ਫਿਰੋਜ਼ਪੁਰ ਵਿਚ ਪੀ.ਜੀ.ਆਈ. ਨਿਰਮਾਣ ਦੀਆਂ ਉਡੀਕ ਦੀਆਂ ਘੜੀਆਂ ਖਤਮ
ਫਿਰੋਜ਼ਪੁਰ ਵਿਚ ਪੀ.ਜੀ.ਆਈ. ਨਿਰਮਾਣ ਦੀਆਂ ਉਡੀਕ ਦੀਆਂ ਘੜੀਆਂ ਖਤਮ
-ਪ੍ਰਸ਼ਾਸਨ ਨੇ ਪੀ.ਜੀ.ਆਈ. ਸੈਂਟਰ ਲਈ 25 ਕਿੱਲੇ ਜ਼ਮੀਨ ਸੌਂਪੀ-
-ਜ਼ਮੀਨ ਦਾ ਇੰਤਕਾਲ ਕਰਕੇ ਕਬਜ਼ਾ ਪੀ.ਜੀ.ਆਈ. ਨੂੰ ਦਿੱਤਾ : ਡਿਪਟੀ ਕਮਿਸ਼ਨਰ-
-ਵਿਧਾਇਕ ਪਿੰਕੀ ਨੇ ਪੱਬਾਂ ਭਾਰ ਹੋ ਕੇ ਬਠਿੰਡਾ ਲੈ ਜਾਏ ਜਾ ਰਹੇ ਸੈਂਟਰ ਨੂੰ ਰੁਕਵਾ ਕੇ ਇੱਥੇ ਜਗ੍ਹਾਂ ਅਲਾਟ ਕਰਵਾਈ-
-ਪੀਜੀਆਈ ਦੇ ਡਾ: ਅਸ਼ੌਕ ਕੁਮਾਰ ਦੀ ਅਗਵਾਈ ਵਿਚ ਪੁੱਜੀ ਟੀਮ ਨੂੰ ਮਾਲ ਵਿਭਾਗ ਅਧਿਕਾਰੀਆਂ ਨੇ ਦਿੱਤਾ ਕਬਜ਼ਾ-
-ਪਹਿਲੇ ਗੇੜ ਵਿਚ ਬਿਲਡਿੰਗ ਬਣਾ ਕੇ ਸ਼ੁਰੂ ਕਰ ਦਿੱਤੀ ਜਾਵੇਗੀ ਓ.ਪੀ.ਡੀ. : ਵਿਧਾਇਕ ਪਿੰਕੀ-
ਫਿਰੋਜ਼ਪੁਰ, 4 ਫਰਵਰੀ
ਲਗਭਗ ਦਸ ਵਰਿ੍ਹਆਂ ਤੋਂ ਅਕਾਲੀ-ਭਾਜਪਾ ਆਗੂਆਂ ਦੀ ਰਾਜਨੀਤੀ ਦਾ ਸ਼ਿਕਾਰ ਹੋ ਰਿਹਾ ਪੀ.ਜੀ.ਆਈ. ਸੈਟੇਲਾਈਟ ਸੈਂਟਰ ਦਾ ਮਾਮਲਾ ਹੱਲ ਹੋਣ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਮੋਗਾ ਰੋਡ ਤੇ ਬਾਗਬਾਨੀ ਵਿਭਾਗ ਦੀ 25 ਕਿੱਲੇ੍ਹ ਜ਼ਮੀਨ ਪ੍ਰਸ਼ਾਸਨ ਵੱਲੋਂ ਸੋਮਵਾਰ ਨੂੰ ਪੀ.ਜੀ.ਆਈ. ਚੰਡੀਗੜ੍ਹ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਗਈ ਹੈ। ਇਹ ਖੁਸ਼ਖਬਰੀ ਇਲਾਕਾ ਨਿਵਾਸੀਆਂ ਨੂੰ ਦਿੰਦਿਆਂ ਹੋਇਆਂ ਪੀ.ਜੀ.