Ferozepur News

ਫਿਰੋਜ਼ਪੁਰ ਵਿਖੇ ਰਾਜ ਪੱਧਰੀ ਬਸੰਤ ਮੇਲੇ ਦਾ ਹੋਇਆ ਸ਼ਾਨਦਾਰ ਆਗਾਜ਼

ਵਿਧਾਇਕ ਰਜ਼ਨੀਸ ਦਹੀਯਾ, ਰਣਬੀਰ ਭੁੱਲਰ, ਫੌਜਾ ਸਿੰਘ ਸਰਾਰੀ ਅਤੇ ਡੀ.ਸੀ. ਰਾਜ਼ੇਸ ਧੀਮਾਨ ਨੇ ਸ਼ਮਾ ਰੌਸ਼ਨ ਕਰਕੇ ਮੇਲੇ ਦੀ ਕੀਤੀ ਸ਼ੁਰੂਆਤ

ਫਿਰੋਜ਼ਪੁਰ ਵਿਖੇ ਰਾਜ ਪੱਧਰੀ ਬਸੰਤ ਮੇਲੇ ਦਾ ਹੋਇਆ ਸ਼ਾਨਦਾਰ ਆਗਾਜ਼
ਫਿਰੋਜ਼ਪੁਰ ਵਿਖੇ ਰਾਜ ਪੱਧਰੀ ਬਸੰਤ ਮੇਲੇ ਦਾ ਹੋਇਆ ਸ਼ਾਨਦਾਰ ਆਗਾਜ਼
ਫਿਰੋਜ਼ਪੁਰ, 10 ਫਰਵਰੀ 2024: ਫਿਰੋਜ਼ਪੁਰ ਵਿਖੇ ਮਨਾਏ ਜਾ ਰਹੇ ਦੋ ਰੋਜ਼ਾ ਰਾਜ ਪੱਧਰੀ ਬਸੰਤ ਮੇਲੇ ਦਾ ਅੱਜ ਸ਼ਾਨਦਾਰ ਆਗਾਜ਼ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜ਼ਨੀਸ ਦਹੀਯਾ, ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਡਿਪਟੀ ਕਮਿਸ਼ਨਰ ਸ੍ਰੀ ਰਾਜ਼ੇਸ ਧੀਮਾਨ ਨੇ ਸ਼ਮਾ ਰੌਸ਼ਨ ਕਰਕੇ ਕੀਤਾ।
  • ਵਿਧਾਇਕ ਰਜ਼ਨੀਸ ਦਹੀਯਾ, ਰਣਬੀਰ ਭੁੱਲਰ, ਫੌਜਾ ਸਿੰਘ ਸਰਾਰੀ ਅਤੇ ਡੀ.ਸੀ. ਰਾਜ਼ੇਸ ਧੀਮਾਨ ਨੇ ਸ਼ਮਾ ਰੌਸ਼ਨ ਕਰਕੇ ਮੇਲੇ ਦੀ ਕੀਤੀ ਸ਼ੁਰੂਆਤ
  • ਰਾਜ ਪੱਧਰ ਤੇ ਪਤੰਗਬਾਜ਼ੀ ਦੇ ਮੁਕਾਬਲੇ ਕਰਵਾ ਕੇ ਪੰਜਾਬ ਸਰਕਾਰ ਫਿਰੋਜ਼ਪੁਰ ਜ਼ਿਲ੍ਹੇ ਦਾ ਨਾਮ ਦੁਨੀਆਂ ਵਿੱਚ ਕਰ ਰਹੀ ਰੌਸ਼ਨ
  • ਨਾਮਵਰ ਕਲਾਕਾਰਾਂ, ਸਕੂਲੀ ਬੱਚਿਆਂ ਨੇ ਆਪਣੀ ਕਲਾ ਰਾਹੀਂ ਦਰਸ਼ਕਾਂ ਦਾ ਕੀਤਾ ਮੰਨੋਰੰਜਨ
  • ਖਾਣ-ਪੀਣ ਦੀਆਂ ਸਟਾਲਾਂ ਬਣੀਆਂ ਵਿਸ਼ੇਸ਼ ਖਿੱਚ ਦਾ ਕੇਂਦਰ
ਬਸੰਤ ਮੇਲੇ ਦੇ ਆਗਾਜ਼ ਦੌਰਾਨ ਵਿਧਾਇਕ ਰਜ਼ਨੀਸ ਦਹੀਯਾ, ਰਣਬੀਰ ਭੁੱਲਰ, ਅਤੇ ਫੌਜਾ ਸਿੰਘ  ਸਰਾਰੀ ਆਪਣੇ ਸੰਬੋਧਨ ਵਿੱਚ ਕਿਹਾ ਕਿ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਮਨਾਏ ਜਾਂਦੇ ਬਸੰਤ ਪੰਚਮੀ ਦੇ ਤਿਓਹਾਰ ਨੂੰ ਰਾਜ ਪੱਧਰ ਦਾ ਮੇਲਾ ਬਣਾ ਕੇ ਮੁੱਖ ਮੰਤਰੀ  ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਫਿਰੋਜ਼ਪੁਰ ਜ਼ਿਲ੍ਹੇ ਨੂੰ ਪੂਰੀ ਦੁਨੀਆਂ `ਤੇ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਮਿਸ. ਅਨਮੋਲ ਗਗਨ ਮਾਨ ਦਾ ਬਹੁਤ ਵੱਡਾ ਅਤੇ ਇਤਿਹਾਸਕ ਫੈਸਲਾ ਹੈ  ਜੋ ਫਿਰੋਜ਼ਪੁਰ ਦੇ ਬਸੰਤ ਨੂੰ ਰਾਜ ਪੱਧਰ ਤੇ ਮਨਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਮੇਲੇ ਵਿੱਚ ਗ੍ਰੀਸ ਤੋਂ ਅੰਤਰਰਾਸ਼ਟਰੀ ਪਤੰਗਬਾਜ਼ ਆਏ ਹਨ ਜਿਨ੍ਹਾਂ ਨੇ ਆਪਣੀ ਪਤੰਗਬਾਜ਼ੀ ਦੇ ਜੌਹਰ ਦਿਖਾਏ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਵੱਲੋਂ ਇਸ ਸਰਹੱਦੀ ਜ਼ਿਲ੍ਹੇ ਨੂੰ ਵਿਕਾਸ ਸਮੇਤ ਹਰ ਪੱਖ ਤੋਂ ਅਣਗੋਲਿਆ ਰੱਖਿਆ ਗਿਆ ਜਦਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਹਰ ਖੇਤਰ ਵਿੱਚ ਮੋਹਰੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਖਿਡਾਰੀਆਂ ਨੂੰ ਵੀ ਵਿਸ਼ੇਸ਼ ਮਾਣ ਬਖਸ਼ਿਆਂ ਦਾ ਰਿਹਾ ਹੈ ਅਤੇ ਖਿਡਾਰੀਆਂ ਨੂੰ ਨੌਕਰੀਆਂ ਅਤੇ ਮਿਸਾਲੀ ਨਕਦ ਰਾਸ਼ੀ ਇਨਾਮ ਵਜੋਂ ਦਿੱਤੀ ਜਾ ਰਹੀ ਹੈ।

