Ferozepur News
ਪੰਜਾਬ ਸਰਕਾਰ ਵੱਲੋਂ ਸਾਹੀਵਾਲ/ਦੇਸੀ ਨਸਲ ਦੀਆਂ ਗਾਵਾਂ ਦੀ ਖ਼ਰੀਦ, ਕੈਂਟਲ ਸ਼ੈਡ,ਚਾਰੇ ਵਾਲੀ ਮਸ਼ੀਨ ਆਦਿ ਤੇ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਵੇਗੀ—ਮੀਨਾ
ਪੰਜਾਬ ਸਰਕਾਰ ਵੱਲੋਂ ਸਾਹੀਵਾਲ/ਦੇਸੀ ਨਸਲ ਦੀਆਂ ਗਾਵਾਂ ਦੀ ਖ਼ਰੀਦ, ਕੈਂਟਲ ਸ਼ੈਡ,ਚਾਰੇ ਵਾਲੀ ਮਸ਼ੀਨ ਆਦਿ ਤੇ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਵੇਗੀ—ਮੀਨਾ
ਸਾਹੀਵਾਲ ਗਾਵਾਂ ਸਬੰਧੀ 5 ਰੋਜਾ ਸਿਖਲਾਈ ਕੈਪ ਦਾ ਆਯੋਜਨ
ਫ਼ਿਰੋਜ਼ਪੁਰ 17 ਜੁਲਾਈ ( ) ਪੰਜਾਬ ਸਰਕਾਰ ਵੱਲੋਂ ਸਾਹੀਵਾਲ/ਦੇਸੀ ਨਸਲ ਦੀਆਂ ਗਾਵਾ ਨੂੰ ਪਾਲਣ ਪ੍ਰਤੀ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਇਸ ਨਸਲ ਦੀਆਂ ਗਾਵਾਂ ਦੀ ਖ਼ਰੀਦ, ਚਾਰੇ ਵਾਲੀ ਮਸ਼ੀਨ, ਸ਼ੈਡ ਅਤੇ ਬੀਮੇ ਆਦਿ ਤੇ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਫ਼ਿਰੋਜ਼ਪੁਰ/ਫ਼ਰੀਦਕੋਟ ਡਵੀਜ਼ਨ ਦੇ ਕਮਿਸ਼ਨਰ ਸ੍ਰੀ.ਵੇ.ਕੇ ਮੀਨਾ ਨੇ ਪਿੰਡ ਧੀਰਾ-ਪੱਤਰਾ ਵਿਖੇ ਸਾਹੀਵਾਲ ਗਾਵਾਂ ਪਾਲਣ ਸਬੰਧੀ ਡੇਅਰੀ ਵਿਭਾਗ ਵੱਲੋਂ ਲਗਾਏ ਗਏ ਵਿਸ਼ੇਸ਼ ਟ੍ਰੇਨਿੰਗ ਕੈਂਪ ਦੇ ਸਮਾਪਤੀ ਸਮਾਰੋਹ ਸਮੇਂ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਪਸ਼ੂ ਪਾਲਨ ਨੂੰ ਸੰਬੋਧਨ ਕਰਦਿਆਂ ਦਿੱਤੀ।
ਸ੍ਰੀ.ਵੇ.ਕੇ ਮੀਨਾ ਨੇ ਦੱਸਿਆ ਕਿ ਸਾਹੀਵਾਲ/ਦੇਸੀ ਨਸਲ ਦੀਆਂ ਗਾਵਾਂ ਦੇ ਪਾਲਨ ਨੂੰ ਉਤਸ਼ਾਹਿਤ ਕਰਨ ਲਈ ਇਸ ਨੂੰ ਪਾਇਲਟ ਪ੍ਰਾਜੈਕਟ ਵਜੋਂ ਲਿਆ ਹੈ ਅਤੇ ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਜ਼ਿਲ੍ਹਿਆਂ ਦੀ ਵੀ ਇਸ ਪ੍ਰਾਜੈਕਟ ਲਈ ਚੋਣ ਕੀਤੀ ਗਈ ਹੈ। ਉਨ੍ਹਾਂ ਦੱਸਿਆਂ ਕਿ ਸਰਕਾਰ ਵੱਲੋਂ ਸਾਹੀਵਾਲ ਸਬੰਧੀ ਤੀਜਾ ਕਲੱਸਟਰ ਫ਼ਿਰੋਜ਼ਪੁਰ ਵਿਖੇ ਸਥਾਪਿਤ ਕੀਤਾ ਗਿਆ ਹੈ ਜਦਕਿ ਪਹਿਲਾ ਦੋ ਕਲੱਸਟਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਅਤੇ ਫ਼ਾਜ਼ਿਲਕਾ ਵਿਖੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਹੀਵਾਲ ਗਾਵਾਂ ਸਬੰਧੀ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸੁਸਾਇਟੀ ਵੀ ਬਣਾਈ ਗਈ ਹੈ, ਜਿਸ ਵੱਲੋਂ ਸਾਹੀਵਾਲ ਗਾਵਾਂ ਦੀ ਸੰਭਾਲ ਤੇ ਨਸਲ ਸੁਧਾਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਪੰਜ ਰੋਜਾ ਟ੍ਰੇਨਿੰਗ ਕੈਂਪ ਦੌਰਾਨ 40 ਪਸ਼ੂ ਪਾਲਕਾਂ ਨੂੰ ਸਾਹੀਵਾਲ ਗਾਵਾਂ ਸਬੰਧੀ ਟ੍ਰੇਨਿੰਗ ਦਿੱਤੀ ਗਈ ਅਤੇ ਉਨ੍ਹਾਂ ਨੂੰ ਸਾਹੀਵਾਲ ਨਸਲ ਦੀਆਂ ਵਧੀਆ ਗਾਵਾਂ ਦਿਖਾਉਣ ਲਈ ਭੈਣੀ ਸਾਹਿਬ (ਲੁਧਿਆਣਾ) ਦਾ ਦੌਰਾ ਵੀ ਕਰਵਾਇਆ ਗਿਆ। ਇਸ ਤੋ ਪਹਿਲਾਂ ਸ੍ਰੀ ਮੀਨਾ ਨੇ ਫਾਰਮਰਜ਼ ਸੁਸਾਇਟੀ ਵੱਲੋਂ ਮਾਰਕੀਟ ਕਮੇਟੀ ਫ਼ਿਰੋਜ਼ਪੁਰ ਛਾਉਣੀ ਵਿਖੇ ਚਲਾਈ ਜਾ ਰਹੀ ਆਰਗੈਨਿਕ ਵਸਤਾਂ ਦੀ ਦੁਕਾਨ ਦਾ ਦੌਰਾ ਵੀ ਕੀਤਾ।
ਡੇਅਰੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇਸੀ ਨਸਲ ਦੀਆਂ ਗਾਵਾਂ ਪਾਲਣ ਲਈ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਨਾਭਾ ਅਤੇ ਸਮਰਾਲਾ ਦੇ ਆਲੇ-ਦੁਆਲੇ ਦੇਸੀ ਨਸਲ ਦੀਆਂ ਗਾਵਾਂ ਦੇ ਡੇਅਰੀ ਯੂਨਿਟ ਸਥਾਪਤ ਕਰਨ ਈ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਲਈ ਪਸ਼ੂਆਂ ਦੀ ਖ਼ਰੀਦ, ਕੈਂਟਲ ਸ਼ੈਡ, ਦੁੱਧ ਚੁਆਈ ਮਸ਼ੀਨ, ਚਾਰਾ ਕੱਟਣ ਵਾਲੀ ਮਸ਼ੀਨ, ਫੋਰਡ ਹਰਵੈਸਟਰ ਤੇ 50 ਪ੍ਰਤੀਸ਼ਤ ਸਬਸਿਡੀ, ਪਸ਼ੂਆਂ ਦੇ ਤਿੰਨ ਸਾਲ ਦੇ ਬੀਮੇ ਸਮੇਤ ਪਹਿਚਾਣ ਚਿੰਨ੍ਹ ਦੀ 100 ਪ੍ਰਤੀਸ਼ਤ ਲਾਗਤ ਦੀ ਪੂਰਤੀ ਆਦਿ ਤੋਂ ਇਲਾਵਾ ਮੁਫ਼ਤ ਮਾਨਸੂਈ ਗਰਭਪਾਤ, ਡੀ ਵਾਰਮਿੰਗ, ਵੈਕਸੀਨੇਸ਼ਨ ਮਿਨਰਲ ਮਿਕਸਚਰ ਅਤੇ ਬਿਮਾਰੀਆਂ ਆਦਿ ਦੇ ਟੈਸਟ ਦੀ ਸਹੂਲਤ ਵੀ ਮੁਫ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ 2,5 ਅਤੇ 10 ਸਾਹੀਵਾਲ/ ਦੇਸੀ ਨਸਲ ਦੀਆ ਗਾਵਾਂ ਦੇ ਯੂਨਿਟ ਸਥਾਪਿਤ ਕੀਤੇ ਜਾਣਗੇ।
ਇਸ ਮੌਕੇ ਸ੍ਰੀ.ਸੰਦੀਪ ਸਿੰਘ ਗੜਾ ਐਸ.ਡੀ.ਐਸ ਫ਼ਿਰੋਜ਼ਪੁਰ, ਸ੍ਰ. ਬਲਦੇਵ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਸ੍ਰ.ਬੀਰ ਪ੍ਰਤਾਪ ਸਿੰਘ ਗਿੱਲ ਕਾਰਜਕਾਰੀ ਅਫ਼ਸਰ ਡੇਅਰੀ ਵਿਭਾਗ, ਸ੍ਰ.ਬੂਟਾ ਸਿੰਘ ਪ੍ਰਧਾਨ ਫਾਰਮਰ ਹੈਲਪ ਸੁਸਾਇਟੀ ਅਤੇ ਸੁਸਾਇਟੀ ਮੈਂਬਰ ਹਾਜਰ ਸਨ।