍ਰੀਮਤੀ ਨੀਲਮ ਸਾਹਨੇ ਵੱਲੋਂ ਆਪਣੀ ਉੱਚ ਅਧਿਕਾਰੀਆਂ ਦੀ ਟੀਮ ਨਾਲ ਭਾਰਤ ਸਰਕਾਰ ਵੱਲੋਂ ਗ੍ਰਾਮ ਸਵਰਾਜ ਅਭਿਆਨ ਤਹਿਤ ਫਿਰੋਜ਼ਪੁਰ ਜ਼ਿਲ੍ਹੇ ਵਿਚ ਵੱਖ-ਵੱਖ ਵਿਭਾਗਾ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਗਤੀਵਿਧੀਆਂ ਦਾ ਜਾਇਜਾ ਲਿਆ। ਇਸ ਉਪਰੰਤ ਉਨ੍ਹਾਂ ਜ਼ਿਲ੍ਹੇ ਦੇ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਤੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਵੱਖ-ਵੱਖ ਕੰਮਾ ਦੀ ਪ੍ਰਗਤੀ ਦਾ ਜਾਇਜਾ ਲਿਆ। ਇਸ ਮੌਕੇ ਐਂਦਰੀ ਅਨੁਰਾਗ ਜੁਆਇੰਟ ਸੈਕਟਰੀ, ਨਿਸ਼ਾ ਸੇਨ ਸ਼ਰਮਾ ਆਰਥਿਕ ਸਲਾਹਕਾਰ, ਸ਼੍ਰੀ ਅਰਵਿੰਦ ਕੁਮਾਰ ਡਾਇਰੈਕਟਰ, ਸ਼੍ਰੀ ਦੀਪਕ ਮਹਿਰਾ ਡਾਇਰੈਕਟਰ, ਸ਼੍ਰੀ ਆਰ ਵੈਨਕਟ ਰਤਨਮ ਪ੍ਰਿੰਸੀਪਲ ਸਕੱਤਰ ਸਮਾਜਿਕ ਸੁਰੱਖਿਆ ਵਿਭਾਗ ਪੰਜਾਬ, ਸ਼੍ਰੀ ਐਮ.ਐਸ ਜੱਗੀ ਡਾਇਰੈਕਟਰ ਐਸ.ਸੀ.ਬੀ.ਸੀ ਕਾਰਪੋਰੇਸ਼ਨ ਪੰਜਾਬ ਹਾਜ਼ਰ ਸਨ। 
ਮੀਟਿੰਗ ਦੌਰਾਨ ਕੇਂਦਰੀ ਸਕੱਤਰ ਸ਼੍ਰੀਮਤੀ ਨੀਲਮ ਸਾਹਨੇ ਨੇ ਜ਼ਿਲ੍ਹੇ ਵਿਚ ਸਿਹਤ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ, ਸਕੂਲੀ ਸਿੱਖਿਆ, ਖੇਤੀਬਾੜੀ, ਬਾਗਬਾਨੀ, ਡੇਅਰੀ, ਹੁਨਰ ਵਿਕਾਸ, ਬੁਨਿਆਦੀ ਢਾਂਚੇ, ਖੇਡਾਂ ਤੇ ਯੁਵਕ ਗਤੀਵਿਧੀਆਂ ਆਦਿ ਬਾਰੇ ਗ੍ਰਾਮ ਸਵਰਾਜ ਅਭਿਆਨ ਤਹਿਤ ਕੀਤੇ ਜਾ ਰਹੇ ਕੰਮਾ ਦਾ ਜਾਇਜਾ ਲਿਆ।  ਉਨ੍ਹਾਂ ਨੇ  ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਸਿਹਤ ਸਬੰਧੀ ਦਿੱਤੀਆਂ ਜਾਂਦੀਆਂ ਸੁਵਿਧਾਵਾਂ, ਜਣੇਪੇ ਦੌਰਾਨ ਬੱਚਿਆਂ ਦੀ ਮੌਤ ਦਰ, ਬੱਚਿਆਂ ਨੂੰ ਪੌਸ਼ਟਿਕ ਖ਼ੁਰਾਕ, ਜਨ-ਸੰਖਿਆ ਦੇ ਹਿਸਾਬ ਨਾਲ ਡਾਕਟਰਾਂ ਤੇ ਹਸਪਤਾਲਾਂ ਦੀ ਉਪਲਬਧਤਾ, ਸਕੂਲਾਂ ਵਿਚ ਸਟਾਫ਼ ਦੀ ਕਮੀ, ਵਿਦਿਆਰਥੀਆਂ ਦੁਆਰਾ ਵੱਖ-ਵੱਖ ਸਟੇਜਾਂ ਤੇ ਸਕੂਲ ਛੱਡਣ, ਲੋਕਾਂ ਨੂੰ ਬਿਜਲੀ, ਪੀਣ ਵਾਲੇ ਪਾਣੀ, ਸੜਕਾਂ, ਪਖਾਨਿਆਂ ਸਮੇਤ ਹੋਰ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣ ਸਬੰਧੀ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ।  ਵਿਭਾਗ ਦੇ ਅਧਿਕਾਰੀਆਂ ਤੋਂ ਪ੍ਰਧਾਨ ਮੰਤਰੀ ਅਦਰਸ਼ ਗ੍ਰਾਮ ਯੋਜਨਾ, ਬਾਬੂ ਜਗਜੀਵਨ ਰਾਮ ਛੱਤਰਵਾਸ ਯੋਜਨਾ ਆਦਿ ਸਕੀਮਾਂ ਤਹਿਤ ਚੱਲ ਰਹੇ ਕੰਮਾਂ ਬਾਰੇ ਵੀ ਜਾਣਕਾਰੀ ਲਈ।  
ਉਨ੍ਹਾਂ ਸਮੂਹ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਗ਼ਰੀਬ ਵਰਗ, ਲੋੜਵੰਦਾਂ, ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਤੇ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਤਾਂ ਜੋ ਆਮ ਲੋਕਾਂ ਨੂੰ ਸਹੂਲਤਾਂ ਮਿਲਣ ਦੇ ਨਾਲ-ਨਾਲ ਵਿਕਾਸ ਵਿਚ ਵੀ ਵਾਧਾ ਹੋਵੇ। ਇਸ ਮੌਕੇ ਸ਼੍ਰੀ ਆਰ ਵੈਨਕਟ ਰਤਨਮ ਪ੍ਰਿੰਸੀਪਲ ਸਕੱਤਰ ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਨੇ ਕੇਂਦਰੀ ਸਕੱਤਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਖੇਤਰਾਂ ਵਿਚ ਵਿਕਾਸ ਤੋਂ ਇਲਾਵਾ ਸਮਾਜ ਦੇ ਗਰੀਬ ਤੇ ਕਮਜੋਰ ਵਰਗਾਂ ਲਈ ਵੱਡੀਆਂ ਯੋਜਨਾਵਾਂ ਚਲਾਈਆਂ ਹਨ। ਉਨ੍ਹਾਂ ਇਸ ਖੇਤਰ ਵਿਚ ਕੇਂਦਰ ਸਰਕਾਰ ਤੋਂ ਹੋਰ ਮੱਦਦ ਤੇ ਸਹਿਯੋਗ ਦੀ ਮੰਗ ਕੀਤੀ। 
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਆਈ.ਏ.ਐਸ ਨੇ ਇਸ ਮੌਕੇ ਦੱਸਿਆ ਕਿ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿਚ ਸੁਧਾਰ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜ਼ਿਲ੍ਹੇ ਦੇ ਸਕੂਲਾਂ ਵਿਚ ਲੋੜ ਅਨੁਸਾਰ ਅਧਿਆਪਕ, ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਅਤੇ ਕੇਂਦਰੀ ਸਕੀਮਾਂ ਨੂੰ ਲਾਗੂ ਕਰਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। 
ਇਸ ਤੋਂ ਪਹਿਲਾਂ ਸ਼੍ਰੀਮਤੀ ਨੀਲਮ ਸਾਹਨੀ ਵੱਲੋਂ ਅਗਰਵਾਲ ਕਾਲਜ ਆਫ ਨਰਸਿੰਗ ਗੁਰੂਹਰਸਹਾਏ ਵਿਖੇ ਬਾਬੂ ਜਗਜੀਵਨ ਰਾਮ ਛੱਤਰਵਾਸ ਯੋਜਨਾ ਤਹਿਤ ਬਣੇ ਹੋਸਟਲ ਦਾ ਜਾਇਜਾ ਲਿਆ ਗਿਆ। ਉਨ੍ਹਾਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਜਾਕੇ ਕੇਂਦਰ ਸਰਕਾਰ ਦੀਆਂ ਸਕੀਮਾ ਤਹਿਤ ਹੋਏ ਕੰਮਾ ਦਾ ਵੀ ਨਿਰੀਖਣ ਕੀਤਾ ਗਿਆ।ਇਸ ਤੋਂ ਇਲਾਵਾ ਉਨ੍ਹਾ ਵੱਲੋਂ ਫਿਰੋਜ਼ਪੁਰ ਦੀਆਂ ਵੱਖ-ਵੱਖ ਸਿੱਖਿਆ ਸੰਸਥਾਵਾ ਵਿਚ ਵਿਦਿਆਰਥੀਆਂ ਨੂੰ ਦਿੱਤੀ ਪੋਸਟ ਮੈਟਰਿਕ ਸਕੋਲਰਸ਼ਿਪ ਸਕੀਮ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਇਸ ਸਕੀਮ ਦਾ ਲਾਭ ਲੈ ਰਹੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ। 
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨ.) ਡਾ: ਰਿਚਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਰਵਿੰਦਰ ਪਾਲ ਸਿੰਘ ਸੰਧੂ, ਐਸ.ਡੀ.ਐਮ ਹਰਜੀਤ ਸਿੰਘ ਸੰਧੂ, ਸਹਾਇਕ ਕਮਿਸ਼ਨਰ ਸ੍ਰ: ਰਣਜੀਤ ਤੋਂ ਇਲਾਵਾ ਵੱਖ-ਵੱਖ ਵਿਭਾਗਾ ਦੇ ਅਧਿਕਾਰੀ ਵੀ ਹਾਜ਼ਰ ਸਨ।

Related Articles

Back to top button