ਇਸ ਦੌਰਾਨ ਪੰਜਾਬੀ ਲੋਕ ਗਾਇਕਾਂ ਵਲੋਂ ਆਪਣੇ ਗੀਤਾਂ ਨਾਲ ਮੰਨੋਰਜਨ ਕੀਤਾ ਗਿਆ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਗਿੱਧਾ, ਕੋਰੀਓਗ੍ਰਾਫੀ, ਲੋਕ ਨਾਚ ਆਦਿ ਦੀ ਪੇਸ਼ਕਾਰੀ ਕੀਤੀ ਗਈ। ਇਸ ਦੌਰਾਨ ਸਪੈਸ਼ਲ ਬੱਚਿਆਂ ਵਲੋਂ ਵੀ ਰੰਗਲਾ ਪੰਜਾਬ ਦੀ ਦਿਲਖਿਚੱਵੀਂ ਪੇਸ਼ਕਾਰੀ ਕੀਤੀ ਗਈ ਜਿਸ ਦਾ ਸਮੂਹ ਹਾਜ਼ਰੀਨ ਨੇ ਖੜ੍ਹੇ ਹੋ ਕੇ ਤਾੜੀਆਂ ਮਾਰ ਦੇ ਹੌਸਲਾਅਫ਼ਜਾਈ ਕੀਤੀ ਗਈ ਅਤੇ ਮੁੱਖ ਮਹਿਮਾਨਾਂ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਇਨਾਮੀ ਰਾਸ਼ੀ ਵੀ ਦਿੱਤੀ ਗਈ। ਇਸ ਦੌਰਾਨ ਵਿਧਾਇਕ ਦਹੀਯਾ ਨੇ ਭਗਤ ਪੂਰਨ ਸਿੰਘ ਸਕੂਲ ਦੇ ਵਿਸ਼ੇਸ਼ ਬੱਚਿਆਂ ਦੀ ਪੇਸ਼ਕਾਰੀ ਤੋਂ ਖੁਸ਼ ਹੋ ਕੇ ਆਪਣੀ ਨਿੱਜੀ ਤਨਖਾਹ ਵਿਚੋਂ 51 ਹਜ਼ਾਰ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਗਿਆ।

