ਫਿਰੋਜ਼ਪੁਰ ਦੀਆਂ ਮਾਰਕਿਟ ਕਮੇਟੀਆਂ ਵੱਲੋਂ ਕਿਸਾਨਾਂ ਦੇ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਨਵਾਉਣ ਦੀ ਪ੍ਰਕ੍ਰਿਆ ਸ਼ੁਰੂ
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਿਸਾਨਾਂ ਨੂੰ 5 ਲੱਖ ਤੱਕ ਰੁਪਏ ਦੇ ਮੁਫਤ ਇਲਾਜ ਦੀ ਸਹੂਲਤ ਮਿਲੇਗੀ
ਫਿਰੋਜ਼ਪੁਰ 16 ਜੁਲਾਈ 2020 ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਸਿਹਤ ਸਹੂਲਤ ਲਈ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਏ ਜਾ ਰਹੇ ਹਨ, ਜਿਸ ਤਹਿਤ ਫਿਰੋਜ਼ਪੁਰ ਦੀਆਂ ਮਾਰਕਿਟ ਕਮੇਟੀਆਂ ਵਿਖੇ ਕਿਸਾਨਾਂ ਦੇ ਕਾਰਡ ਬਣਵਾਉਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਮਾਰਕੀਟ ਕਮੇਟੀ ਗੁਰੂਹਰਸਹਾਏ ਵੇਦ ਪ੍ਰਕਾਸ਼ ਅਤੇ ਸਕੱਤਰ ਮਾਰਕਿਟ ਕਮੇਟੀ ਸਤਨਾਮ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ‘ਜੇ ਫਾਰਮ ਧਾਰਕ ਕਿਸਾਨਾਂ ਦੇ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਕਿਸਾਨ ਅਤੇ ਉਸ ਦੇ ਪਰਿਵਾਰ ਲਈ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ‘ਜੇ ਫਾਰਮ ਅਤੇ ਗੰਨਾ ਤੋਲ ਪਰਚੀ ਧਾਰਕ ਕਿਸਾਨ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਨਾਉਣਾ ਚਾਹੁੰਦੇ ਹਨ, ਉਹ ਮਿਤੀ 24 ਜੁਲਾਈ 2020 ਤੱਕ ਸਬੰਧਤ ਮਾਰਕੀਟ ਕਮੇਟੀ ਦਫਤਰ ਜਾਂ ਆੜ੍ਹਤੀ ਫਰਮ, ਜਿਨ੍ਹਾਂ ਕੋਲ ਉਨ੍ਹਾਂ ਨੇ ਹਾੜ੍ਹੀ 2020 ਦੌਰਾਨ ਫ਼ਸਲ ਵੇਚੀ ਹੈ ਨਾਲ ਸੰਪਰਕ ਕਰਨ ਅਤੇ ਲੋੜੀਂਦੇ ਦਸਤਾਵੇਜ਼ (ਮਿਤੀ 01-01-2020 ਤੋਂ ਬਾਅਦ ਵੇਚੀ ਫ਼ਸਲ ਦਾ ਜੇ ਫਾਰਮ, ਆਪਣੇ ਅਤੇ ਪਰਿਵਾਰਕ ਮੈਂਬਰਾਂ ਦੇ ਸਵੈ ਤਸਦੀਕ ਆਧਾਰ ਕਾਰਡਾਂ ਦੀਆਂ ਫੋਟੋ ਕਾਪੀਆਂ ਆਦਿ) ਜਮ੍ਹਾਂ ਕਰਵਾਉਣ।
ਇਸ ਤੋਂ ਇਲਾਵਾ ਜਿਹੜੇ ਕਿਸਾਨਾਂ ਕੋਲ ਮਿਤੀ 01-11-2019 ਤੋਂ 31-03-2020 ਤੱਕ ਖੰਡ ਮਿੱਲਾਂ ਵਿੱਚ ਵਿੱਚ ਵੇਚੇ ਗੰਨੇ ਦੀਆਂ ਤੋਲ ਪਰਚੀਆਂ ਹਨ,ਉਹ ਵੀ ਇਸ ਯੋਜਨਾ ਦਾ ਲਾਭ ਲੈਣ ਲਈ ਆਪਣੇ ਦਸਤਾਵੇਜ ਮਾਰਕੀਟ ਕਮੇਟੀ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਸਬੰਧੀ ਹੋਰ ਜਾਣਕਾਰੀ ਟੋਲ ਫ੍ਰੀ ਨੰਬਰ 104 ਅਤੇ ਪੰਜਾਬ ਮੰਡੀ ਬੋਰਡ ਦੀ ਵੈਬਸਾਈਟ www.mandiboard.nic.in ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।