Ferozepur News
ਫੈਡਰੇਸ਼ਨ ਗਰੇਵਾਲ ਵੱਲੋਂ ‘ਲੁਟੇਰੇ ਨੋਟੰਕੀ ਭਜਾਓ, ਪੰਜਾਬ ਬਚਾਓ’ ਸੂਬੇ ਪੱਧਰੀ ਮੁਹਿੰਮ ਦਾ ਆਗਾਜ਼
ਫੈਡਰੇਸ਼ਨ ਗਰੇਵਾਲ ਵੱਲੋਂ ‘ਲੁਟੇਰੇ ਨੋਟੰਕੀ ਭਜਾਓ, ਪੰਜਾਬ ਬਚਾਓ’ ਸੂਬੇ ਪੱਧਰੀ ਮੁਹਿੰਮ ਦਾ ਆਗਾਜ਼
ਕਾਂਗਰਸ, ਆਮ ਆਦਮੀ ਪਾਰਟੀ ਤੇ ਭਾਜਪਾ ਨੂੰ ਪੰਜਾਬ ਦੇ ਸਿਆਪੀ ਪਿੜ ’ਚੋਂ ਕਰਾਂਗੇ ਲਾਂਭੇ
ਗੌਰਵ ਮਾਣਿਕ
ਫਿਰੋਜ਼ਪੁਰ, 3 ਜੁਲਾਈ 2021 : ਪੰਜਾਬ ਦੇ ਲੋਕਾਂ ਲਈ ਸੰਘਰਸ਼ ਕਰਨ ਵਾਲੀ ਜੱਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਆਰਥਿਕ ਪੱਖੋਂ ਪੰਜਾਬ ਨੂੰ ਤੋੜਨ, ਗੁਟਕਾ ਸਾਹਿਬ ਦੀ ਸਹੁੰ ਖਾਂ ਕੇ ਮੁਕਰਨ ਵਾਲੀ ਕਾਂਗਰਸ, ਝੂਠੇ ਨੋਟੰਕੀ ਬਾਜ ਕੇਜਰੀਵਾਲ ਅਤੇ ਕਿਸਾਨ ਵਿਰੋਧੀ ਭਾਜਪਾ ਨੂੰ ਪੰਜਾਬ ਦੇ ਸਿਆਸੀ ਪਿੜ ’ਚੋਂ ਬਾਹਰ ਕਰਨ ਲਈ ਸੂਬੇ ਅੰਦਰ ‘ਲੁਟੇਰੇ ਨੋਟੰਕੀ ਭਜਾਓ, ਅਕਾਲੀ ਲਿਆਓ ਪੰਜਾਬ ਬਚਾਓ’ ਸੂਬਾ ਪੱਧਰੀ ਮੁਹਿੰਮ ਆਰੰਭ ਕੀਤੀ ਜਾ ਰਹੀ ਹੈ, ਜਿਸ ਦਾ ਆਗਾਜ਼ ਸਰਹੱਦੀ ਇਲਾਕੇ ਫਿਰੋਜ਼ਪੁਰ ਤੋਂ ਅੱਜ ਕੀਤਾ ਗਿਆ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਫਿਰੋਜ਼ਪੁਰ ਜ਼ਿਲ੍ਹਾ ਜੱਥੇਬੰਦੀ ਦੀ ਇਕ ਭਰਵੀਂ ਮੀਟਿੰਗ ਦੌਰਾਨ ਕੀਤਾ। ਭਾਈ ਗਰੇਵਾਲ ਨੇ ਕਿਹਾ ਕਿ ਪੰਜਾਬ ਦੇ ਅੱਜ ਦੇ ਮਾੜੇ ਹਲਾਤਾਂ ਦੇ ਜ਼ਿੰਮੇਵਾਰ ਕਾਂਗਰਸ ਜਿਸ ਦੇ ਕਪਤਾਨ ਤੇ ਸਾਥੀਆਂ ਨੇ ਗੁਟਕਾ ਸਾਹਿਬ ਦੀ ਸਹੁੰ ਖਾਂ ਕੇ ਨਸ਼ਾ, ਬੇਅਦਬੀ, ਰੇਤ ਮਾਫ਼ੀਆ, ਰਿਸ਼ਵਤ ਵਰਗੀਆਂ ਲਾਹਨਤਾਂ ਨੂੰ ਚਾਰ ਹਫ਼ਤਿਆਂ ’ਚ ਖ਼ਤਮ ਕਰਨ, ਕਿਸਾਨੀ ਕਰਜ਼ੇ ’ਤੇ ਲੀਕ ਮਾਰਨ ਵਰਗੇ ਕੀਤੇ ਐਲਾਨ ਅੱਜ ਸਾਢੇ ਚਾਰ ਸਾਲ ਬਾਅਦ ਵੀ ਜਿਓ ਤੇ ਤਿਓ ਖੜ੍ਹੇ ਹਨ। ਪੰਜਾਬ ਦੀ ਹਰ ਪਾਸਿਓ ਲੁੱਟ ਕੀਤੀ ਜਾ ਰਹੀ ਹੈ, ਅੰਨਦਾਤਾ, ਬੇਰੁਜ਼ਗਾਰ ਨੌਜਵਾਨ, ਦਲਿਤ ਸਭ ਸੜਕਾਂ ’ਤੇ ਆ ਚੁੱਕੇ ਹਨ।
