ਭਾਰਤ ਚੋਣ ਕਮਿਸ਼ਨ ਵੱਲੋਂ ਆਨਲਾਈਨ ਵੋਟ ਰਜਿਸਟ੍ਰੇਸ਼ਨ ਦੀ ਸੁਵਿਧਾ ਸ਼ੁਰੂ, 1 ਜਨਵਰੀ 2020 ਤੱਕ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨਾਗਰਿਕ ਵੋਟ ਜ਼ਰੂਰ ਬਣਵਾਉਣ
ਨਾਗਰਿਕ ਵੱਲੋਂ www.nvsp.in ਵੈੱਬਸਾਈਟ ਉੱਪਰ ਆਪਣੀ ਵੋਟਰ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ
ਫਿਰੋਜ਼ਪੁਰ 7 ਜੁਲਾਈ 2020 ਜਿਲ੍ਹਾ ਫਿਰੋਜ਼ਪੁਰ ਦੇ ਜਿਨ੍ਹਾਂ ਨਿਵਾਸੀਆਂ ਦੀ ਵੋਟ ਨਹੀਂ ਬਣੀ ਉਨ੍ਹਾਂ ਨਿਵਾਸੀਆਂ ਦੀ ਵੋਟ ਬਣਾਉਣ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਆਨਲਾਈਨ ਰਜਿਸਟ੍ਰੇਸ਼ਨ ਦੀ ਸੁਵਿਧਾ ਦਿੱਤੀ ਗਈ ਹੈ। ਜਿਸ ਤਹਿਤ ਜ਼ਿਲ੍ਹੇ ਦਾ ਕੋਈ ਵੀ ਨਾਗਰਿਕ ਜੋ ਕਿ 1 ਜਨਵਰੀ 2020 ਨੂੰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ, ਉਹ ਆਪਣੀ ਵੋਟ ਬਣਵਾ ਸਕਦੇ ਹਨ।
ਇਹ ਜਾਣਕਾਰੀ ਦਿੰਦਿਆ ਜਿਲਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ ਸ੍ਰੀ ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਬੇਸ਼ੱਕ ਦੁਨੀਆ ਦੇ ਬਹੁਤੇ ਦੇਸ਼ਾਂ ਨੇ ਇਸ ਸਮੇਂ ਕਰੋਨਾ ਵਾਇਰਸ ਦੇ ਪ੍ਰਭਾਵ ਹੇਠ ਆਪਣੀਆਂ ਪ੍ਰਸ਼ਾਸਨਿਕ ਗਤੀਵਿਧੀਆਂ ਨੂੰ ਸੀਮਿਤ ਕੀਤਾ ਹੋਇਆਂ ਹੈ, ਤਾਂ ਵੀ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦੇ ਨਾਤੇ ਭਾਰਤ ਚੋਣ ਕਮਿਸ਼ਨ ਵੱਲੋਂ ਆਪਣੇ ਨਾਗਰਿਕਾਂ ਨੂੰ ਵੋਟ ਬਣਵਾਉਣ, ਕਟਵਾਉਣ, ਦਰੁਸਤੀ ਕਰਵਾਉਣ ਆਦਿ ਸਹੂਲਤਾ ਆਨਲਾਈਨ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਨਾਗਰਿਕ ਵੱਲੋਂ www.nvsp.in ਵੈੱਬਸਾਈਟ ਉੱਪਰ ਆਪਣੀ ਵੋਟਰ ਰਜਿਸਟ੍ਰੇਸ਼ਨ ਵੀ ਕਰਵਾਈ ਜਾ ਸਕਦੀ ਹੈ। ਇਹ ਸਭ ਇਸ ਲਈ ਕੀਤਾ ਗਿਆ ਹੈ ਤਾਂ ਕਿ ਨਾਗਰਿਕਾਂ ਨੂੰ ਆਪਣੇ ਘਰ ਤੋਂ ਬਾਹਰ ਨਾ ਜਾਣਾ ਪਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲਾ ਫਿਰੋਜਪੁਰ ਵਿੱਚ ਪੈਂਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿਚ ਜਿਹੜੇ ਨਾਗਿਰਕ ਮਿਤੀ 1 ਜਨਵਰੀ 2020 ਨੂੰ 18 ਸਾਲ ਜਾਂ ਇਸ ਤੋ ਵੱਧ ਉਮਰ ਦੇ ਹੋ ਗਏ ਹਨ ਅਤੇ ਉਹਨਾਂ ਦੀ ਅਜੇ ਤੱਕ ਵੋਟ ਨਹੀ ਬਣੀ, ਜਾ ਕਿਸੇ ਵੋਟਰ ਨੇ ਵੋਟ ਕਟਵਾਉਣੀ ਜਾ ਦੁਰਸਤ ਕਰਵਾਉਣੀ , ਉਹ ਆਪਣੇ ਚੋਣ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸ਼ਰ ( ਉਪ ਮੰਡਲ ਮੈਜਿਸਟ੍ਰੇਟ) ਦੇ ਦਫਤਰ ਜਾਂ ਜ਼ਿਲਾ ਚੋਣ ਦਫਤਰ ਵਿਖੇ ਜਾਂ ਆਪਣੇ ਏਰੀਏ ਦੇ ਬੂਥ ਲੈਵਲ ਅਫਸਰ ਅਤੇ ਆਨਲਾਈਨ ਵਿਧੀ ਰਾਹੀ ਐਨ. ਵੀ. ਐੱਸ. ਪੀ ਪੋਰਟਲ ਤੇ ਆਪਣੇ ਦਾਅਵੇ ਜਾਂ ਇਤਰਾਜ ਦਰਜ ਕਰਵਾ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6, ਵੋਟ ਕਟਵਾਉਣ ਲਈ ਫਾਰਮ ਨੰਬਰ 7, ਵੋਟ ਦੁਰੱਸਤੀ ਲਈ ਫਾਰਮ ਨੰਬਰ 8 ਅਤੇ ਵਿਧਾਨ ਸਭਾ ਹਲਕੇ ਅੰਦਰ ਵੋਟ ਬਦਲੀ ਕਰਵਾਉਣ ਲਈ ਫਾਰਮ ਨੰਬਰ 8 ਓ ਭਰਿਆ ਜਾ ਸਕਦਾ ਹੈ। ਉਨਾਂ ਕਿਹਾ ਕੇ ਜਿਲਾ ਪ੍ਰਸ਼ਾਸਨ ਦੀ ਇਹ ਕੋਸ਼ਿਸ ਹੈ ਕਿ ਜਿਲੇ ਵਿਚ 18 ਸਾਲ ਦੀ ਉਮਰ ਪੂਰੀ ਕਰਦਾ ਕੋਈ ਯੋਗ ਵਿਅਕਤੀ ਵੋਟ ਬਣਉਣ ਤੋਂ ਵਾਂਝਾ ਨਾ ਰਹੇ। ਉਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੋਗ ਉਪਰਾਲੇ ਕਰਕੇ ਵੋਟ ਦੀ ਮਹੱਤਤਾ ਸਮਝਾਉਣ ਸੰਬਧੀ ਸਵੀਪ ਦੀਆਂ ਵੱਖ-ਵੱਖ ਗਤੀਵਿਧੀਆ ਕਰਵਾਈਆ ਜਾਣਗੀਆਂ ਅਤੇ ਇਹ ਗਤੀਵਿਧੀਆ ਕੋਰੋਨਾ ਵਾਇਰਸ ਸਬੰਧੀ ਨਿਯਮਾਂ ਅਤੇ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆ ਕਰਵਾਈਆਂ ਜਾਣਗੀਆਂ । ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਹਲਕਾ ਪੱਧਰ ਤੇ ਕਾਲਜਾਂ ਦੇ ਨੋਡਲ ਅਫਸਰ, ਐਨ. ਓਜ, ਸਵੀਪ ਪਾਰਟਨਰ ਏਜੰਸੀਆਂ, ਕੈਪਸ ਅੰਬੈਸਡਰਜ , ਸੁਪਰਵਾਈਜਰ , ਬੀ ਐਲ. ਓਜ ਨਾਲ ਸਮੇਂ-ਸਮੇਂ ਤੇ ਸਵੀਪ ਗਤੀਵਿਧੀਆਂ ਕਰਵਾਉਣਗੇ ਅਤੇ ਆਨਲਾਇਨ ਮੀਟਿੰਗਾਂ ਕਰਕੇ ਹਲਕੇ ਵਿੱਚ ਪੋਲਿੰਗ ਸਟੇਸ਼ਨ ਪੱਧਰ , ਕਾਲਜ ਪੱਧਰ ਸਕੂਲ ਪੱਧਰ ਤੇ ਇਲੈਕਟਰ ਲਿਟਰੇਸੀ ਕਲੱਬਜ਼ ਨੂੰ ਐਕਟੀਵੈਟ ਕਰਨਗੇ । ਕਿੰਨਰਾਂ ਦੇ ਨਾਲ ਤਾਲਮੇਲ ਕਰਕੇ ਵੋਟਰ ਜਾਗਰੂਕਤਾ ਨਾਲ ਸਬੰਧਤ ਵੀਡੀਓ ਮੈਸੇਜ ਤਿਆਰ ਕਰਵਾ ਕੇ ਸੋਸਲ ਮੀਡੀਆ ਤੇ ਸਾਂਝੇ ਕਰਵਾਏ ਜਾਣਗੇ, ਬੀ.ਐਲ.ਓਜ਼ ਰਾਹੀ ਦਿਵਿਆਂਗ ਵਿਅਕਤੀਆਂ ਨੂੰ ਵੀ ਬਤੌਰ ਵੋਟਰ ਦਰਜ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਦਿਵਿਆਂਗਤਾ ਦੀ ਕਿਸਮ ਸਾਫਟਵੇਅਰ ਵਿੱਚ ਮਾਰਕ ਕੀਤੀ ਜਾਵੇਗੀ ਤਾਂ ਜੋ ਪੋਲਿੰਗ ਦੌਰਾਨ ਉਨ੍ਹਾਂ ਦੀ ਜ਼ਰੂਰਤ ਮੁਤਾਬਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ । ਜਿਲ੍ਹੇ ਦੇ ਸਮੂਹ ਸੀਨੀਅਰ ਸੈਕੰਡਰੀ ਸਕੂਲਾਂ ਦੇ 18 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਨੂੰ ਵੋਟਰ ਸੂਚੀ ਵਿੱਚ ਆਨਲਾਈਨ ਰਜਿਸਟ੍ਰੇਸਨ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੋਟ ਦੇ ਮਹੱਤਵ, ਅਰਥਾਤ ਵੋਟ ਬਣਉਣੀ ਜਾਂ ਵੋਟ ਇਸਤੇਮਾਲ ਕਰਨਾ ਕਿਉ ਜਰੂਰੀ ਹੈ, ਸਬੰਧੀ ਆਨਲਾਇਨ ਡੀਬੇਟ, ਕੁਇਜ਼ ਅਤੇ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਸੁਵਿਧਾ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ । ਵੋਟ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਲਈ ਜਿਲ੍ਹਾ ਹੈਲਪਲਾਈਨ ਨੰ: 1950 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।