ਬੱਚਿਆ ਵਿੱਚ ਟੀ.ਬੀ. ਦੀ ਬਿਮਾਰੀ ਦੇ ਲੱਛਣਾਂ ਅਤੇ ਇਲਾਜ਼ ਸਬੰਧੀ ਵਰਕਸ਼ਾਪ ਕਰਵਾਈ
ਬੱਚਿਆ ਵਿੱਚ ਟੀ.ਬੀ. ਦੀ ਬਿਮਾਰੀ ਦੇ ਲੱਛਣਾਂ ਅਤੇ ਇਲਾਜ਼ ਸਬੰਧੀ ਵਰਕਸ਼ਾਪ ਕਰਵਾਈ
ਫਿਰੋਜ਼ਪੁਰ, 29 ਮਾਰਚ, 2025: ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਡਾ. ਰਾਜਵਿੰਦਰ ਕੌਰ ਸਿਵਲ ਸਰਜਨ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਟੀਬੀ ਅਫ਼ਸਰ ਡਾ. ਸਤਿੰਦਰ ਓਬਰਾਏ ਦੀ ਅਗਵਾਈ ਹੇਠ ਬੱਚਿਆਂ ਦੇ ਵਿੱਚ ਹੋਣ ਵਾਲੀ ਟੀ.ਬੀ. ਸਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਵਰਲਡ ਹੈਲਥ ਪਾਰਟਨਰਜ ਦੇ ਸਹਿਯੋਗ ਨਾਲ ਕਰਵਾਈ ਗਈ। ਵਰਕਸ਼ਾਪ ਵਿੱਚ ਸਿੱਖਿਆ ਵਿਭਾਗ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਭਾਗ ਲਿਆ। ਵਰਕਸ਼ਾਪ ਦਾ ਸੰਚਾਲਨ ਵਰਲਡ ਹੈਲਥ ਪਾਰਟਨਰਜ ਦੇ ਜਿਲਾ ਪ੍ਰੋਜੈਕਟ ਕੁਆਰਡੀਨੇਟਰਡਾਕਟਰ ਅਭਿਸ਼ੇਕ ਸ਼ਰਮਾ ਵੱਲੋਂ ਕੀਤਾ ਗਿਆ ।
ਇਸ ਵਰਕਸ਼ਾਪ ਵਿੱਚ ਬੱਚਿਆਂ ਦੇ ਰੋਗਾ ਦੇ ਮਾਹਿਰ ਡਾ. ਈਸ਼ਾ ਨਰੂਲਾ ਵੱਲੋ ਬੱਚਿਆ ਵਿੱਚ ਹੋਣ ਵਾਲੀ ਟੀ ਬੀ ਦੀ ਬਿਮਾਰੀ ਸੰਬੰਧੀ ਵਿਸਥਾਰਤ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇਸ ਵਰਕਸ਼ਾਪ ਦਾ ਉਦੇਸ਼ ਬਾਲ ਟੀ.ਬੀ. ਦੇ ਲੱਛਣ, ਇਲਾਜ ਅਤੇ ਪ੍ਰਬੰਧਨ ਦੇ ਗਿਆਨ ਨੂੰ ਵਧਾਉਣਾ ਹੈ। ਉਨ੍ਹਾਂ ਦੱਸਿਆ ਕਿ ਜੀਰੋ ਤੋਂ ਚੌਦਾਂ ਸਾਲ ਦੇ ਬੱਚਿਆਂ ਵਿੱਚ ਦੋ ਹਫਤਿਆਂ ਤੋਂ ਵੱਧ ਖੰਘ ਅਤੇ ਬੁਖਾਰ, ਭਾਰ ਦਾ ਘਟਣਾ, ਥੁੱਕ ਵਿੱਚ ਖੁਨ, ਭੁੱਖ ਦਾ ਨਾ ਲੱਗਣਾ ਅਤੇ ਰਾਤ ਸਮੇਂ ਪਸੀਨਾ ਆਉਣਾ ਆਦਿ ਟੀ.ਬੀ. ਦੀ ਬਿਮਾਰੀ ਦੇ ਲੱਛਣ ਨਜਰ ਆਉਣ ਤਾਂ ਬੱਚਿਆਂ ਦੇ ਮਾਹਿਰ ਡਾਕਟਰ ਜਾਂ ਟੀ.ਬੀ. ਕਲੀਨਿਕ ਵਿਖੇ ਜਾਂਚ ਕਰਵਾਈ ਜਾਵੇ।
ਡਾ. ਸਤਿੰਦਰ ਓਬਰਾਏ ਨੇ ਦੱਸਿਆ ਕਿ ਛੋਟੇ ਬੱਚਿਆਂ ਵਿੱਚ ਟੀ.ਬੀ. ਦੀ ਬਿਮਾਰੀ ਦੀ ਪਹਿਚਾਣ ਕਰਨਾ ਮੁਸ਼ਕਿਲ ਹੁੰਦਾ ਹੈ ਕਿਉਕਿ ਛੋਟਾ ਬੱਚਾ ਲੱਛਣਾਂ ਸਬੰਧੀ ਦੱਸ ਨਹੀਂ ਸਕਦਾ ਅਤੇ ਉਸਦੇ ਸੈਂਪਲ ਲੈਣ ਵਿੱਚ ਵੀ ਮੁਸ਼ਕਿਲ ਪੇਸ਼ ਆਉਂਦੀ ਹੈ ਜਿਸ ਕਾਰਣ ਬੱਚਿਆਂ ਰਾਹੀਂ ਟੀ.ਬੀ. ਦੀ ਬਿਮਾਰੀ ਦੇ ਹੋਰਨਾਂ ਤੱਕ ਫੈਲਣ ਦਾ ਖਤਰਾ ਵਧ ਜਾਂਦਾ ਹੈ।
ਇਸ ਵਰਕਸ਼ਾਪ ਵਿੱਚ ਡਾ. ਜਸਲੀਨ ਗਿੱਲ, ਡਾ ਹਰਪ੍ਰੀਤ ਕੌਰ, ਡਾ ਸਮਿੰਦਰ ਕੌਰ, ਡਾ ਯੁਵਰਾਜ, ਜਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਸਿੱਖਿਆ ਵਿਭਾਗ ਤੋਂ ਰਛਪਾਲ ਸਿੰਘ, ਮੈਡਮ ਡੌਲੀ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਤੋਂ ਅਲਕਾ ਰਾਣੀ ਅਤੇ ਸ਼ਰਨਦੀਪ ਕੌਰ ਨੇ ਭਾਗ ਲਿਆ।
***