ਬਿਨਾਂ ਕਿਸੇ ਵੈਲਿਡ ਰਿਜ਼ਨ ਤੇ ਨਹੀਂ ਮਿਲੇਗੀ ਕਰਮਚਾਰੀਆਂ ਨੂੰ ਡਿਊਟੀ ਤੋਂ ਛੋਟ- ਜ਼ਿਲ੍ਹਾ ਚੋਣ ਅਫਸਰ
ਬਿਨਾਂ ਕਿਸੇ ਵੈਲਿਡ ਰਿਜ਼ਨ ਤੇ ਨਹੀਂ ਮਿਲੇਗੀ ਕਰਮਚਾਰੀਆਂ ਨੂੰ ਡਿਊਟੀ ਤੋਂ ਛੋਟ- ਜ਼ਿਲ੍ਹਾ ਚੋਣ ਅਫਸਰ
- ਝੂਠ ਜਾਂ ਗਲਤ ਢੰਗ ਨਾਲ ਡਿਊਟੀ ਤੋਂ ਛੋਟ ਲੈਣ ਵਾਲੇ ਕਰਮਚਾਰੀ ਖਿਲਾਫ ਹੋਵੇਗੀ ਸਖਤ ਕਾਰਵਾਈ
ਫਿਰੋਜ਼ਪੁਰ 21.01.2021() ਜ਼ਿਲ੍ਹਾ ਚੋਣ ਅਫਸਰ ਗਿਰਿਸ਼ ਦਯਾਲਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਧਾਨ ਸਭਾ ਚੋਣਾਂ ਸਬੰਧੀ ਸਮੂਹ ਆਰ.ਓਜ਼ ਅਤੇ ਅਧਿਕਾਰੀਆਂ ਨਾਲ ਬੈਠਕ ਕਰਦੇ ਹੋਏ ਸਖਤ ਨਿਰਦੇਸ਼ ਦਿੱਤੇ ਕਿ ਵਿਧਾਨ ਸਭਾ ਚੋਣਾਂ ਦਾ ਕੰਮ ਸੁਚਾਰੂ ਨਾਲ ਨੇਪਰੇ ਚਾੜ੍ਹਨ ਲਈ ਕਿਸੇ ਵੀ ਅਧਿਕਾਰੀ ਅਤੇ ਕਰਮਚਾਰੀ ਨੂੰ ਬਿਨਾਂ ਕਿਸੇ ਵੈਧ (ਵੈਲਿਡ) ਰੀਜ਼ਨ ਤੋਂ ਬਿਨਾਂ ਡਿਊਟੀ ਤੋਂ ਛੋਟ ਨਾ ਦਿਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਦੇਖਣ ਵਿਚ ਆਇਆ ਹੈ ਕਿ ਚੋਣਾਂ ਵਿੱਚ ਕਰਮਚਾਰੀ ਬਿਨ੍ਹਾਂ ਕਿਸੇ ਕਾਰਨ ਤੋਂ ਚੋਣ ਪ੍ਰਕਿਰਿਆ ਵਿਚ ਡਿਊਟੀ ਕਰਨ ਤੋਂ ਗੁਰੇਜ਼ ਕਰਦੇ ਹਨ ਜਦਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਅਸੀਂ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਹਿੱਸਾ ਬਣਨ ਦੇ ਲਈ ਮਹੱਤਵਪੂਰਨ ਰੋਲ ਅਦਾ ਕਰ ਰਹੇ ਹਾਂ।
ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਕਰਮਚਾਰੀਆਂ ਨੂੰ ਡਿਊਟੀ ਤੋਂ ਛੋਟ ਦੇਣ ਲਈ ਇਕ ਕਮੇਟੀ ਦਾ ਵੀ ਗਠਨ ਕੀਤਾ ਜਾਵੇ ਜਿਸ ਵਿਚ ਸਬੰਧਤ ਅਧਿਕਾਰੀਆਂ ਤੋਂ ਇਲਾਵਾ ਡਾਕਟਰਜ਼ ਨੂੰ ਵੀ ਸ਼ਾਮਲ ਕੀਤਾ ਜਾਵੇ। ਜੇਕਰ ਕਰਮਚਾਰੀ ਸਿਹਤ ਖਰਾਬ ਹੋਣ ਜਾਂ ਕੋਈ ਵੈਧ ਰੀਜ਼ਨ ਕਰਕੇ ਡਿਊਟੀ ਤੇ ਹਾਜ਼ਰ ਨਹੀਂ ਹੋ ਸਕਦਾ ਤਾਂ ਇਸ ਸਬੰਧੀ ਕਮੇਟੀ ਪੂਰੀ ਤਰ੍ਹਾਂ ਨਾਲ ਜਾਂਚ ਕਰਨ ਉਪਰੰਤ ਹੀ ਡਿਊਟੀ ਤੋਂ ਛੋਟ ਸਬੰਧੀ ਫੈਸਲਾ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਜੇ ਕੋਈ ਕਰਮਚਾਰੀ ਝੂਠ ਬੋਲ ਕੇ ਜਾਂ ਬਿਨਾਂ ਕਿਸੇ ਵੈਧ ਰੀਜ਼ਨ ਦੇ ਡਿਊਟੀ ਤੋਂ ਛੋਟ ਲੈਣ ਸਬੰਧੀ ਪਾਇਆ ਗਿਆ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ 23 ਜਨਵਰੀ ਨੂੰ ਚੋਣਾਂ ਸਬੰਧੀ ਰਿਹਰਸਲ ਕਰਵਾਈ ਜਾ ਰਹੀ ਹੈ ਜੇਕਰ ਕਿਸੇ ਕਰਮਚਾਰੀ ਦੀ ਰਿਪੋਰਟ ਪਾਜੇਟਿਵ ਹੈ ਤਾਂ ਉਹ ਕਰਮਚਾਰੀ ਇਸ ਟ੍ਰੇਨਿੰਗ ਤੋਂ ਛੋਟ ਲੈਣ ਲਈ ਵੈਲਿਡ ਪਰੂਫ ਦਿਖਾ ਕੇ ਅਪਲਾਈ ਕਰ ਸਕਦਾ ਹੈ ਪਰ ਜਦੋਂ ਇਸ ਕਰਮਚਾਰੀ ਦਾ 7 ਦਿਨਾਂ ਦਾ ਕੋਆਰਨਟਾਈਨ ਪੀਰੀਅਡ ਸਮਾਪਤ ਹੋ ਜਾਵੇਗਾ ਤਾਂ ਅਗਲੀ ਟ੍ਰੇਨਿੰਗ ਤੇ ਉਹ ਹਾਜ਼ਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਟ੍ਰੇਨਿੰਗ ਵਿੱਚ ਗੈਰ ਮੌਜੂਦ ਰਹਿਣ ਵਾਲੇ ਕਰਮਚਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਨ ਤੋਂ ਇਲਾਵਾ ਦੂਸਰਾ ਮੁੱਖ ਕੰਮ ਵੈਕਸੀਨੇਸ਼ਨ ਪ੍ਰਕਿਰਿਆ ਵਿਚ ਵੀ ਤੇਜ਼ੀ ਲਿਆਉਣਾ ਹੈ। ਉਨ੍ਹਾਂ ਨੇ ਸਮੂਹ ਐਸ.ਡੀ.ਐਮ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਵੈਕਸੀਨੇਸ਼ਨ ਦੇ ਕੰਮ ਵਿਚ ਤੇਜੀ ਲਿਆਉਣ ਦੇ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਤਾਲਮੇਲ ਕਰਦੇ ਹੋਏ ਵੈਕਸੀਨੇਸ਼ਨ ਲਗਾਉਣ ਅਤੇ ਡਾਟਾ ਅਪਲੋਡ ਕਰਨ ਲਈ ਟੀਮਾਂ ਦਾ ਗਠਨ ਕੀਤਾ ਜਾਵੇ ਅਤੇ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਇਸ ਤਰ੍ਹਾਂ ਨਾਲ ਪ੍ਰਬੰਧ ਕੀਤੇ ਜਾਣ ਕਿ ਕਿਸੇ ਨੂੰ ਵੀ ਵੈਕਸੀਨੇਸ਼ਨ ਲਗਾਉਣ ਵਾਲੀ ਥਾਂ ਤੇ ਖੱਜਲ ਖੁਆਰ ਨਾ ਹੋਣਾ ਪਵੇ। ਉਨ੍ਹਾਂ ਨੇ ਕਿਹਾ ਕਿ ਚੋਣ ਪ੍ਰਕਿਰਿਆ ਸਬੰਧੀ ਸੈਂਟਰਾਂ ਵਿਖੇ ਰਿਹਰਸਲਾਂ ਵੀ ਕਰਵਾਈਆਂ ਜਾ ਰਹੀਆਂ ਹਨ। ਇਸ ਗੱਲ ਨੂੰ ਵੀ ਨਿਸਚਿਤ ਬਣਾਇਆ ਜਾਵੇ ਕਿ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਵਾਲੇ ਸਾਰੇ ਕਰਮਚਾਰੀਆਂ ਦੇ ਵੈਕਸੀਨ ਲੱਗੀ ਹੋਵੇ ਅਤੇ ਮੌਕੇ ਤੇ ਟੈਸਟ ਕਰਵਾਉਣ ਦਾ ਵੀ ਵਿਸ਼ੇਸ਼ ਪ੍ਰਬੰਧ ਹੋਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨ. ਅਮਿਤ ਮਹਾਜਨ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਮਰਦੀਪ ਗੁਜਰਾਲ, ਐੱਸ.ਡੀ. ਐਮ. ਫਿਰੋਜ਼ਪੁਰ ਓਮ ਪ੍ਰਕਾਸ਼, ਐੱਸ.ਡੀ.ਐੱਮ ਗੁਰੂਹਰਸਹਾਏ ਬਬਨਦੀਪ ਸਿੰਘ, ਐੱਸ.ਡੀ.ਐੱਮ ਜ਼ੀਰਾ ਸੂਬਾ ਸਿੰਘ, ਤਹਿਸੀਲਦਾਰ ਚੋਣਾਂ ਚਾਂਦ ਪ੍ਰਕਾਸ਼ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।