ਪੰਜਾਬ ਸਰਕਾਰ ਵੱਲੋਂ ਦੇਸੀ ਨਸਲ/ਸਾਹੀਵਾਲ ਗਾਵਾਂ ਦੇ ਡੇਅਰੀ ਯੂਨਿਟ ਸਥਾਪਤ ਕਰਨ ਲਈ ਪਾਇਲਟ ਪ੍ਰਾਜੈਕਟ ਸ਼ੁਰੂ
ਫਿਰੋਜ਼ਪੁਰ 25 ਮਾਰਚ(ਏ.ਸੀ.ਚਾਵਲਾ) ਪੰਜਾਬ ਪਸ਼ੂਧਨ ਵਿਕਾਸ ਬੋਰਡ ਵੱਲੋਂ ਦੇਸੀ ਨਸਲ ਦੀਆਂ ਗਾਵਾਂ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਲਈ ਡੇਅਰੀ ਫਾਰਮਰਜ਼/ਪਸ਼ੂ ਪਾਲਕਾਂ ਲਈ ਸਿਖਲਾਈ, ਕਰਜ਼ੇ ਤੇ ਵੱਡੀ ਸਬਸਿਡੀ ਸਮੇਤ ਕਈ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਪੰਜਾਬ ਸਰਕਾਰ ਵੱਲੋਂ ਇਸ ਪਾਇਲਟ ਪ੍ਰੋਜੈਕਟ ਲਈ ਸਰਹੱਦੀ ਜਿਲ•ੇ ਫਿਰੋਜਪੁਰ ਦੀ ਚੋਣ ਵੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇਜੀ: ਡੀ.ਪੀ.ਐਸ.ਖਰਬੰਦਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇਸੀ ਨਸਲ ਦੀਆਂ ਗਾਵਾਂ ਪਾਲਣ ਲਈ ਫਿਰੋਜਪੁਰ, ਫਾਜਿਲਕਾ, ਨਾਭਾ ਅਤੇ ਸਮਰਾਲਾ ਦੇ ਆਲੇ-ਦੁਆਲੇ ਦੇਸੀ ਨਸਲ ਦੀਆਂ ਗਾਵਾਂ ਦੇ ਡੇਅਰੀ ਯੂਨਿਟ ਸਥਾਪਤ ਕਰਨ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਲਈ ਪਸ਼ੂਆਂ ਦੀ ਖ੍ਰੀਦ, ਕੈਂਟਲ ਸ਼ੈਡ, ਦੁੱਧ ਚੁਆਈ ਮਸ਼ੀਨ, ਚਾਰਾ ਕੱਟਣ ਵਾਲੀ ਮਸ਼ੀਨ, ਫੋਰਡ ਹਰਵੈਸਟਰ ਤੇ 50 ਪ੍ਰਤੀਸ਼ਤ ਸਬਸਿਡੀ, ਪਸ਼ੂਆਂ ਦੇ ਤਿੰਨ ਸਾਲ ਦੇ ਬੀਮੇ ਸਮੇਤ ਪਹਿਚਾਣ ਚਿੰਨ ਦੀ 100% ਲਾਗਤ ਦੀ ਪੂਰਤੀ ਆਦਿ ਤੋਂ ਇਲਾਵਾ ਮੁਫ਼ਤ ਮਾਨਸੂਈ ਗਰਭਪਾਤ, ਡੀ ਵਾਰਮਿੰਗ, ਵੈਕਸੀਨੇਸ਼ਨ, ਮਿਨਰਲ ਮਿਕਸਚਰ ਅਤੇ ਬਿਮਾਰੀਆਂ ਆਦਿ ਦੇ ਟੈਸਟ ਦੀ ਸਹੂਲਤ ਵੀ ਮੁਫ਼ਤ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਹੱਦੀ ਜਿਲ•ੇ ਫਿਰੋਜਪੁਰ ਦੇ ਕਿਸਾਨਾਂ ਨੂੰ ਦੇਸੀ ਨਸਲ ਦੀਆਂ ਗਾਵਾਂ ਪਾਲਣ ਲਈ ਵੱਡਾ ਤੋਹਫ਼ਾ ਦਿੱਤਾ ਜਾ ਰਿਹਾ ਹੈ ਤੇ ਜਿਲ•ੇ ਦੇ ਪਸ਼ੂ ਪਾਲਕਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਬਲਵਿੰਦਰਜੀਤ ਨੇ ਦੱਸਿਆ ਕਿ ਇਸ ਸਕੀਮ ਅਧੀਨ 2, 5 ਅਤੇ 10 ਸਾਹੀਵਾਲ ਗਾਵਾਂ /ਦੇਸੀ ਨਸਲ ਦੀਆਂ ਗਾਵਾਂ ਦੇ ਕੁੱਲ 17 ਯੂਨਿਟ ਸਥਾਪਿਤ ਕੀਤੇ ਜਾਣਗੇ। ਉਨ•ਾਂ ਕਿਹਾ ਕਿ ਚਾਹਵਾਨ ਵਿਅਕਤੀਆਂ ਦੀ ਚੋਣ ਕਰਕੇ ਇਨ•ਾਂ ਨੂੰ 15 ਦਿਨ ਮੁਫ਼ਤ ਡੇਅਰੀ ਸਿਖਲਾਈ ਦਿਵਾਈ ਜਾਵੇਗੀ। ਵਧੇਰੇ ਜਾਣਕਾਰੀ ਲਈ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਜਿਲ•ਾ ਪ੍ਰਬੰਧਕੀ ਕੰਪਲੈਕਸ ਫਿਰੋਜਪੁਰ ਨਾਲ ਨਿੱਜੀ ਜਾਂ ਫੋਨ ਨੰ: 01632-244304 ਤੇ ਸੰਪਰਕ ਕੀਤਾ ਜਾ ਸਕਦਾ ਹੈ।