Ferozepur News

ਫਾਜਿਲਕਾ ਵਿੱਚ ਸਰਪੰਚਾਂ ਨੇ ਪੱਤਰਕਾਰ ’ਤੇ ਕੀਤਾ ਜਾਨਲੇਵਾ ਹਮਲਾ, ਸਮਾਜਿਕ ਜਥੇਬੰਦੀਆਂ ਵਿੱਚ ਭਾਰੀ ਰੋਸ਼

ਫਾਜਿਲਕਾ 6 ਅਕਤੂਬਰ (  )-ਆਏ ਦਿਨ ਕਿਸੇ ਨਾ ਕਿਸੇ ਜਗ੍ਹਾ ਤੇ ਪੱਤਰਕਾਰਾਂ ਉੱਪਰ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ । ਅਜਿਹਾ ਹੀ ਇੱਕ ਮਾਮਲਾ ਫਾਜਿਲਕਾ ਵਿੱਚ ਵੀ ਸਾਹਮਣੇ ਆਇਆ,  ਜਿੱਥੇ ਕੁੱਝ ਸਰਪੰਚਾਂ ਵਲੋਂ ਇੱਕ ਪੱਤਰਕਾਰ ’ਤੇ ਜਾਨਲੇਵਾ ਹਮਲਾ ਕਰ ਉਹਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ।  ਜਾਣਕਾਰੀ ਦਿੰਦੇ ਹੋਇਆਂ ਪੀੜਿਤ ਪੱਤਰਕਾਰ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਜਦੋਂ ਉਹ ਕਿਸੇ ਖਬਰ  ਦੇ ਸਿਲਸਿਲੇ ਵਿੱਚ ਬੀਡੀਪੀਓ ਦਫਤਰ ਫਾਜਿਲਕਾ ਵਿੱਚ ਗਏ ਤਾਂ ਉੱਥੇ ਪਹਿਲਾਂ ਤੋਂ ਹੀ ਮੌਜੂਦ ਬਲਜਿੰਦਰ ਸਿੰਘ ਸਰਪੰਚ ਪਿੰਡ ਬੱਖੂ ਸ਼ਾਹ, ਹਰਨੇਕ ਸਿੰਘ ਸਾਬਕਾ ਸਰਪੰਚ ਪਿੰਡ ਓਝਾਂਵਾਲੀ, ਬਲਵਿੰਦਰ ਸਿੰਘ  ਸਰਪੰਚ ਪਿੰਡ ਆਲਮਸ਼ਾਹ, ਓਮ ਸਿੰਘ ਸਰਪੰਚ ਪਿੰਡ ਬਹਿਕ ਖਾਸ ਅਤੇ ਸੰਦੀਪ ਸਿੰਘ ਸਰਪੰਚ ਮੰਡੀ ਹਜੂਰ ਸਿੰਘ ਨੇ ਉਨ੍ਹਾਂ ’ਤੇ ਅਚਾਨਕ ਪਿੱਛੋਂ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨਾਲ ਮਾਰ ਕੁੱਟ ਕਰਨ ਲੱਗੇ। ਇੰਨਾ ਹੀ ਨਹੀਂ ਇਨ੍ਹਾਂ ਵਿਅਕਤੀਆਂ ਨੇ ਇੱਕ ਰੱਸੀ ਲੈ ਕੇ ਉਨ੍ਹਾਂ ਦਾ ਗਲਾ ਘੁੱਟ ਕੇ ਜਾਨੋਂ ਮਾਰਨ ਦੀ ਕੋਸ਼ਸ਼ ਵੀ ਕੀਤੀ ਗਈ। ਇਸ ਘਟਨਾ ਦੇ ਦੌਰਾਨ ਉੱਥੇ ਬਹੁਤ ਸਾਰੇ ਲੋਕ ਇਕਠੇ ਹੋ ਗਏ, ਜਿਨ੍ਹਾਂ ਵਿਚੋਂ ਕੁੱਝ ਵਿਅਕਤੀਆਂ ਨੇ ਉਸਨੂੰ ਉੱਥੋਂ ਛੁਡਵਾਇਆ, ਜਿਸ ਕਾਰਨ ਉਸਦੀ ਜਾਨ ਬੜੀ ਮੁਸ਼ਕਿਲ ਨਾਲ ਬੱਚ ਸਕੀ। ਪੱਤਰਕਾਰ ਦਾ ਕਹਿਣਾ ਹੈ ਕਿ ਉਸਨੇ ਕੁੱਝ ਦਿਨ ਪਹਿਲਾਂ ਪਿੰਡ ਬੱਖੂਸ਼ਾਹ ਵਿੱਚ ਸੋਸ਼ਲ ਆਡਿਟ ਟੀਮ ਨਾਲ ਕੀਤੀ ਗਈ ਜਾਂਚ ਤੋਂ ਬਾਅਦ ਸਰਪੰਚ ਵਲੋਂ ਪਿੰਡ ਵਿੱਚ ਕੀਤੇ ਗਏ ਭ੍ਰਿਸ਼ਟਾਚਾਰ ਦੀ ਪੋਲ ਖੁੱਲਣ ਤੋਂ ਬਾਅਦ ਇਲੈਕਟ੍ਰਾਨਿਕ ਮੀਡੀਆ ਵਿੱਚ ਇਸਦੀ ਖਬਰ ਲਗਵਾਈ ਗਈ ਸੀ। ਜਿਸ ਤੋਂ ਬਾਅਦ ਬੌਖਲਾਹਟ ਵਿੱਚ ਆਕੇ ਦੋਸ਼ੀਆਂ ਵਲੋਂ ਉਸ ’ਤੇ ਹਮਲਾ ਕੀਤਾ ਗਿਆ ਹੈ। ਉਸਦਾ ਇਹ ਵੀ ਕਹਿਣਾ ਹੈ ਕਿ ਪੁਲਿਸ ਕਰਮਚਾਰੀਆਂ ਵਲੋਂ ਉਨ੍ਹਾਂ ਦੇ ਬਿਆਨ ਵੀ ਠੀਕ ਤਰੀਕੇ ਨਾਲ ਲਿਖਣ ਵਿੱਚ ਆਨਾਕਾਨੀ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਬਚਾਉਣ ਲਈ ਕੋਈ ਕਾਰਵਾਈ ਕਰਨ ਦੀ ਬਜਾਏ ਉਲਟਾ ਉਸ ਉੱਪਰ ਹੀ ਨਜਾਇਜ ਦਬਾਅ ਬਣਾਇਆ ਜਾ ਰਿਹਾ ਹੈ ।  
ਪੱਤਰਕਾਰ ’ਤੇ ਹੋਏ ਹਮਲੇ ਤੋਂ ਬਾਅਦ ਕਈ ਸਮਾਜਿਕ ਜੱਥੇਬੰਦੀਆਂ ਵਿੱਚ ਭਾਰੀ ਰੋਸ਼ ਵੇਖਿਆ ਜਾ ਰਿਹਾ ਹੈ, ਜਿਸ ਕਾਰਨ ਵੱਖ-ਵੱਖ ਜੱਥੇਬੰਦੀਆਂ ਵਲੋਂ ਇਸ ਹਮਲੇ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਜਾ ਰਹੀ ਹੈ। ਪ੍ਰੈਸ ਐੱਸੋਸਿਏਸ਼ਨ ਫਾਜਿਲਕਾ ਦੇ ਪ੍ਰਧਾਨ ਕਾਮਰੇਡ ਅਬਨਾਸ਼ ਚੰਦਰ ਨੇ ਪੱਤਰਕਾਰ ’ਤੇ ਹੋਏ ਹਮਲੇ ਦੀ ਕੜੇ ਸ਼ਬਦਾਂ ਵਿੱਚ ਨਿੰਦਿਆ ਕਰਦੇ ਹੋਏ ਕਿਹਾ ਕਿ ਪੱਤਰਕਾਰਾਂ ਉੱਪਰ ਅਜਿਹੇ ਹਮਲੇ ਕਦੇ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ । ਉਨ੍ਹਾਂ ਕਿਹਾ ਕਿ ਪ੍ਰੈਸ ਲੋਕਤੰਤਰ ਦਾ ਚੌਥਾ ਸਤੰਭ ਹੈ ਅਤੇ ਪੱਤਰਕਾਰ ਕ੍ਰਿਸ਼ਨ ਸਿੰਘ ਉੱਪਰ ਹੋਇਆ ਇਹ ਹਮਲਾ ਪਤਰਕਾਰਤਾ ਦੀ ਅਜਾਦੀ ਉੱਤੇ ਕੀਤਾ ਗਿਆ ਹਮਲਾ ਹੈ । ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰੀ ਕੰਮਾਂ ਵਿੱਚ ਹੋਏ ਹਰ ਪ੍ਰਕਾਰ ਦੇ ਭ੍ਰਿਸ਼ਟਾਚਾਰ ਦੀ ਪੋਲ ਖੋਲ੍ਹਣਾ ਹਰ ਪੱਤਰਕਾਰ ਦਾ ਕਰਤੱਵ ਹੈ, ਜੋ ਕਰਤੱਵ ਪੱਤਰਕਾਰ ਕ੍ਰਿਸ਼ਨ ਸਿੰਘ ਬੜੀ ਹੀ ਇਮਾਨਦਾਰੀ ਨਾਲ ਨਿਭਾ ਰਿਹਾ ਹੈ। ਪਰ ਇਨ੍ਹਾਂ ਸਰਪੰਚਾਂ ਦੁਆਰਾ ਪੱਤਰਕਾਰ ’ਤੇ ਕੀਤਾ ਗਿਆ ਇਹ ਹਮਲਾ ਸਾਫ਼ ਦਰਸਾਉਂਦਾ ਹੈ ਕਿ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਵੱਲੋਂ ਆਪਣੇ ਪਿੰਡਾਂ ਵਿੱਚ ਕੀਤੇ ਗਏ ਲੱਖਾਂ ਰੁਪਏ ਦੇ ਭ੍ਰਿਸ਼ਟਾਚਾਰ ਦੀ ਪੋਲ ਖੁੱਲ ਜਾਣ ਦਾ ਡਰ ਸਤਾ ਰਿਹਾ ਹੈ। ਇਸ ਲਈ ਪੋਲ ਖੁੱਲਣ ਦੇ ਡਰ ਤੋਂ ਬੌਖਲਾਏ ਇਨ੍ਹਾਂ ਆਰੋਪੀ ਸਰਪੰਚਾਂ ਨੇ ਪੱਤਰਕਾਰ ਉੱਪਰ ਹਮਲਾ ਕਰਨ ਦੀ ਹਿਮਾਕਤ ਕੀਤੀ ਹੈ । ਪ੍ਰਧਾਨ ਅਬਨਾਸ਼ ਚੰਦਰ ਨੇ ਕੁੱਝ ਆਲੋਚਕਾਂ ਨੂੰ ਵੀ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਕੁੱਝ ਲੋਕ ਆਰੋਪੀ ਸਰਪੰਚਾਂ ਦੇ ਹਿੱਤ ਵਿੱਚ ਪੱਤਰਕਾਰ ਦੇ ਖਿਲਾਫ ਬਿਆਨ ਬਾਜੀ ਕਰ ਰਹੇ ਹਨ, ਜੋਕਿ  ਬਹੁਤ ਗਲਤ ਹੈ।  ਉਨ੍ਹਾਂ ਨੇ ਅਪੀਲ ਕੀਤੀ ਕਿ ਇਸ ਸੱਚ ਦੀ ਲੜਾਈ ਵਿੱਚ ਸਮੂਹ ਪੱਤਰਕਾਰਾਂ ਨੂੰ ਇੱਕ-ਮੁੱਠ ਹੋਕੇ ਅੱਗੇ ਆਉਣਾ ਚਾਹੀਦਾ ਹੈ, ਤਾਂਕਿ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਜਾ ਸਕੇ।  ਉਨ੍ਹਾਂਨੇ ਪੱਤਰਕਾਰ ’ਤੇ ਹਮਲਾ ਕਰਨ ਵਾਲੇ ਦੋਸ਼ੀ ਸਰਪੰਚਾਂ ਉੱਪਰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂਨੇ ਇਹ ਵੀ ਕਿਹਾ ਕਿ ਜੇਕਰ ਛੇਤੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਲੋਕ ਸਮੂਹ ਪੱਤਰਕਾਰ ਜੱਥੇਬੰਦੀਆਂ ਦੇ ਨਾਲ ਮਿਲਕੇ ਵੱਡੇ ਪੱਧਰ ’ਤੇ ਸੰਘਰਸ਼ ਕਰਣਗੇ। 
ਸ਼ਿਵਸੇਨਾ ਪੰਜਾਬ ਦੇ ਜਿਲੇ ਪ੍ਰਧਾਨ ਸੁਨੀਲ ਬੋਹਤ ਨੇ ਪੱਤਰਕਾਰ ਕ੍ਰਿਸ਼ਨ ਸਿੰਘ ਉੱਪਰ ਹੋਏ ਜਾਨਲੇਵਾ ਹਮਲੇ ਦੀ ਕੜੇ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਉੱਪਰ ਹੋਇਆ ਇਹ ਹਮਲਾ ਲੋਕਤੰਤਰ ਦੇ ਚੌਥੇ ਸਤੰਭ ਪਤਰਕਾਰਤਾ ’ਤੇ ਸਿੱਧਾ ਹਮਲਾ ਹੈ, ਜਿਸਦੀ ਉਹ ਲੋਕ ਘੋਰ ਸ਼ਬਦਾਂ ਵਿੱਚ ਕੜੀ ਨਿੰਦਿਆ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕੜੀ ਕਾਰਵਾਈ ਨਹੀਂ ਕੀਤੀ ਗਈ ਤਾਂ ਉਨ੍ਹਾਂ ਵਲੋਂ ਪੱਤਰਕਾਰ ਨੂੰ ਇਨਸਾਫ ਦਿਵਾਉਣ ਲਈ ਵੱਡਾ ਸੰਰਘਸ਼ ਕੀਤਾ ਜਾਵੇਗਾ ।
 

Related Articles

Back to top button