ਫਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਫਿਊ ਦੌਰਾਨ ਲੋਕਾਂ ਨੂੰ ਰੋਜਾਨਾ ਦੀਆਂ ਜ਼ਰੂਰਤਾ ਵਾਲੇ ਸਮਾਨ ਘਰਾਂ ਵਿਚ ਹੀ ਪਹੁੰਚਾਏ ਜਾਣਗੇ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਫਿਊ ਦੌਰਾਨ ਲੋਕਾਂ ਨੂੰ ਰੋਜਾਨਾ ਦੀਆਂ ਜ਼ਰੂਰਤਾ ਵਾਲੇ ਸਮਾਨ ਘਰਾਂ ਵਿਚ ਹੀ ਪਹੁੰਚਾਏ ਜਾਣਗੇ
ਡਿਪਟੀ ਕਮਿਸ਼ਨਰ ਨੇ ਦੁਕਾਨਦਾਰਾਂ/ਵਿਕਰੇਤਾ ਦੇ ਸੰਪਰਕ ਨੰਬਰਾਂ ਦੀ ਸੂਚੀ ਕੀਤੀ ਜਾਰੀ ਤਾਂ ਜੋ ਘਰ-ਘਰ ਜਾ ਕੇ ਦਵਾਈਆਂ, ਕਰਿਆਨੇ, ਫਲ, ਸਬਜ਼ੀਆਂ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਹੋਮ ਡਿਲਿਵਰੀ ਯਕੀਨੀ ਬਣਾਈ ਜਾ ਸਕੇ।
ਕਿਹਾ, ਵਿਸ਼ਾਲ ਇੱਕਠ ਤੋਂ ਬਚਣ ਲਈ ਦੁਕਾਨਾਂ ਬੰਦ ਰਹਿਣਗੀਆਂ ਪਰ ਸਮਾਨ ਦੀ ਹੋਮ ਡਿਲਿਵਰੀ ਜਾਰੀ ਰਹੇਗੀ
ਫਿਰੋਜ਼ਪੁਰ 25-03-2020 ( )
ਕਰਫਿਊ ਦੌਰਾਨ ਫਿਰੋਜ਼ਪੁਰ ਦੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਵੱਡੀ ਪੱਧਰ ‘ਤੇ ਦੁਕਾਨਦਾਰਾਂ ਅਤੇ ਸੇਵਾ ਪ੍ਰਦਾਤਾਵਾਂ (ਸਰਵਿਸ ਪ੍ਰੋਵਾਈਡਰਾਂ) ਨੂੰ ੂਹੋਮ ਡਿਲਿਵਰੀ ਰਾਹੀਂ ਰੋਜ਼ਾਨਾ ਜ਼ਰੂਰਤਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ।
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਕੁਲਵੰਤ ਸਿੰਘ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਨੇ ਦੁਕਾਨਦਾਰਾਂ ਅਤੇ ਸੇਵਾ ਪ੍ਰਦਾਤਾਵਾਂ ਰਾਹੀਂ ਲੋਕਾਂ ਨੂੰ ਕਰਿਆਨੇ ਦੀਆਂ ਚੀਜ਼ਾਂ, ਸਬਜ਼ੀਆਂ, ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ, ਦਵਾਈਆਂ ਅਤੇ ਹੋਰ ਰੋਜ਼ਾਨਾ ਦੀਆਂ ਜ਼ਰੂਰਤਾਂ ਦੀ ਹੋਮ ਡਿਲਿਵਰੀ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਦੁਕਾਨਦਾਰਾਂ ਦੇ ਮੋਬਾਈਲ ਨੰਬਰ ਜਾਰੀ ਕੀਤੇ ਗਏ ਹਨ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਨ੍ਹਾਂ ਨੰਬਰਾਂ ਨੂੰ ਸੰਚਾਰ ਦੇ ਵੱਖ-ਵੱਖ ਤਰੀਕਿਆਂ ਰਾਹੀਂ ਪ੍ਰਸਾਰਿਤ ਕਰਨ ਤਾਂ ਜੋ ਜ਼ਿਲ੍ਹੇ ਦੇ ਲੋਕ ਇਨ੍ਹਾਂ ਜ਼ਰੂਰੀ ਸੇਵਾਵਾਂ ਦਾ ਲਾਭ ਲੈ ਸਕਣ। ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਮੁਸੀਬਤ ਦੀ ਘੜੀ ਵਿੱਚ ਫਿਰੋਜ਼ਪੁਰ ਦੇ ਲੋਕਾਂ ਦੀ ਸੇਵਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗਾ ਕਿਉਂਕਿ ਦੁਕਾਨਦਾਰਾਂ ਅਤੇ ਸੇਵਾ ਪ੍ਰਦਾਤਾਵਾਂ ਨੂੰ ਖਪਤਕਾਰਾਂ ਤੱਕ ਪਹੁੰਚਣ ਦੇ ਯੋਗ ਬਣਾਉਣ ਲਈ ਪਾਸ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਸੇਵਾ ਪ੍ਰਦਾਤਾਵਾਂ ਨੂੰ ਸਵੇਰੇ 6 ਵਜੇ ਤੋਂ ਸਵੇਰੇ 11 ਵਜੇ ਤੱਕ ਕੰਮ ਕਰਨ ਦੀ ਛੋਟ ਦਿੱਤੀ ਗਈ ਹੈ। ਇਸ ਤਰ੍ਹਾਂ ਕੈਮਿਸਟ ਦੀ ਵੀ ਇਕ ਸੂਚੀ ਜਾਰੀ ਕੀਤੀ ਹੈ, ਲੋਕ ਡਾਕਟਰ ਦੁਆਰਾ ਲਿਖੀ ਪਰਚੀ ਨੂੰ ਸੋਸ਼ਲ ਮੀਡੀਆ ਰਾਹੀਂ ਕੈਮਿਸਟ ਨੂੰ ਭੇਜ ਕੇ ਦਵਾਈ ਮੰਗਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹੋਮ ਡਿਲੀਵਰੀ ਦੇ ਸਮੇਂ ਸਰਕਾਰ ਵੱਲੋਂ ਜਾਰੀ ਹੋਏ ਗਾਈਡਲਾਇੰਸ ਨੂੰ ਧਿਆਨ ਵਿਚ ਰੱਖਣਾ ਹੋਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਆਗਿਆ ਨਹੀਂ ਦਿੱਤੀ ਜਾਏਗੀ ਅਤੇ ਜੇਕਰ ਉਨ੍ਹਾਂ ਵਿਚੋਂ ਕੋਈ ਦੁਕਾਨਾਂ ਖੋਲ੍ਹਦਾ ਹੈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਉਹ ਖਪਤਕਾਰਾਂ ਨੂੰ ਘਰ-ਘਰ ਸਮਾਨ ਪਹੁੰਚਾਉਣਾ ਯਕੀਨੀ ਬਣਾਉਣਗੇ।
ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਕਰਫਿਊ ਦੌਰਾਨ ਢਿੱਲ ਦੇਣ ਦਾ ਕੋਈ ਪ੍ਰਸ਼ਨ ਨਹੀਂ ਉਠਦਾ ਕਿਉਂਕਿ ਇਹ ਕਰਫਿਊ ਕਾਨੂੰਨ ਵਿਵਸਥਾ ਦੀ ਸਮੱਸਿਆ ਕਾਰਨ ਨਹੀਂ ਬਲਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵਾਇਰਸ ਦੀ ਚੈਣ ਤੋੜਨ ਲਈ ਘਰਾਂ ਵਿਚ ਰਹਿਣਾ ਜ਼ਰੂਰੀ ਹੈ, ਇਸ ਲਈ ਲੋਕਾਂ ਨੂੰ ਘਰਾਂ ਤੱਕ ਸਮਾਨ ਪਹੁੰਚਾਉਣ ਲਈ ਹੋਮ ਡਿਲਿਵਰੀ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਵੱਡੇ ਸਟੋਰਾਂ ਨੂੰ ਵੀ ਹੋਮ ਡਿਲਿਵਰੀ ਲਈ ਕਿਹਾ ਗਿਆ ਹੈ ਜਲਦ ਹੀ ਉਹ ਵੀ ਇਸ ਮੁਹਿੰਮ ਨਾਲ ਜੁੜਨਗੇ।