ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਹਨ ਵਿਸ਼ੇਸ਼ ਉਪਰਾਲੇ-ਕੈਬਨਿਟ ਮੰਤਰੀ ਰਾਣਾ ਸੋਢੀ
ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਹਨ ਵਿਸ਼ੇਸ਼ ਉਪਰਾਲੇ-ਕੈਬਨਿਟ ਮੰਤਰੀ ਰਾਣਾ ਸੋਢੀ
ਕੈਬਨਿਟ ਮੰਤਰੀ ਨੇ ਬਲਾਕ ਗੁਰੂਹਰਸਹਾਏ ਦੇ ਸਰਕਾਰੀ ਸਕੂਲਾਂ ਦੇ ਵਿਕਾਸ ਦੇ ਕੰਮਾਂ ਲਈ 2 ਕਰੋੜ 5 ਲੱਖ ਰੁਪਏ ਦੇ ਚੈੱਕ ਕੀਤੇ ਭੇਟ
ਸਵਾਗਤੀ ਗਾਣਾ ਗਾ ਕੇ ਸਕੂਲੀ ਬੱਚਿਆਂ ਵੱਲੋਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਜੀ ਆਇਆ ਕਿਹਾ ਗਿਆ
ਕੈਬਨਿਟ ਮੰਤਰੀ ਨੇ ਚੱਕ ਨਿਧਾਨਾ ਦੇ ਹਾਈ ਸਕੂਲ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਅਪਗ੍ਰੇਡ ਕਰਕੇ ਬਿਲਡਿੰਗ ਦਾ ਕੀਤਾ ਉਦਘਾਟਨ
ਗੁਰੂਹਰਸਹਾਏ/ਫ਼ਿਰੋਜ਼ਪੁਰ 4 ਨਵੰਬਰ 2019 ( ) ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਕੈਬਨਿਟ ਮੰਤਰੀ ਖੇਡਾਂ ਤੇ ਯੁਵਕ ਸੇਵਾਵਾਂ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਚੱਕ ਨਿਧਾਨਾ ਦੇ ਹਾਈ ਸਕੂਲ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਅਪਗ੍ਰੇਡੇਸ਼ਨ ਕਰਕੇ ਉਦਘਾਟਨ ਕੀਤਾ ਗਿਆ। ਇਸ ਦੇ ਨਾਲ ਹੀ ਬਲਾਕ ਗੁਰੂਹਰਸਹਾਏ ਦੇ ਸਰਕਾਰੀ ਸਕੂਲਾਂ ਦੇ ਵਿਕਾਸ ਦੇ ਕੰਮਾਂ ਲਈ 2 ਕਰੋੜ 5 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਵੀ ਭੇਟ ਕੀਤੇ ਗਏ। ਇਸ ਤੋਂ ਇਲਾਵਾ ਰਾਣਾ ਸੋਢੀ ਵੱਲੋਂ ਚੱਕ ਨਿਧਾਨਾ ਸਕੂਲ ਦੇ ਬੱਚਿਆਂ ਨੂੰ ਸ਼ੁੱਧ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਲਈ ਆਰ.ਓ. ਸਿਸਟਮ ਲਗਵਾਇਆ ਤੇ ਖ਼ੁਦ ਪਾਣੀ ਪੀ ਕੇ ਚੈੱਕ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਜਲਦੀ ਹੀ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਆਰ.ਓ. ਸਿਸਟਮ ਵੀ ਲੱਗ ਜਾਣਗੇ। ਇਸ ਤੋਂ ਬਾਅਦ ਸਵਾਗਤੀ ਗਾਣਾ ਗਾ ਕੇ ਸਕੂਲੀ ਬੱਚਿਆ ਵੱਲੋਂ ਰਾਣਾ ਸੋਢੀ ਨੂੰ ਜੀ ਆਇਆ ਕਿਹਾ ਗਿਆ।
ਸਕੂਲ ਦੀ ਅਪਗ੍ਰੇਡੇਸ਼ਨ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਇਸ ਸਕੂਲ ਦੇ ਵਿਦਿਆਰਥੀਆਂ ਨੂੰ ਆਪਣੀ 10 ਵੀਂ ਦੀ ਪੜ੍ਹਾਈ ਤੋਂ ਬਾਅਦ ਪੜ੍ਹਨ ਲਈ ਸ਼ਹਿਰ ਜਾਣਾ ਪੈਂਦਾ ਸੀ, ਪਰ ਹੁਣ ਉਹ ਆਪਣੀ ਬਾਰ੍ਹਵੀਂ ਤੱਕ ਦੀ ਪੜ੍ਹਾਈ ਇਸ ਸਕੂਲ ਵਿੱਚ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੱਕ ਨਿਧਾਨੇ ਦੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਅੱਜ ਇਸ ਹਾਈ ਸਕੂਲ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਤਬਦੀਲ ਕਰਕੇ ਇਸ ਸਕੂਲ ਦੀ ਬਿਲਡਿੰਗ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਮਦੋਟ ਦੇ ਸਰਕਾਰੀ ਸਕੂਲਾਂ ਦੀ ਅਪਗ੍ਰੇਡੇਸ਼ਨ ਲਈ 1 ਕਰੋੜ 4 ਲੱਖ ਰੁਪਏ ਦੇ ਚੈੱਕ ਦਿੱਤੇ ਗਏ ਹਨ ਅਤੇ ਹੁਣ ਤੱਕ ਤਕਰੀਬਨ 7 ਕਰੋੜ ਰੁਪਏ ਸਿਰਫ਼ ਸਕੂਲਾਂ ਦੀ ਦੇਖ-ਰੇਖ, ਨਵੇਂ ਕਮਰੇ ਬਣਾਉਣ, ਟੁਆਇਲਟ ਅਤੇ ਸੁੰਦਰੀਕਰਨ ਲਈ ਵੰਡੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਸੁੰਦਰੀਕਰਨ ਲਈ ਪੈਸਿਆਂ ਦੀ ਕੋਈ ਵੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਬੱਚਿਆ ਨੂੰ ਕਿਹਾ ਕਿ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਹਿੱਸਾ ਲੈਣ, ਇਸ ਨਾਲ ਉਹ ਨਸ਼ਿਆਂ ਤੋਂ ਦੂਰ ਰਹਿਣਗੇ। ਉਨ੍ਹਾਂ ਕਿਹਾ ਕਿ ਸਾਡੇ ਮਿਲਖਾ ਸਿੰਘ ਵਰਗੇ ਵੀ ਇਸ ਤਰ੍ਹਾਂ ਛੋਟੇ ਪਿੰਡਾਂ/ਸ਼ਹਿਰਾਂ ਵਿਚੋਂ ਜਾ ਕੇ ਦੌੜੇ ਸਨ। ਉਨ੍ਹਾਂ ਕਿਹਾ ਕਿ ਏਸ਼ੀਆ ਕੌਮਨ ਵੈਲਥ ਜਿੱਤਣ ਵਾਲੇ ਖਿਡਾਰੀ ਨੂੰ ਇੱਕ ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਸਰਕਾਰ ਵੱਲੋਂ ਦਿੱਤੀ ਜਾਵੇਗੀ।
ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪਟਿਆਲੇ ਵਿੱਚ 100 ਏਕੜ ਜ਼ਮੀਨ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਯੂਨੀਵਰਸਿਟੀ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੀ ਅਪਗ੍ਰੇਡੇਸ਼ਨ ਲਈ ਅੱਜ ਵੱਖ-ਵੱਖ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ 71 ਚੈੱਕ ਵੰਡੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਧਿਆਨ ਰੱਖਿਆ ਜਾਵੇ ਕਿ ਸਕੂਲਾਂ ਦੀ ਅਪਗ੍ਰੇਸ਼ਨ ਲਈ ਕੋਈ ਵੀ ਮਾੜਾ ਮੈਟੀਰੀਅਲ ਨਾ ਵਰਤਿਆ ਜਾਵੇ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਕੁਲਵਿੰਦਰ ਕੌਰ ਨੂੰ ਕਿਹਾ ਕਿ ਉਹ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਵਿਜ਼ਟ ਕਰਨ ਅਤੇ ਜਿੱਥੇ ਵੀ ਸਕੂਲਾਂ ਵਿੱਚ ਅਪਗ੍ਰੇਡੇਸ਼ਨ ਜਾਂ ਹੋਰ ਸਹੂਲਤਾਂ ਦੀ ਲੋੜ ਹੈ, ਉਹ ਲਿਸਟ ਬਣਾ ਕੇ ਉਨ੍ਹਾਂ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਖ਼ੁਸ਼ਕਿਸਮਤ ਹਾਂ ਕਿ ਅਸੀਂ ਸ੍ਰੀ. ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਪ੍ਰਕਾਸ਼ ਉਤਸਵ ਮਨਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ ਤੱਕ ਕਈ ਕੰਮ ਚੱਲ ਰਹੇ ਹਨ ਅਤੇ ਕਰਤਾਰਪੁਰ ਦਾ ਲਾਂਘਾ ਵੀ ਖੁੱਲ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਦੱਸੇ ਰਾਹ ਤੇ ਚੱਲ ਕੇ ਵਾਤਾਵਰਨ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾਈਏ ਤੇ ਆਪਣੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈਏ ਕਿਉਂਕਿ ਇਸ ਨਾਲ ਕਈ ਤਰ੍ਹਾਂ ਬਿਮਾਰੀਆਂ ਪੈਦਾ ਹੁੰਦੀਆਂ ਹਨ ਤੇ ਸੜਕੀ ਦੁਰਘਟਨਾਵਾਂ ਵੀ ਵਾਪਰਦੀਆਂ ਹਨ।
ਇਸ ਮੌਕੇ ਡਿਪਟੀ ਡੀ.ਈ.ਓ. ਸੁਖਵਿੰਦਰ ਸਿੰਘ ਬਰਾੜ, ਕਿਰਪਾਲ ਸਿੰਘ ਸਰਪੰਚ, ਬਲਵਿੰਦਰ ਕੁਮਾਰ ਸਕੂਲ ਇੰਚਾਰਜ, ਜਗੀਰ ਚੰਦ, ਵੇਦ ਪ੍ਰਕਾਸ਼, ਹੰਸ ਰਾਜ ਬੱਟੀ, ਕਸ਼ਮੀਰ ਸਿੰਘ, ਨਛੱਤਰ ਸਿੰਘ, ਰਵੀ ਚਾਵਲਾ, ਰਾਜੂ ਸਾਈਂਆਵਾਲਾ, ਨਸੀਬ ਸੰਧੂ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਤੇ ਕਾਂਗਰਸੀ ਆਗੂ ਹਾਜ਼ਰ ਸਨ।