Ferozepur News

ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ‘ਹਰ ਮਨੁੱਖ ਲਾਵੇ ਇਕ ਰੁੱਖ’ ਮੁਹਿੰਮ ਦੀ ਹੋਈ ਸ਼ੁਰੂਆਤ

 ਲੋਕਾਂ ਨੂੰ ਮੁਹਿੰਮ ਨਾਲ ਜੁੜ ਕੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ

ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ‘ਹਰ ਮਨੁੱਖ ਲਾਵੇ ਇਕ ਰੁੱਖ’ ਮੁਹਿੰਮ ਦੀ ਹੋਈ ਸ਼ੁਰੂਆਤ
ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ‘ਹਰ ਮਨੁੱਖ ਲਾਵੇ ਇਕ ਰੁੱਖ’ ਮੁਹਿੰਮ ਦੀ ਹੋਈ ਸ਼ੁਰੂਆਤ
 ਲੋਕਾਂ ਨੂੰ ਮੁਹਿੰਮ ਨਾਲ ਜੁੜ ਕੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ
ਜ਼ਿਲ੍ਹੇ ਅੰਦਰ ਮਾਨਸੂਨ ਸੀਜ਼ਨ ਦੌਰਾਨ 6.5 ਲੱਖ ਰੁੱਖ ਲਗਾਏ ਜਾਣਗੇ
ਫ਼ਿਰੋਜ਼ਪੁਰ, 03 ਜੁਲਾਈ 2024:
        ਦਿਨੋ ਦਿਨ ਵੱਧ ਰਹੇ ਪ੍ਰਦੂਸ਼ਣ ਅਤੇ ਆਲਮੀ ਤਪਸ਼ ਨੂੰ ਵੇਖਦੇ ਹੋਏ ਵਾਤਾਵਰਨ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਹਰੇਕ ਮਨੁੱਖ ਇਕ ਰੁੱਖ ਜ਼ਰੂਰ ਲਗਾਵੇ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਨ ਮਿਲ ਸਕੇ। ਇਸੇ ਮੰਤਵ ਨਾਲ ਅੱਜ ਫ਼ਿਰੋਜ਼ਪੁਰ ਜ਼ਿਲ੍ਹੇ ਨੂੰ ਹਰਿਆ-ਭਰਿਆ, ਸੁੰਦਰ ਬਣਾਉਣ ਅਤੇ ਵਾਤਾਵਰਨ ਦੀ ਸੰਭਾਲ ਤੇ ਸ਼ੁੱਧਤਾ ਲਈ ‘ਹਰ ਮਨੁੱਖ ਲਾਵੇ ਇਕ ਰੁੱਖ’ ਮੁਹਿੰਮ ਦੀ ਸ਼ੁਰੂਆਤ ਸਥਾਨਕ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਰੁੱਖ ਲਗਾ ਕੇ ਕੀਤੀ ਗਈ ਅਤੇ ਸਮਾਜ ਸੇਵੀ ਸੰਸਥਾਵਾਂ ਤੇ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਇਸ ਮੁਹਿੰਮ ਵਿੱਚ ਸ਼ਾਮਿਲ ਹੋ ਕੇ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੰਦੇਸ਼ ਦਿੱਤਾ ਗਿਆ।
          ਇਸ ਮੌਕੇ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੌਣ ਪਾਣੀ ਦੀ ਸ਼ੁੱਧਤਾ ਤੇ ਹਰਿਆ ਭਰਿਆ ਪੰਜਾਬ ਸਿਰਜਣ ਦੇ ਮੰਤਵ ਨਾਲ ਅੱਜ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ “ਹਰ ਮਨੁੱਖ ਲਾਵੇ ਇੱਕ ਰੁੱਖ” ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਜ਼ਿਲ੍ਹੇ ਦੇ ਸਾਰੇ ਛੇ ਬਲਾਕਾਂ ਵਿੱਚ ਲੱਗਭਗ 65 ਏਕੜ ਜ਼ਮੀਨ ਤੇ ਰਿਵਾਇਤੀ ਰੁੱਖ ਲਗਾ ਕੇ ਮਿੰਨੀ ਜੰਗਲ ਸਥਾਪਿਤ ਕੀਤੇ ਜਾਣਗੇ। ਇਸ ਮੁਹਿੰਮ ਤਹਿਤ ਪੰਚਾਇਤੀ ਜ਼ਮੀਨਾਂ, ਜਨਤਕ ਥਾਵਾਂ, ਧਾਰਮਿਕ ਸਥਾਨਾਂ, ਸਕੂਲਾਂ ਤੇ ਹੋਰ ਸਿੱਖਿਅਕ ਸੰਸਥਾਵਾਂ ਆਦਿ ਵਿਚ ਮਿੰਨੀ ਜੰਗਲ ਲਗਾਏ ਜਾਣਗੇ। ਇਸ ਮੁਹਿੰਮ ਤਹਿਤ 6.5 ਲੱਖ ਤੋਂ ਵੱਧ ਪੌਦੇ ਲਗਾਏ ਜਾਣਗੇ ਅਤੇ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਆਦਿ ਨੂੰ ਇਹ ਪੌਦੇ ਜੰਗਲਾਤ ਵਿਭਾਗ ਵੱਲੋਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਏ ਜਾਣਗੇ।
          ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਮਾਨਸੂਨ ਸੀਜ਼ਨ ਦੌਰਾਨ ਜ਼ਿਲ੍ਹੇ ਵਿੱਚ ਜੰਗਲਾਤ ਵਿਭਾਗ ,ਰਾਊਂਡ ਗਲਾਸ ਫਾਊਡੇਸ਼ਨ ਐਨ.ਜੀ.ਓ. ਨਾਲ ਤਾਲਮੇਲ ਕਰਕੇ ਮਿੰਨੀ ਜੰਗਲ ਲਗਾਏ ਜਾਣਗੇ। ਇਸ ਤੋਂ ਇਲਾਵਾ ਵਰਧਮਾਨ ਸਪੈਸ਼ਲ ਸਟੀਲ ਲਿਮਟਿਡ ਵੱਲੋਂ ਵੀ ਜ਼ਿਲ੍ਹੇ ਅੰਦਰ ਸੀ.ਐਸ.ਆਰ. ਤਹਿਤ ਮਿੰਨੀ ਜੰਗਲ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਜੰਗਲ ਸਾਰੇ ਬਲਾਕਾਂ ਵਿੱਚ ਪੰਚਾਇਤੀ ਜ਼ਮੀਨ ਵਿੱਚ ਲਗਾਏ ਜਾਣਗੇ ਅਤੇ ਇਨ੍ਹਾਂ ਜੰਗਲਾਂ ਸੁਰੱਖਿਆ ਲਈ ਦੀ ਬਾਉਂਡਰੀ ਤੇ ਕੰਡਿਆਲ਼ੀ ਤਾਰ ਲਗਾਈ ਜਾਵੇਗੀ। ਇਨ੍ਹਾਂ ਜੰਗਲਾਂ ਦੀ ਦੇਖਭਾਲ ਲਈ ਵਣ ਮਿੱਤਰ ਲਗਾਏ ਜਾਣਗੇ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਹਰ ਮਨੁੱਖ ਇਕ ਰੁੱਖ ਜ਼ਰੂਰ ਲਗਾਵੇ ਕਿਉਂਕਿ ਇਹ ਸਮਾਂ ਪੌਦਿਆਂ ਲਈ ਅਨੁਕੂਲ ਹੁੰਦਾ ਹੈ, ਮਿੱਟੀ ਵੀ ਨਰਮ ਹੁੰਦੀ ਹੈ ਅਤੇ ਬਾਰਿਸ਼ ਨਾਲ ਬੂਟਿਆਂ ਨੂੰ ਪਾਣੀ ਮਿਲਦਾ ਰਹਿੰਦਾ ਹੈ। ਇਸ ਸਮੇਂ ਬੂਟੇ ਦੇ ਚੰਗੀ ਤਰ੍ਹਾਂ ਵੱਧਣ ਫੁੱਲਣ ਦੀ ਸੰਭਾਵਨਾ ਵੱਧ ਹੁੰਦੀ ਹੈ। ਉਨ੍ਹਾਂ ਦੱਸਿਆ ਇਸ ਮੁਹਿੰਮ ਤਹਿਤ ਸਮੂਹ ਵਿਭਾਗਾਂ ਵੱਲੋਂ ਆਪਣੇ ਅਧਿਕਾਰ ਖੇਤਰ ਅਧੀਨ ਖਾਲ਼ੀ ਪਈ ਜ਼ਮੀਨ ’ਤੇ ਪਿੱਪਲ, ਬੋਹੜ, ਨਿੰਮ, ਪਿਲਕਨ, ਕਿੱਕਰ, ਤੂਤ, ਟਾਹਲੀ, ਅੰਬ, ਅਮਲਤਾਸ ਵਰਗੇ ਰਿਵਾਇਤੀ ਪੌਦੇ ਲਗਾਉਣ ਤੋਂ ਬਾਅਦ ਉਨ੍ਹਾਂ ਦਾ ਸਮੇਂ-ਸਮੇਂ ਉੱਤੇ ਧਿਆਨ ਵੀ ਰੱਖਿਆ ਜਾਵੇਗਾ ਤਾਂ ਜੋ ਪੌਦੇ ਦੀ ਸਹੀ ਦੇਖਭਾਲ ਹੁੰਦੀ ਰਹੇ। ਉਨ੍ਹਾਂ ਕਿਹਾ ਇਸ ਮੁਹਿੰਮ ਦਾ ਉਦੇਸ਼ ਜ਼ਿਲ੍ਹੇ ਨੂੰ ਸੁੰਦਰ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁੱਕਤ ਬਣਾਉਣਾ ਹੈ। ਇਹ ਪੌਦੇ ਵਣ ਵਿਭਾਗ ਵੱਲੋਂ ਉਪਲੱਬਧ ਕਰਵਾਏ ਜਾਣਗੇ ਅਤੇ ਸਾਂਭ-ਸੰਭਾਲ ਸਬੰਧੀ ਤਕਨੀਕੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਭਾਗਾਂ ਨੂੰ ਇਹ ਪੌਦੇ ਜ਼ਿਲ੍ਹੇ ਅੰਦਰ ਸਰਕਾਰੀ ਨਰਸਰੀਆਂ ਤੋਂ ਬਿਲਕੁਲ ਮੁਫ਼ਤ ਉਪਲੱਬਧ ਕਰਵਾਏ ਜਾਣਗੇ।
          ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ, ਪੰਚਾਇਤਾਂ, ਧਾਰਮਿਕ ਤੇ ਸਮਾਜ-ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਅਤੇ ਪ੍ਰਦੂਸ਼ਣ ਮੁਕਤ ਕਰਨ ਲਈ ਪੰਜਾਬ ਸਰਕਾਰ/ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਗਈ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਅਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਇਨ੍ਹਾਂ ਦੀ ਸਾਂਭ ਸੰਭਾਲ ਵਿਚ ਉਹ ਆਪਣਾ ਵੱਡਮੁਲਾ ਯੋਗਦਾਨ ਜ਼ਰੂਰ ਪਾਉਣ।
          ਇਸ ਮੌਕੇ ਐਸ.ਡੀ.ਐਮ. ਫ਼ਿਰੋਜ਼ਪੁਰ ਡਾ. ਚਾਰੂਮਿਤਾ, ਸਹਾਇਕ ਕਮਿਸ਼ਨਰ (ਜ) ਸ੍ਰੀ ਸੂਰਜ ਅਤੇ ਚੇਅਰਮੈਨ ਮਾਰਕਿਟ ਕਮੇਟੀ ਫ਼ਿਰੋਜ਼ਪੁਰ ਸ. ਬਲਰਾਜ ਸਿੰਘ ਕਟੋਰਾ ਵੱਲੋਂ ਵੀ ਰੁੱਖ ਲਗਾਏ ਗਏ। ਇਸ ਮੌਕੇ ਡੀ.ਐਫ.ਓ. ਸਤਿੰਦਰ ਸਿੰਘ, ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ, ਬਾਬਾ ਬਲੰਬਰ ਸਿੰਘ, ਰਮੇਸ਼ ਸ਼ਰਮਾ ਸਮੇਤ ਜੰਗਲਾਤ ਵਿਭਾਗ ਦੇ ਹੋਰ ਅਧਿਕਾਰੀ/ਕਰਮਚਾਰੀ ਤੇ ਆਮ ਆਦਮੀ ਪਾਰਟੀ ਦੇ ਵਰਕਰਜ਼ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button