ਇਸ ਤੋਂ ਪਹਿਲਾ ਬਸੰਤ ਮੇਲੇ ਦੇ ਆਗਾਜ਼ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਮੁੱਖ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ ਅਤੇ ਸਮੂਹ ਹਾਜ਼ਰੀਨ ਨੂੰ ਜੀ ਆਇਆ ਕਿਹਾ ਗਿਆ। ਉਨ੍ਹਾਂ ਦੱਸਿਆ ਕਿ 5 ਫਰਵਰੀ ਤੋਂ ਨਾਕਆਊਟ ਮੁਕਾਬਲੇ ਚੱਲ ਰਹੇ ਹਨ ਅਤੇ ਕੱਲ੍ਹ ਕੈਬਨਿਟ ਮੰਤਰੀ ਮਿਸ. ਅਨਮੋਲ ਗਗਨ ਮਾਨ ਦੀ ਹਾਜ਼ਰੀ ਵਿੱਚ ਫਾਈਨਲ ਮੁਕਾਬਲੇ ਕਰਵਾਏ ਜਾਣਗੇ ਅਤੇ ਜਿੱਤਣ ਵਾਲਿਆਂ ਨੂੰ ਲੱਖਾਂ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦਾ ਸਭ ਤੋਂ ਵੱਡਾ ਪਤੰਗਬਾਜ਼ ਦਾ ਮੁਕਾਬਲਾ ਖਿੱਚ ਦਾ ਕੇਂਦਰ ਹੋਵੇਗਾ।ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਫਾਈਨਲ ਮੁਕਾਬਲੇ ਵਾਲੇ ਦਿਨ 11 ਫਰਵਰੀ ਨੂੰ ਹੰੁਮ-ਹੁੰਮਾ ਦੇ ਬਸੰਤ ਮੇਲੇ ਵਿੱਚ ਪੁੱਜਣ ਦੀ ਅਪੀਲ ਕੀਤੀ।

ਇਸ ਮੌਕੇ ਲੋਕ ਗਾਇਕ ਪ੍ਰਗਟ ਗਿੱਲ, ਗਿੱਲ ਗੁਲਾਮੀ ਵਾਲਾ ਵਲੋਂ ਗੀਤਾ ਦੀ ਪੇਸ਼ਕਾਰੀ ਕੀਤੀ ਗਈ ਜਦਕਿ ਰਵੀਇੰਦਰ ਸਿੰਘ ਤੇ ਹਰਿੰਦਰ ਭੁੱਲਰ ਸਮੇਤ ਵੱਡੀ ਗਿਣਤੀ ਵਿੱਚ ਕਲਾਕਾਰਾਂ ਨੇ ਵੀ ਸਟੇਜ ਤੇ ਆਪਣੀ ਹਾਜ਼ਰੀ ਲਵਾਈ।
ਇਸ ਸਮਾਗਮ ਵਿੱਚ ਐਸ.ਪੀ. (ਡੀ) ਰਣਧੀਰ ਕੁਮਾਰ, ਐਸ.ਡੀ.ਐਮ. ਫਿਰੋਜ਼ਪੁਰ ਸ. ਜਸਪਾਲ ਸਿੰਘ ਬਰਾੜ, ਸਹਾਇਕ ਕਮਿਸ਼ਨਰ ਸ੍ਰੀ ਸੂਰਜ, ਡੀ.ਡੀ.ਪੀ.ਓ. ਸ. ਜਸਵੰਤ ਸਿੰਘ ਬੜੈਚ, ਡਿਪਟੀ ਡੀ.ਓ. ਸ੍ਰੀ ਪ੍ਰਗਟ ਸਿੰਘ ਬਰਾੜ, ਰੈੱਡ ਕਰਾਸ ਸਕੱਤਰ ਸ੍ਰੀ ਅਸ਼ੋਕ ਬਹਿਲ, ਪ੍ਰਿੰਸੀਪਲ ਡਾ. ਸਤਿੰਦਰ ਸਿੰਘ, ਸ੍ਰੀ ਰੌਬੀ ਸੰਧੂ, ਸ੍ਰੀ ਬਲਦੇਵ ਮੱਲ੍ਹੀ, ਸ੍ਰੀ ਹਿਮਾਂਸ਼ੂ ਠੱਕਰ ਆਦਿ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button