ਫ਼ਿਰੋਜ਼ਪੁਰ ਪੁਲਿਸ ਅਤੇ ਵਿਵੇਕਾਨੰਦ ਵਰਲਡ ਸਕੂਲ ਵਲੋਂ ਆਯੋਜਿਤ ਨਸ਼ਾ ਵਿਰੋਧੀ ਵਾਲੀਬਾਲ ਟੂਰਨਾਮੈਂਟ ਦਾ ਹੋਇਆ ਉਦਘਾਟਨ
ਫ਼ਿਰੋਜ਼ਪੁਰ ਪੁਲਿਸ ਅਤੇ ਵਿਵੇਕਾਨੰਦ ਵਰਲਡ ਸਕੂਲ ਵਲੋਂ ਆਯੋਜਿਤ ਨਸ਼ਾ ਵਿਰੋਧੀ ਵਾਲੀਬਾਲ ਟੂਰਨਾਮੈਂਟ ਦਾ ਹੋਇਆ ਉਦਘਾਟਨ।
ਫ਼ਿਰੋਜ਼ਪੁਰ, 3-1-2-25: ਫ਼ਿਰੋਜ਼ਪੁਰ ਪੁਲਿਸ ਅਤੇ ਵਿਵੇਕਾਨੰਦ ਵਰਲਡ ਸਕੂਲ ਵੱਲੋਂ “ਮਿਸ਼ਨ ਸੰਪਰਕ” ਦੇ ਤਹਿਤ ਨਸ਼ਾ ਵਿਰੋਧੀ ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ ਬੜੇ ਧੂਮਧਾਮ ਨਾਲ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਮਾਜ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣਾ ਅਤੇ ਨੌਜਵਾਨਾਂ ਨੂੰ ਤੰਦਰੁਸਤ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਜਿਸ ਦਾ ਆਯੋਜਨ ਪੰਜਾਬ ਦੇ ਪੁਲਿਸ ਪ੍ਰਮੁੱਖ ਸ੍ਰੀ ਗੌਰਵ ਯਾਦਵ, ਡੀ. ਜੀ. ਪੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹੋਇਆ।
ਉਦਘਾਟਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਫ਼ਿਰੋਜ਼ਪੁਰ ਰੇਂਜ ਦੇ ਡੀ.ਆਈ.ਜੀ ਸੀਨੀਅਰ ਰਣਜੀਤ ਸਿੰਘ ਢਿੱਲੋਂ ਹਾਜ਼ਰ ਸਨ ਅਤੇ ਇਸ ਟੂਰਨਾਮੈਂਟ ਦਾ ਉਦਘਾਟਨ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਸੀਨੀਅਰ ਪੁਲਿਸ ਅਧਿਕਾਰੀ ਸੌਮਿਆ ਮਿਸ਼ਰਾ ਦੀ ਅਗਵਾਹੀ ਹੇਠ ਹੋਇਆ।
ਪ੍ਰੋਗਰਾਮ ਦੀ ਸ਼ੁਰੂਆਤ ਵਿਵੇਕਾਨੰਦ ਵਰਲਡ ਸਕੂਲ ਦੇ ਚੇਅਰਮੈਨ ਡਾ. ਗੌਰਵ ਸਾਗਰ ਭਾਸਕਰ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕਰਕੇ ਕੀਤੀ। ਇਸ ਤੋਂ ਬਾਅਦ, ਟੂਰਨਾਮੈਂਟ ਦੀ ਮੁੱਖ ਆਯੋਜਕ ਸ੍ਰੀਮਤੀ ਸੌਮਿਆ ਮਿਸ਼ਰਾ (ਆਈ.ਪੀ.ਐਸ, ਐਸ.ਐਸ.ਪੀ) ਨੇ ਨਸ਼ਾ ਮੁਕਤ ਸਮਾਜ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਉਦੇਸ਼ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਸਮਾਜ ਦੇ ਹਰੇਕ ਕੌਨੇ ਤੱਕ ਇਸ ਮੁਹਿੰਮ ਨੂੰ ਪਹੁੰਚਾਉਣ ਲਈ ਸਾਰੇ ਲੋਕਾਂ ਨੂੰ ਅਪੀਲ ਕੀਤੀ, ਤਾਂ ਜੋ ਇਸ ਮਹੱਤਵਪੂਰਣ ਉਦੇਸ਼ ਲਈ ਵੱਧ ਤੋਂ ਵੱਧ ਲੋਕਾਂ ਨੂੰ ਜੁੜਿਆ ਜਾ ਸਕੇ।