ਪਰ ਕਾਂਗਰਸ ਦੇ ਕਪਤਾਨ ਕੁਰਸੀ ਬਚਾਉਣ ਲਈ ਦਾਅਵਤਾ ’ਚ ਮਸ਼ਰੂਫ ਹਨ ਜਾਂ ਆਰਾਮ ਪ੍ਰਸਤੀ ’ਚ ਰੁਝੇ ਹੋਏ ਹਨ। ਦੂਜੇ ਪਾਸੇ ਝੂਠ ਦੇ ਸਿਰ ’ਤੇ ਉਸਰੀ ਆਮ ਆਦਮੀ ਪਾਰਟੀ ਨਿੱਤ ਨਵੀਆਂ ਡਰਾਮੇਬਾਜ਼ੀਆਂ ਕਰਕੇ ਪੰਜਾਬ ਦੀ ਭੋਲੀ-ਭਾਲੀ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ। ਪਿੱਛਲੇ ਸਮੇਂ ਪੰਜਾਬ ਅੰਦਰ ਹੋਈਆਂ ਚੋਣਾਂ ਅੰਦਰ ਪ੍ਰਵਾਸੀ ਆਗੂਆਂ ਵੱਲੋਂ ਪੰਜਾਬ ਦੀ ਇੱਜਤ ਅਤੇ ਪੈਸੇ ਦੇ ਹੋਏ ਸ਼ੋਸ਼ਣ ਦਾ ਹਿਸਾਬ ਮੰਗਿਆ ਜਾਵੇਗਾ। ਅਜਿਹੀਆਂ ਪਾਰਟੀਆਂ ਨੂੰ ਪੰਜਾਬ ਦੇ ਸੱਤਾ ਪਿੜ ’ਚੋਂ ਬਾਹਰ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਫੈਡਰੇਸ਼ਨ ਵਰਕਰ ਪੰਜਾਬ ਦੇ ਅਸਲ ਵਾਰਸ ਅਕਾਲੀ ਦਲ ਨੂੰ ਸੂਬੇ ਦੀ ਵਾਂਗਡੋਰ ਫੜ੍ਹਾਉਣ ਲਈ ਜਦੋਂ-ਜਹਿਦ ਕਰੇਗੀ।
ਇਸ ਮੌਕੇ ਦਿਲਬਾਗ ਸਿੰਘ ਵਿਰਕ, ਡਾ: ਨਿਰਵੈਰ ਸਿੰਘ ਉਪਲ, ਪਰਮਜੀਤ ਸਿੰਘ ਕਲਸੀ, ਗੁਰਬਖਸ਼ ਸਿੰਘ ਸੇਖੋਂ, ਦਵਿੰਦਰ ਸਿੰਘ ਕਲਸੀ, ਮਨਪ੍ਰੀਤ ਸਿੰਘ, ਖਾਲਸਾ, ਗੁਰਜੀਤ ਸਿੰਘ ਚੀਮਾ, ਡਾ: ਭਜਨ ਸਿੰਘ, ਉਡੀਕ ਸਿੰਘ ਕੁੰਡੇ, ਜਸਬੀਰ ਸਿੰਘ ਬੱਗੇ ਵਾਲਾ, ਕੈਪਟਨ ਪਿਆਰਾ ਸਿੰਘ, ਗੁਰਮੀਤ ਸਿੰਘ ਖੜੋਲੇ, ਬਲਵਿੰਦਰ ਸਿੰਘ, ਗੁਰਜੰਟ ਸਿੰਘ ਮੱਤੜ, ਪ੍ਰਦੀਪ ਸਿੰਘ ਭੁੱਲਰ, ਨਰਿੰਦਰ ਸਿੰਘ ਜੋਸਨ, ਬੂਟਾ ਸਿੰਘ ਸੰਧੂ, ਸੁਰਜੀਤ ਸਿੰਘ, ਜਰਨੈਲ ਸਿੰਘ ਗਾਬੜੀਆਂ, ਨਿਰਭੈ ਸਿੰਘ, ਗਗਨਦੀਪ ਸਿੰਘ ਚਾਵਲਾ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ, ਚਾਨਣ ਸਿੰਘ ਸਮੇਤ ਵੱਡੀ ਗਿਣਤੀ ’ਚ ਜ਼ਿਲ੍ਹਾ ਫਿਰੋਜ਼ਪੁਰ ਦੀ ਲੀਡਰਸ਼ਿੱਪ ਹਾਜ਼ਰ ਸੀ।