Ferozepur News

ਬੇਟੀ ਜਨਮ ਮਹਾਂਉਤਸਵ ਮੌਕੇ 500 ਨਵ ਜੰਮੀਆਂ ਬੱਚੀਆਂ ਤੇ ਉਨ੍ਹਾਂ ਦੇ ਮਾਪਿਆ ਦਾ ਸਨਮਾਨ

ਬੇਟੀ ਜਨਮ ਮਹਾਂਉਤਸਵ ਮੌਕੇ 500 ਨਵ ਜੰਮੀਆਂ ਬੱਚੀਆਂ ਤੇ ਉਨ੍ਹਾਂ ਦੇ ਮਾਪਿਆ ਦਾ ਸਨਮਾਨ
ਭਰੂਣ ਹੱਤਿਆ ਸਾਡੇ ਸਮਾਜ ਦੇ ਮੱਥੇ ਤੇ ਕਲੰਕ-ਕਮਲ ਸ਼ਰਮਾ
ਲੜਕੀਆਂ ਨੂੰ ਸਮਾਜ ਵਿਚ ਬਣਦਾ ਮਾਣ ਸਤਿਕਾਰ ਦੇਣ ਲਈ ਵੱਡੇ ਯਤਨਾਂ ਦੀ ਲੋੜ:-ਖਰਬੰਦਾ
Honouring of parents of daguthers
ਫ਼ਿਰੋਜ਼ਪੁਰ 7 ਨਵੰਬਰ 2016 ( ) ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ,ਸਿਹਤ, ਸਿੱਖਿਆ ਆਦਿ ਵਿਭਾਗਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਕੰਨਿਆ ਭਰੂਣ ਹੱਤਿਆ ਪ੍ਰਤੀ ਜਾਗਰੂਕ ਕਰਨ ਅਤੇ ਲੜਕੀਆਂ ਨੂੰ ਸਮਾਜ ਵਿਚ ਬਣਦਾ ਮਾਣ ਸਤਿਕਾਰ ਦੇਣ ਦੇ ਮਕਸਦ ਨਾਲ ਨਵ ਜੰਮੀਆਂ ਬੱਚੀਆਂ ਨੂੰ ਸਨਮਾਨਿਤ ਕਰਨ ਲਈ ਬੇਟੀ ਜਨਮ ਮਹਾਂਉਤਸਵ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ.ਕਮਲ ਸ਼ਰਮਾ ਰਾਸ਼ਟਰੀ ਕਾਰਜਕਾਰਨੀ ਮੈਂਬਰ ਬੀ.ਜੇ.ਪੀ ਸਨ ਜਦਕਿ ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ.ਕਮਲ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ 500 ਨਵ ਜੰਮੀਆਂ ਬੱਚੀਆਂ ਤੇ ਉਨ੍ਹਾਂ ਦੇ ਮਾਤ-ਪਿਤਾ ਨੂੰ ਸਨਮਾਨਿਤ ਕਰਨਾ ਸ਼ਲਾਘਾਯੋਗ ਕਦਮ ਹੈ; ਜਿਸ ਨਾਲ ਲੜਕੀਆਂ ਦੇ ਮਾਣ ਸਨਮਾਨ ਵਿਚ ਹੋਰ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰੇ ਪੰਜਾਬੀਆਂ  ਨੂੰ ਮਿਲਕੇ ਲੜਕੀਆਂ ਦੀ ਜਨਮ ਵਿਚ ਵਾਧੇ ਤੇ ਉਨ੍ਹਾਂ ਨੂੰ ਸਮਾਜ ਵਿਚ ਬਣਦਾ ਮਾਣ ਸਤਿਕਾਰ ਦਿਵਾਉਣ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ ਤੇ ਸਮਾਜ ਦੇ ਮਿੱਥੇ ਤੇ ਲੱਗੇ ਕੁੜੀਮਾਰਾਂ ਦੇ ਕਲੰਕ ਨੂੰ ਧੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਰੂਣ ਹੱਤਿਆ ਕਰਨ ਵਾਲੇ ਲੋਕਾਂ ਨੂੰ ਕਾਨੂੰਨੀ ਸਜਾ ਦੇ ਨਾਲ-ਨਾਲ ਉਨ੍ਹਾਂ ਦਾ ਸਮਾਜਿਕ ਬਾਈਕਾਟ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਨਵਜੰਮੀਆਂ ਬੱਚੀਆਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਕਿਹਾ ਕਿ ਇਹ ਵੱਡੇ ਦੁੱਖ ਦੀ ਗੱਲ ਹੈ ਕਿ ਭਾਰਤ ਸਰਕਾਰ ਵੱਲੋਂ ਲੜਕਿਆਂ ਦੇ ਮੁਕਾਬਲੇ ਘੱਟ ਲੜਕੀਆਂ ਵਾਲੇ ਜ਼ਿਲ੍ਹਿਆਂ ਦੇ ਕਰਵਾਏ ਗਏ ਸਰਵੇ ਵਿਚ ਜਿਹੜੇ 100 ਜ਼ਿਲ੍ਹੇ ਸਾਹਮਣੇ ਆਏ ਹਨ, ਉਨ੍ਹਾਂ ਵਿਚ ਫਿਰੋਜਪੁਰ ਜ਼ਿਲ੍ਹਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸਾਰੇ ਧਰਮ ਲੜਕੀਆਂ ਅਤੇ ਔਰਤਾਂ ਨੂੰ ਸਮਾਜ ਵਿਚ ਬਰਾਬਰ ਦਾ ਸੰਦੇਸ਼ ਦਿੰਦੇ ਹਨ ਪਰ ਸਾਡੇ ਸਮਾਜ ਵਿਚ ਕੰਨਿਆਂ ਭਰੂਣ ਹੱਤਿਆ ਵਰਗੀ ਬਿਮਾਰੀ ਵੱਡਾ ਕਲੰਕ ਹੈ, ਜਿਸ ਨੂੰ ਜੜ੍ਹ ਤੋਂ ਖ਼ਤਮ ਕਰਨ ਦਾ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਨਿਆਂ ਭਰੂਣ ਹੱਤਿਆ ਖ਼ਿਲਾਫ਼ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਦੀ ਪ੍ਰਸੰਸਾ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣ ਕੇ ਇਸ ਕੁਰੀਤੀ ਨੂੰ ਖ਼ਤਮ ਕਰਨ ਵਿਚ ਸਹਿਯੋਗ ਦੇਣ।
 ਉਨ੍ਹਾਂ ਕਿਹਾ ਕਿ ਫਿਰੋਜਪੁਰ ਜ਼ਿਲ੍ਹੇ ਵਿਚ ਪਹਿਲੇ 1000 ਲੜਕਿਆਂ ਪਿੱਛੇ ਸਿਰਫ਼ 847 ਲੜਕੀਆਂ ਸਨ।  ਪਰ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਕਾਰਨ ਹੁਣ ਫਿਰੋਜਪੁਰ ਜ਼ਿਲ੍ਹੇ ਵਿਚ 1000 ਲੜਕੀਆਂ ਪਿੱਛੇ 890 ਲੜਕੀਆਂ ਹਨ। ਜਿਸ ਨੂੰ ਬਰਾਬਰ ਕਰਨ ਦੀ ਲੋੜ ਹੈ। ਉਨ੍ਹਾਂ  ਕਿਹਾ ਕਿ ਉਦੋਂ ਤੱਕ ਸਾਡਾ ਸਾਰਿਆਂ ਦਾ ਸਿਰ ਨੀਵਾਂ ਰਹੇਗਾ, ਜਦੋਂ ਤੱਕ ਲੜਕਿਆਂ ਦੇ ਮੁਕਾਬਲੇ  ਲੜਕੀਆਂ ਦੀ ਸੰਖਿਆ ਬਰਾਬਰ ਨਹੀਂ ਹੁੰਦੀ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਲੜਕੀਆਂ ਦੀ ਪੜਾਈ ਤੇ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਤੇ ਨਵਜੰਮੀਆਂ ਬੱਚੀਆਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ।
ਸਮਾਗਮ ਮੌਕੇ ਸਰਕਾਰੀ ਹਾਈ ਸਕੂਲ ਸੋਢੀ ਨਗਰ ਦੇ ਵਿਦਿਆਰਥੀਆਂ ਵੱਲੋਂ ਮਲਵਾਈ ਗਿੱਧਾ, ਦੇਵ ਸਮਾਜ ਸਕੂਲ, ਦੇਣ ਸਮਾਜ ਕਾਲਜ, ਗੌਰਮਿੰਟ ਹਾਈ ਸਕੂਲ ਪਿੰਡੀ, ਲੋਕ ਕਲਾ ਮੰਚ ਫ਼ਰੀਦਕੋਟ ਆਦਿ ਟੀਮਾਂ ਵੱਲੋਂ ਬੇਟੀ ਬਚਾਓ, ਬੇਟੀ ਪੜ੍ਹਾਓ, ਵਿਸ਼ੇ ਤੇ ਸਫਲ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਮੌਕੇ ਨਵਜੰਮੀਆਂ ਬੱਚੀਆਂ ਦੇ ਜਨਮ ਦੀ ਖੁਸ਼ੀ ਵਿਚ ਕੇਕ ਵੀ ਕੱਟੀਆ ਗਿਆ।
ਇਸ ਸਮਾਗਮ ਵਿਚ ਵਧੀਕ ਡਿਪਟੀ ਕਮਿਸ਼ਨਰ ਮੈਡਮ ਸ਼ਰੂਤੀ ਸ਼ਰਮਾ ਆਈ.ਏ.ਐਸ, ਸ੍ਰੀ.ਵਨੀਤ ਕੁਮਾਰ ਐਸ.ਡੀ.ਐਮ ਜ਼ੀਰਾ, ਸ੍ਰ.ਦਰਸ਼ਨ ਸਿੰਘ ਮੋਠਾਂਵਾਲਾ ਮੈਂਬਰ ਐਸ.ਜੀ.ਪੀ.ਸੀ, ਸ੍ਰੀ.ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਸ਼ਲ, ਸ.ਜਗਰਾਜ ਸਿੰਘ ਕਟੋਰਾ ਚੇਅਰਮੈਨ, ਸ੍ਰ.ਬਲਵੰਤ ਸਿੰਘ ਰੱਖੜੀ ਚੇਅਰਮੈਨ, ਸਹਾਇਕ ਕਮਿਸ਼ਨਰ ਸ੍ਰੀਮਤੀ ਸਵਰਨਜੀਤ ਕੌਰ, ਸ੍ਰੀਮਤੀ ਸਰਬਜੀਤ ਕੌਰ ਪੀ.ਜੀ.ਓ, ਸ੍ਰ.ਅਮਰੀਕ ਸਿੰਘ ਡੀ.ਪੀ.ਆਰ.ਓ, ਸਿਵਲ ਸਰਜਨ ਡਾ: ਜੈ ਸਿੰਘ, ਪ੍ਰਿੰ: ਡਾ: ਮਧੂ ਪ੍ਰਾਸ਼ਰ, ਡਾ: ਸਤਨਾਮ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਰਤਨਦੀਪ ਕੌਰ ਸੰਧੂ, ਸੀ੍ਰ.ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ, ਸ੍ਰੀ.ਪ੍ਰਗਟ ਸਿੰਘ ਬਰਾੜ ਡਿਪਟੀ ਡੀ.ਈ.ਓ (ਐਲੀ:), ਸ੍ਰੀ.ਅਸ਼ਵਨੀ ਮਹਿਤਾ ਸਮੇਤ ਨਵ ਜੰਮੀਆਂ ਦੇ ਮਾਤਾ ਪਿਤਾ ਤੋ ਇਲਾਵਾ ਵੱਖ-ਵੱਖ ਦੇ ਅਧਿਕਾਰੀ ਹਜ਼ਾਰ ਸਨ।

Related Articles

Back to top button