ਆਈ. ਸੈਟੇਲਾਈਟ ਸੈਂਟਰ ਲਈ ਪੱਬਾਂ ਭਾਰ ਹੋ ਕੇ ਜ਼ੋਰ ਲਗਾਉਣ ਵਾਲੇ ਫਿਰੋਜ਼ਪੁਰ ਸ਼ਹਿਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦਿੰਦਿਆਂ ਹੋਇਆਂ ਕਿਹਾ ਕਿ ਪੀ.ਜੀ.ਆਈ. ਦੇ ਹਸਪਤਾਲ ਐਡਮਿਨੀਸਟਰੇਸ਼ਨ ਦੇ ਡਾਕਟਰ ਅਸ਼ੋਕ ਕੁਮਾਰ ਦੀ ਅਗਵਾਈ ਵਿਚ ਪੀਜੀਆਈ ਪ੍ਰਸ਼ਾਸਨ ਦੇ ਏ.ਈ. ਸੁਸ਼ੀਲ ਕੁਮਾਰ, ਐਡਮਿਨੀਸਟਰੇਟਿਵ ਅਧਿਕਾਰੀ ਅੰਕੁਰ ਸ਼ਰਮਾ ਤੇ ਆਫਿਸ ਸੁਪਰੀਡੈਂਟ ਵਨੀਤ ਕੁਮਾਰ ਦੀ ਟੀਮ ਨੂੰ ਐਸ.ਡੀ.ਐਮ. ਫਿਰੋਜ਼ਪੁਰ ਅਮਿਤ ਗੁਪਤਾ ਤੇ ਮਾਲ ਵਿਭਾਗ ਅਧਿਕਾਰੀਆਂ ਵੱਲੋਂ ਜ਼ਮੀਨ ਦਾ ਇੰਤਕਾਲ ਮਨਿਸਟਰੀ ਆਫ ਹੈਲਥ ਐਂਡ ਫੈਮਲੀ ਵੈਲਫੇਅਰ, ਭਾਰਤ ਸਰਕਾਰ ਦੇ ਨਾਂ ਕਰਕੇ ਪੀਜੀਆਈ ਪ੍ਰਸ਼ਾਸਨ ਨੂੰ ਇਸ ਦਾ ਕਬਜ਼ਾ ਦੇ ਦਿੱਤਾ ਗਿਆ ਹੈ। ਵਿਧਾਇਕ ਨੇ ਆਖਿਆ ਕਿ ਪਹਿਲੇ ਗੇੜ ਵਿਚ ਬਿਲਡਿੰਗ ਤਿਆਰ ਕਰਕੇ ਇੱਥੇ ਓ.ਪੀ.ਡੀ. ਸ਼ੁਰੂ ਕਰ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਬਾਕੀ ਇਮਾਰਤਾਂ ਦਾ ਨਿਰਮਾਣ ਹੋਵੇਗਾ। ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇੱਥੇ ਮੈਡੀਕਲ ਕਾਲਜ ਤੇ ਨਰਸਿੰਗ ਸਕੂਲ ਵੀ ਲੈ ਕੇ ਆਵਾਂਗੇ ਜਿਸ ਨਾਲ ਸਾਰੇ ਇਲਾਕੇ ਨੂੰ ਫਾਇਦਾ ਹੋਵੇਗਾ। ਉਨਾਂ ਕਿਹਾ ਕਿ ਇਸ ਸੈਂਟਰ ਲਈ ਜ਼ਮੀਨ ਸੌਂਪਣ ਦਾ ਸਿਹਰਾ ਪੂਰੀ ਟੀਮ ਤੇ ਪ੍ਰਸ਼ਾਸਨ ਨੂੰ ਅਤੇ ਖਾਸਕਰ ਫਿਰੋਜ਼ਪੁੁਰ ਦੇ ਲੋਕਾਂ ਨੂੰ ਜਾਂਦਾ ਹੈ, ਜਿਨਾਂ ਪੰਜ ਸਾਲ ਇਸ ਦੇ ਲਈ ਇੰਤਜਾਰ ਕੀਤਾ। ਪਿੰਕੀ ਨੇ ਕਿਹਾ ਕਿ ਇਸ ਮਾਮਲੇ ਵਿਚ ਮੈਂ ਕਿਸੇ ਨੂੰ ਵੀ ਆਪਣਾ ਵਿਰੋਧੀ ਨਹੀਂ ਸਮਝਦਾ, ਸਭ ਮੇਰੇ ਭਰਾ ਹਨ, ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਪਰਤ ਆਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਿਹਾ ਜਾਂਦਾ, ਇਹ ਸਰਬਤ ਦੇ ਭਲੇ ਦਾ ਕੰਮ ਹੈ, ਸਭ ਨੂੰ ਇਸ ਦੇ ਜਲਦ ਨਿਰਮਾਣ ਲਈ ਸਾਥ ਦੇਣਾ ਚਾਹੀਦਾ ਹੈ।
ਪੀ.ਜੀ.ਆਈ. ਦੇ ਡਾਕਟਰ ਅਸ਼ੋਕ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੈਂਟਰ ਨਿਰਮਾਣ ਲਈ ਬਹੁਤ ਹੀ ਵਧੀਆ ਤੇ ਹਰ ਇੱਕ ਦੀ ਪਹੁੰਚ ਵਾਲੀ ਜਗਾ੍ਹ ਸਾਨੂੰ ਅਲਾਟ ਕੀਤੀ ਹੈ। ਇੱਥੇ 100 ਬੈਡ ਵਾਲਾ ਟਰੋਮਾ ਸੈਂਟਰ ਬਣਾਇਆ ਜਾ ਰਿਹਾ ਹੈ ਜਿੱਥੇ ਟਰੋਮਾ ਨਾਲ ਸਬੰਧਤ ਸਾਰੀਆਂ ਸਿਹਤ ਸਹੂਲਤਾਂ ਇਲਾਕੇ ਦੇ ਲੋਕਾਂ ਨੂੰ ਦਿੱਤੀਆਂ ਜਾਣਗੀਆਂ। ਅੱਜ ਤੋਂ ਪੀ.ਜੀ.ਆਈ. ਸੈਟੇਲਾਈਟ ਸੈਂਟਰ ਦੇ ਨਿਰਮਾਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।
ਪਿੰਕੀ ਨੇ ਕਿਹਾ ਕਿ ਯੂ.ਪੀ.ਏ. ਸ਼ਾਸਨ ਦੌਰਾਨ ਅਲਾਟ ਕੀਤੇ ਗਏ ਪੀ.ਜੀ.ਆਈ. ਸੈਂਟਰ ਦਾ ਨਿਰਮਾਣ ਬਠਿੰਡਾ ਵਿਚ ਕਰਵਾਉਣ ਲਈ ਪੰਜਾਬ ਦੀ ਸਾਬਕਾ ਅਕਾਲੀ-ਭਾਜਪਾ ਨੇ ਕਾਫੀ ਵਾਹ ਲਾਈ, ਪਰ ਉਹ ਝੁਕੇ ਨਹੀਂ ਤੇ ਸੈਟੇਲਾਈਟ ਸੈਂਟਰ ਫਿਰੋਜ਼ਪੁਰ ਵਿਚ ਮੰਜੂਰ ਕਰਵਾਉਣ ਲਈ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ। ਉਨਾਂ ਕਿਹਾ ਕਿ ਪੀ.ਜੀ.ਆਈ. ਸੈਂਟਰ ਦਾ ਨਿਰਮਾਣ ਹੋਣ ਨਾਲ ਸਿਰਫ ਕਾਂਗਰਸੀਆਂ ਨੂੰ ਹੀ ਲਾਭ ਨਹੀਂ ਪੁੱਜੇਗਾ, ਬਲਕਿ ਜ਼ਿਲਾ ਫਿਰੋਜ਼ਪੁਰ, ਫਾਜ਼ਿਲਕਾ, ਮੋਗਾ, ਮੁਕਤਸਰ, ਫਰੀਦਕੋਟ ਦੇ ਲੱਖਾਂ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮਿਲਣਗੀਆਂ। ਉਨਾਂ ਆਖਿਆ ਕਿ ਸੈਂਟਰ ਦੇ ਨਿਰਮਾਣ ਲਈ ਜਿੰਨੇ ਵੀ ਫੰਡ ਦੀ ਲੋੜ ਹੋਵੇਗੀ, ਉਹ ਪੰਜਾਬ ਸਰਕਾਰ ਤੋਂ ਵੱਧ ਤੋਂ ਵੱਧ ਫੰਡ ਜਾਰੀ ਕਰਵਾਉਣਗੇ।
ਸੈਂਟਰ ਰੁਕਵਾਉਣ ਦੇ ਦੋਸ਼ ਲਗਾਏ ਸਨ ਯੂਥ ਕਾਂਗਰਸ ਨੇ
ਜੂਨ 2018 ਵਿਚ ਜ਼ਿਲਾ੍ਹ ਯੂਥ ਕਾਂਗਰਸ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ ਨੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਕਮਲ ਸ਼ਰਮਾ ਤੇ ਇਸ ਵਿਚ ਰੋੜਾ ਅਟਕਾਉਣ ਅਤੇ ਫਾਈਲ ਨੂੰ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨਾਲ ਮਿਲ ਕੇ ਰੁਕਵਾਉਣ ਦੇ ਦੋਸ਼ ਲਾਏ ਸਨ। ਉਨਾਂ ਕਿਹਾ ਸੀ ਕਿ ਦਸ ਸਾਲ ਤੱਕ ਅਕਾਲੀ-ਭਾਜਪਾ ਸਰਕਾਰ ਦੇ ਸ਼ਾਸਨ ਵਿਚ ਸੋਨੇ ਦੀ ਰੇਵੜੀਆਂ ਚੱਬਣ ਵਾਲੇ ਕਮਲ ਸ਼ਰਮਾ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋ ਰਹੀ ਕਿ ਲੋਕਾਂ ਦੀ ਸਿਹਤ ਲਈ ਇੱਥੇ ਜਲਦੀ ਪੀਜੀਆਈ ਸੈਂਟਰ ਬਣੇ। ਉਨਾਂ ਨੂੰ ਇਹ ਨਹੀਂ ਪਤਾ ਕਿ ਜਦ ਇਹ ਪੀਜੀਆਈ ਸੈਂਟਰ ਬਣ ਜਾਵੇਗਾ ਤਾਂ ਇੱਥੇ ਸਿਰਫ ਕਾਂਗਰਸ ਪਾਰਟੀ ਦੇ ਆਗੂ ਜਾਂ ਵਰਕਰ ਹੀ ਇਲਾਜ ਕਰਵਾਉਣ ਨਹੀਂ ਆਉਣਗੇ, ਪੂਰੇ ਮਾਲਵਾ ਦੇ ਲੱਖਾਂ ਲੋਕਾਂ ਨੂੰ ਇਸ ਦਾ ਲਾਭ ਪਹੁੰਚੇਗਾ। ਅਟਾਰੀ ਨੇ ਕਿਹਾ ਕਿ ਜਦ ਅਕਾਲੀ-ਭਾਜਪਾ ਗਠਬੰਧਨ ਸਰਕਾਰ ਸੀ ਤਾਂ ਕਮਲ ਸ਼ਰਮਾ ਪੰਜ ਸਾਲ ਤੱਕ ਸੈਂਟਰ ਲਈ ਜ਼ਮੀਨ ਹੀ ਅਲਾਟ ਨਹੀਂ ਕਰਵਾ ਪਾਏ ਤੇ ਆਈਟੀਆਈ ਵਾਲੀ ਜ਼ਮੀਨ ਤੇ ਜੋ ਡਰਾਮੇਬਾਜੀ ਚੱਲਦੀ ਰਹੀ, ਉਹ ਸਿਰਫ ਤੇ ਸਿਰਫ ਝੂਠ ਹੀ ਸੀ ਤੇ ਮਾਲ ਵਿਭਾਗ ਤੋਂ ਜ਼ਮੀਨ ਟਰਾਂਸਫਰ ਨਹੀਂ ਹੋ ਸਕੀ ਜਦਕਿ ਰਾਜ ਵਿਚ ਕਾਂਗਰਸ ਸਰਕਾਰ ਆਉਂਦਿਆਂ ਹੀ ਅਸੀਂ ਖੇਤੀਬਾੜੀ ਤੇ ਬਾਗਬਾਨੀ ਵਿਭਾਗ ਦੀ 25 ਕਿੱਲੇ ਜ਼ਮੀਨ ਨੂੰ ਪੀਜੀਆਈ ਨੂੰ ਅਲਾਟ ਕਰਵਾ ਦਿੱਤਾ। ਯੂਥ ਕਾਂਗਰਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਕਮਲ ਸ਼ਰਮਾ ਦੇ ਘਰ ਅੱਗੇ ਰੋਸ ਧਰਨਾ ਵੀ ਦਿੱਤਾ ਗਿਆ ਸੀ।
ਕੀ ਹੈ ਮਾਮਲਾ
ਯੂ.ਪੀ.ਏ. ਸ਼ਾਸਨਕਾਲ ਦੌਰਾਨ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਫਿਰੋਜ਼ਪੁਰ ਵਿਚ ਪੀਜੀਆਈ ਸੈਟੇਲਾਈਟ ਸੈਂਟਰ ਫਿਰੋਜ਼ਪੁਰ ਵਿਚ ਖੁਲਵਾਉਣ ਦਾ ਐਲਾਨ ਕੀਤਾ ਸੀ ਤੇ ਇਸ ਐਲਾਨ ਨੂੰ ਅਸਲ ਰੂਪ ਦੇਣ ਲਈ ਉਹ ਲਗਾਤਾਰ ਕੋਸ਼ਿਸ਼ਾਂ ਕਰਦੇ ਰਹੇ। 2014 ਵਿਚ ਕੇਂਦਰ ਵਿਚ ਸੱਤਾ ਪਰਿਵਰਤਨ ਤੋਂ ਬਾਅਦ ਬਾਜ਼ੀ ਐਨ.ਡੀ.