ਫਿਰੋਜ਼ਪੁਰ ਨੂੰ ਨਸ਼ਾ ਮੁਕਤ ਕਰਕੇ ਰਹਾਂਗਾ-ਵਿਧਾਇਕ ਪਰਮਿੰਦਰ ਸਿੰਘ ਪਿੰਕੀ
ਫਿਰੋਜ਼ਪੁਰ ਨੂੰ ਨਸ਼ਾ ਮੁਕਤ ਕਰਕੇ ਰਹਾਂਗਾ-ਵਿਧਾਇਕ ਪਰਮਿੰਦਰ ਸਿੰਘ ਪਿੰਕੀ
ਨਸ਼ਾ ਮੁਕਤ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਹਰ ਨਾਗਰਿਕ ਨੂੰ ਅੱਗੇ ਆਉਣ ਦੀ ਲੋੜ
ਨਸ਼ਿਆਂ ਦੇ ਖ਼ਾਤਮੇ ਲਈ ਰੋਇਲ ਪੈਲੇਸ ਵਿਖੇ ਕਰਵਾਇਆ ਗਿਆ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ
ਫਿਰੋਜ਼ਪੁਰ 8 ਜੁਲਾਈ 2019 ( ) ਸਾਡਾ ਮਿਸ਼ਨ ਫਿਰੋਜ਼ਪੁਰ ਜ਼ਿਲ੍ਹੇ ਨੂੰ ਨਸ਼ੇ ਤੋਂ ਮੁਕਤ ਕਰਨਾ ਹੈ, ਇਸ ਲਈ ਅਸੀਂ ਪੂਰੀ ਜਾਨ ਲਗਾਵਾਂਗੇ ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚੋਂ ਨਸ਼ਾ ਖ਼ਤਮ ਕਰਕੇ ਹੀ ਸਾਹ ਲਵਾਂਗੇ। ਇਹ ਪ੍ਰਗਟਾਵਾ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ ਨੇ ਰੋਇਲ ਪੈਲੇਸ ਫਿਰੋਜ਼ਪੁਰ ਸ਼ਹਿਰ ਵਿਖੇ ਨਸ਼ਿਆਂ ਦੇ ਖ਼ਾਤਮੇ ਲਈ ਕਰਵਾਏ ਗਏ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਦੌਰਾਨ ਕੀਤਾ।
ਵਿਧਾਇਕ ਸ੍ਰ. ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ਵਿਚ ਲੋਕਾਂ ਨੂੰ ਤੰਦਰੁਸਤ ਬਣਾਉਣ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੂੰ ਨਸ਼ੇ ਵੇਚਣ ਵਾਲਿਆਂ ਜਾਂ ਨਸ਼ਾ ਕਰਨ ਵਾਲਿਆਂ ਖਿਲਾਫ ਕੋਈ ਵੀ ਸੂਚਨਾ ਮਿਲਦੀ ਹੈ ਤਾਂ ਉਹ ਬੇਝਿਜਕ ਹੋ ਕੇ ਉਨ੍ਹਾਂ ਦੇ ਜਾਂ ਪੁਲਿਸ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਉਸ ਤੇ ਜਲਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਇਹ ਹੈ ਕਿ ਉਹ ਨਾ ਤਾਂ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਨਸ਼ਾ ਵਿਕਣ ਦੇਣਗੇ ਅਤੇ ਨਾ ਹੀ ਕਿਸੇ ਨੂੰ ਨਸ਼ਾ ਕਰਨ ਦੇਣਗੇ।
ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਤੰਦਰੁਸਤੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਨੂੰ ਦੂਰ ਰੱਖਣ ਲਈ ਸ਼ਹਿਰ ਵਿੱਚ ਪਾਰਕ ਅਤੇ ਜਿੰਮ ਸਥਾਪਿਤ ਕੀਤੇ ਗਏ ਹਨ ਤੇ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਵਾਸੀਆਂ ਦੀ ਚੰਗੀ ਸਿਹਤ ਲਈ ਇਸ ਤਰ੍ਹਾਂ ਦੇ ਹੋਰ ਵੀ ਕਈ ਪ੍ਰਾਜੈਕਟ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਨਸ਼ੇ ਨੂੰ ਰੋਕਣ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਹਰ ਨਾਗਰਿਕ ਨੂੰ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਬੁਰਾਈ ਸਮਾਜ 'ਚ ਘਰ ਕਰ ਜਾਵੇ ਤਾਂ ਇਸ ਤੇ ਕੰਟਰੋਲ ਕਰਨਾ ਔਖਾ ਹੈ ਪਰ ਨਾਮੁਮਕਿਨ ਨਹੀਂ ਹੈ। ਇਸ ਲਈ ਹਰੇਕ ਨੂੰ ਆਪਣੇ ਮਨ ਨੂੰ ਦ੍ਰਿੜ੍ਹ ਬਣਾ ਕੇ ਇਸ ਨੂੰ ਦੂਰ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਹੈ।
ਇਸ ਮੌਕੇ ਐੱਸ.ਡੀ.ਐੱਮ. ਸ੍ਰੀ. ਅਮਿਤ ਗੁਪਤਾ, ਰਿੰਕੂ ਗਰੋਵਰ, ਗੁਲਸ਼ਨ ਮੌਂਗਾ, ਬਲਵੀਰ ਬਾਠ ਅਤੇ ਸੁਖਵਿੰਦਰ ਸਿੰਘ ਅਟਾਰੀ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਵੀ ਹਾਜ਼ਰ ਸਨ।