ਪੁਲਿਸ ਵਿਭਾਗ ਅਤੇ ਵਿਵੇਕਾਨੰਦ ਵਰਲਡ ਸਕੂਲ ਦੇ ਸੰਜੁਕਤ ਯਤਨਾਂ ਨਾਲ ਇਸ ਪ੍ਰੋਗਰਾਮ ਨੇ ਨੌਜਵਾਨਾਂ ਨੂੰ ਨਵੇਂ ਰਾਹ ਦਿਖਾਉਣ ਦੇ ਮੌਕੇ ਪ੍ਰਦਾਨ ਕੀਤੇ ਹਨ। ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਸਿਰਫ਼ ਖੇਡਾਂ ਨੂੰ ਹੀ ਪ੍ਰੋਤਸਾਹਨ ਨਹੀਂ ਮਿਲਦਾ ਹੈ, ਸਗੋਂ ਸਮਾਜ ਵਿੱਚ ਵਧ ਰਹੇ ਨਸ਼ਿਆਂ ਦੀ ਸਮੱਸਿਆ ਉੱਤੇ ਗੰਭੀਰ ਵਿਚਾਰ ਕਰਨ ਦੀ ਪ੍ਰੇਰਨਾ ਵੀ ਮਿਲਦੀ ਹੈ। ਇਸ ਟੂਰਨਾਮੈਂਟ ਵਿੱਚ ਫ਼ਿਰੋਜ਼ਪੁਰ ਦੇ ਵੱਖ-ਵੱਖ 500 ਪਿੰਡਾਂ ਤੋਂ, ਵਿਲੇਜ ਡਿਫੈਂਸ ਕਮੇਟੀ, ਸ਼ਹਿਰੀ ਖੇਤਰ ਦੇ ਵਪਾਰਕ, ਸਮਾਜਕ ਅਤੇ ਕਿਸਾਨ ਸੰਗਠਨਾਂ ਨੇ ਹਿੱਸਾ ਲੈ ਕੇ ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ।
ਸਕੂਲ ਦੇ ਵਿਦਿਆਰਥੀਆਂ ਨੇ ਇੱਕ ਸੁਆਗਤੀ ਗੀਤ ਗਾ ਕੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਕੂਲ ਦੇ ਰਾਸ਼ਟਰੀ ਸਤਰ ਦੇ ਸ਼ੂਟਰਾਂ ਨੇ ਨਿਸ਼ਾਨੇਬਾਜੀ ਦਾ ਪ੍ਰਦਰਸ਼ਨ ਕਰਦੇ ਹੋਏ ਨਸ਼ਾ ਮੁਕਤ ਸਮਾਜ ਦੇ ਉਦੇਸ਼ ਨੂੰ ਮਜ਼ਬੂਤ ਕੀਤਾ। ਇਸ ਦੌਰਾਨ, ਸ਼ਾਂਤੀ ਦੇ ਦੂਤ ਸਫੈਦ ਕਬੂਤਰਾਂ ਨੂੰ ਅਸਮਾਨ ਵਿੱਚ ਛੱਡ ਕੇ ਟੂਰਨਾਮੈਂਟ ਦਾ ਰਸਮੀ ਉਦਘਾਟਨ ਕੀਤਾ ਗਿਆ।
ਇਸ ਟੂਰਨਾਮੈਂਟ ਵਿੱਚ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ 24 ਟੀਮਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 14 ਟੀਮਾਂ ਫ਼ਿਰੋਜ਼ਪੁਰ ਦੇ ਪਿੰਡਾਂ ਤੋਂ ਅਤੇ 10 ਟੀਮਾਂ ਪੰਜਾਬ ਦੇ ਹੋਰ ਖੇਤਰਾਂ ਤੋਂ ਸਨ। ਇਸ ਵਿੱਚ ਭਾਰਤੀ ਫੌਜ, ਸੀਮਾ ਸੁਰੱਖਿਆ ਬਲ, ਐਸ.ਓ.ਜੀ ਟੀਮ ਪੰਜਾਬ ਬਲੂ, ਫ਼ਿਰੋਜ਼ਪੁਰ ਪੁਲਿਸ ਰੇਂਜ, ਆਦਿ ਦੀ ਭਾਗੀਦਾਰੀ ਨੇ ਇਸ ਪ੍ਰੋਗਰਾਮ ਨੂੰ ਹੋਰ ਉੱਤਮ ਬਣਾਇਆ।
ਪ੍ਰੋਗਰਾਮ ਦੇ ਅੰਤ ਵਿੱਚ, ਸਾਰੇ ਖਿਡਾਰੀਆਂ, ਵਿਦਿਆਰਥੀਆਂ ਅਤੇ ਮਹਿਮਾਨਾਂ ਨੂੰ ਨਸ਼ਾ ਮੁਕਤ ਸਮਾਜ ਬਣਾਉਣ ਲਈ ਇੱਕ ਸੰਕਲਪ ਸ਼ਪਥ ਦਿਵਾਈ ਗਈ। ਹਰੇਕ ਵਿਅਕਤੀ ਨੇ ਫ਼ਿਰੋਜ਼ਪੁਰ ਪੁਲਿਸ ਅਤੇ ਵਿਵੇਕਾਨੰਦ ਵਰਲਡ ਸਕੂਲ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੀ ਪ੍ਰਸ਼ੰਸਾ ਕੀਤੀ।
ਇਸ ਮੌਕੇ ਤੇ ਰਣਧੀਰ ਕੁਮਾਰ (ਐਸ.ਪੀ, ਇਨਵੈਸਟੀਗੇਸ਼ਨ), ਸ. ਸੁਖਵਿੰਦਰ ਸਿੰਘ (ਡੀ.ਐਸ.ਪੀ, ਫ਼ਿਰੋਜ਼ਪੁਰ ਸਿਟੀ), ਡਾ. ਐਸ.ਐਨ. ਰੁਦਰਾ (ਸਕੂਲ ਡਾਇਰੈਕਟਰ) ਆਦਿ ਹਾਜ਼ਰ ਸਨ।