ਏ. ਦੇ ਹੱਥ ਵਿਚ ਆ ਗਈ ਜਿਸ ਤੋਂ ਬਾਅਦ ਅਪ੍ਰੈਲ 2015 ਵਿਚ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਕਮਲ ਸ਼ਰਮਾ ਨੇ ਇਹ ਐਲਾਨ ਕੀਤਾ ਕਿ ਦੋ ਮਹੀਨੇ ਵਿਚ ਫਿਰੋਜ਼ਪੁਰ ਵਿਚ ਪੀਜੀਆਈ ਸੈਟੇਲਾਈਟ ਸੈਂਟਰ ਬਣਾਉਣ ਸਬੰਧੀ ਨਿਰੀਖਣ ਸ਼ੁਰੂ ਹੋ ਜਾਵੇਗਾ। ਸਾਲ 2015 ਵਿਚ ਕਮਲ ਸ਼ਰਮਾ ਤੇ ਪ੍ਰਸਾਸਨਕ ਅਧਿਕਾਰੀਆਂ ਦੀ ਅਗਵਾਈ ਵਿਚ ਪੀਜੀਆਈ ਟੀਮ ਨੇ ਆਈਟੀਆਈ ਫਾਰ ਬੁਆਇਜ਼ ਵਾਲੀ ਜ਼ਮੀਨ ਦਾ ਨਿਰੀਖਣ ਕੀਤਾ। ਇਸ ਨਿਰੀਖਣ ਤੋਂ ਕਈ ਮਹੀਨਿਆਂ ਬਾਦ ਕਾਰਵਾਈ ਅੱਗੇ ਨਾ ਵਧੀ ਤਾਂ 2016 ਵਿਚ ਇੱਕ ਵਾਰ ਫਿਰ ਪੀਜੀਆਈ ਦੀ ਟੀਮ ਇਸ ਜ਼ਮੀਨ ਨੂੰ ਫਾਈਨਲ ਕਰਨ ਤੇ ਕੁਝ ਮੀਟਰ ਦੂਰ ਸਥਿਤ ਹਾਊਸਿੰਗ ਬੋਰਡ ਦੁਸਹਿਰਾ ਗਰਾਉਂਡ ਵਾਲੀ ਜ਼ਮੀਨ ਤੇ ਪੀਜੀਆਈ ਸਟਾਫ ਦੀ ਰਿਹਾਇਸੀ ਕਲੋਨੀ ਬਣਾਉਣ ਲਈ ਫਾਈਨਲ ਕਰ ਗਈ। ਉਸ ਸਮੇਂ ਕਮਲ ਸ਼ਰਮਾ ਨੇ ਦਾਵਾ ਕੀਤਾ ਸੀ ਕਿ ਸੈਂਟਰ ਤੇ ਪੀਜੀਆਈ ਸਟਾਫ ਕਲੋਨੀ ਲਈ ਜ਼ਮੀਨ ਦੀ ਚੋਣ ਹੋ ਚੁੱਕੀ ਹੈ ਤੇ ਪੰਜਾਬ ਕੈਬਿਨੇਟ ਵਿਚ ਮੰਜੂਰੀ ਲਈ ਭੇਜ ਦਿੱਤਾ ਗਿਆ ਹੈ। ਵਿਧਾਇਕ ਪਿੰਕੀ ਨੇ ਆਈਟੀਆਈ ਵਾਲੀ ਜ਼ਮੀਨ ਤੇ ਪੀਜੀਆਈ ਸੈਂਟਰ ਉਸਾਰੀ ਤੇ ਸਵਾਲ ਉਠਾਉਂਦਿਆਂ ਕਿਹਾ ਸੀ ਕਿ ਇਹ ਜਗਾ੍ਹ ਸੈਂਟਰ ਬਣਾਉਣ ਲਈ ਠੀਕ ਨਹੀਂ ਹੈ ਕਿਉਂਕਿ ਸ਼ਹਿਰ ਦੇ ਵਿਚਾਲੇ ਸੈਂਟਰ ਬਣਨ ਨਾਂਲ ਮਰੀਜ਼ਾਂ ਨੁੰ ਹੈਵੀ ਟਰੈਫਿਕ ਵਿਚੋਂ ਲੰਘ ਕੇ ਆਉਣਾ ਔਖਾ ਹੋਵੇਗਾ। ਸਾਲ 2017 ਵਿਚ ਰਾਜ ਵਿਚ ਸੱਤਾ ਪਰਿਵਰਤਨ ਤੋਂ ਬਾਅਦ ਪਿੰਕੀ ਨੇ ਪੀਜੀਆਈ ਸੈਂਟਰ ਲਈ ਮੱਲਵਾਲ ਰੋਡ ਤੇ ਸਥਿਤ ਖੇਤੀਬਾੜੀ ਵਿਭਾਗ ਦੀ 25 ਕਿੱਲੇ੍ਹ ਜਗਾ੍ਹ ਨੂੰ ਅਲਾਟ ਕਰਵਾਇਆ ਸੀ।