Ferozepur News
ਪੰਜਾਬ ਸਰਕਾਰ ਨੇ ਵੱਲੋਂ ਰਾਜ ਦੇ ਸਾਰੇ ਵਰਗਾਂ ਦੀ ਭਲਾਈ ਲਈ ਵੱਡੀਆਂ ਸਕੀਮਾਂ ਅਤੇ ਯੋਜਨਾਵਾਂ ਚਲਾਈ ਗਈਆਂ:ਸ.ਜਨਮੇਜਾ ਸਿੰਘ ਸੇਖੋਂ
ਪੰਜਾਬ ਸਰਕਾਰ ਨੇ ਵੱਲੋਂ ਰਾਜ ਦੇ ਸਾਰੇ ਵਰਗਾਂ ਦੀ ਭਲਾਈ ਲਈ ਵੱਡੀਆਂ ਸਕੀਮਾਂ ਅਤੇ ਯੋਜਨਾਵਾਂ ਚਲਾਈ ਗਈਆਂ:ਸ.ਜਨਮੇਜਾ ਸਿੰਘ ਸੇਖੋਂ
ਆਪ ਅਤੇ ਕਾਂਗਰਸ ਤੋਂ ਪੰਜਾਬ ਦੇ ਭਲੇ ਦੀ ਆਸ ਨਹੀ ਕੀਤੀ ਜਾ ਸਕਦੀ
ਵਪਾਰੀਆਂ ਦੀ ਭਲਾਈ ਅਤੇ ਮੁਸ਼ਕਿਲਾਂ ਦੇ ਹੱਲ ਲਈ ਸਰਕਾਰ ਵੱਲੋਂ ਵਪਾਰ ਬੋਰਡ ਦੀ ਸਥਾਪਨਾ ਕੀਤੀ ਗਈ :ਕਮਲ ਸ਼ਰਮਾ
ਸਰਕਾਰ ਨੇ ਗਰੀਬ ਵਰਗ, ਕਿਸਾਨਾਂ ਅਤੇ ਵਪਾਰੀ ਵਰਗ ਲਈ ਇਤਿਹਾਸਕ ਕੰਮ ਕੀਤੇ: ਜੋਗਿੰਦਰ ਸਿੰਘ
ਜ਼ਿਲ੍ਹਾ ਫਿਰੋਜਪੁਰ ਦੇ 6500 ਵਪਾਰੀਆਂ ਨੂੰ ਦਿੱਤੇ ਜਾਣਗੇ ਸਿਹਤ ਬੀਮਾ ਯੋਜਨਾ ਦੇ ਸਮਾਰਟ ਕਾਰਡ:ਖਰਬੰਦਾ
ਫਿਰੋਜਪੁਰ 30 ਅਪ੍ਰੈਲ :ਪੰਜਾਬ ਸਰਕਾਰ ਵੱਲੋਂ ਪਿੱਛਲੇ 9 ਸਾਲਾਂ ਵਿਚ ਰਾਜ ਦੇ ਸਾਰੇ ਵਰਗਾਂ ਦੀ ਭਲਾਈ ਲਈ ਵੱਡੀ ਪੱਧਰ ਤੇ ਲੋਕ ਭਲਾਈ ਸਕੀਮਾਂ ਅਤੇ ਯੋਜਨਾਵਾਂ ਲਾਗੂ ਕੀਤੀਆਂ ਹਨ ਅਤੇ ਆਪਣੇ ਨਾਗਰਿਕਾਂ ਨੂੰ ਵਧੀਆਂ ਸੇਵਾਵਾਂ ਦੇਣ ਵਿਚ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸ.ਜਨਮੇਜਾ ਸਿੰਘ ਸੇਖੋਂ ਨੇ ਸਥਾਨਕ ਕ੍ਰਿਸ਼ਨਾ ਰਿਜੋਰਟ ਵਿਖੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸਕੀਮ ਦੀ ਜ਼ਿਲ੍ਹੇ ਦੇ ਵਪਾਰੀਆਂ ਲਈ ਸ਼ੁਰੂਆਤ ਕਰਨ ਲਈ ਆਯੋਜਿਤ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਸ.ਜਨਮੇਜਾ ਸਿੰਘ ਸੇਖੋਂ ਨੇ ਸੂਬਾ ਸਰਕਾਰ ਦੀ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਪ੍ਰਤੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਨੂੰ ਤੇਜ਼ੀ ਨਾਲ ਜਾਰੀ ਰੱਖਦਿਆਂ ਸਮਾਜ ਦੇ ਸਾਰੇ ਵਰਗਾਂ ਲਈ ਸਮਾਜ ਭਲਾਈ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਰਾਜ ਦੇ 2 ਲੱਖ 33 ਹਜਾਰ ਵਪਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲਾਭ ਮਿਲੇਗਾ ਅਤੇ ਇਹ ਵਪਾਰੀ ਪਰਿਵਾਰ ਇਸ ਯੋਜਨਾ ਤਹਿਤ ਜਾਰੀ ਸਮਾਰਟ ਕਾਰਡ ਰਾਹੀਂ ਸਲਾਨਾ 50 ਹਜਾਰ ਰੁਪਏ ਤੱਕ ਦਾ ਨਗਦੀ ਰਹਿਤ ਇਲਾਜ ਕਰਵਾ ਸਕਣਗੇ। ਇਸ ਤੋਂ ਬਿਨਾਂ ਕਿਸੇ ਦੁਰਘਟਨਾ ਵਿਚ ਪਰਿਵਾਰ ਦੇ ਮੁੱਖੀ ਦੀ ਮੌਤ ਹੋ ਜਾਣ ਜਾਂ ਨਕਾਰਾ ਹੋ ਜਾਣ ਤੇ ਤੇ 5 ਲੱਖ ਰੁਪਏ ਦਾ ਦੁਰਘਟਨਾ ਬੀਮਾ ਕਵਰ ਵੀ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਗ ਲੱਗਣ ਕਾਰਨ ਨੁਕਸਾਨ ਹੋਣ ਤੇ ਵੀ ਵਪਾਰੀ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਬਿਨਾਂ ਨੀਲਾ ਕਾਰਡ ਧਾਰਕ ਪਰਿਵਾਰ, ਕਿਸਾਨਾਂ ਅਤੇ ਉਸਾਰੀ ਕਿਰਤੀਆਂ ਨੂੰ ਵੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਪੂਰੇ ਰਾਜ ਦੇ ਸ਼ਹਿਰਾਂ ਨੂੰ ਚਾਰ ਮਾਰਗੀ, ਛੇ ਮਾਰਗੀ ਸੜਕਾਂ ਨਾਲ ਜੋੜਿਆ ਜਾ ਰਿਹਾ ਹੈ ਅਤੇ ਲੋੜ ਅਨੁਸਾਰ ਪੁਲਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ-ਲੁਧਿਆਣਾ ਰਾਜ ਮਾਰਗ ਨੂੰ ਚੁੰਹੂ ਮਾਰਗੀ ਕਰਨ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ।
ਸ.ਜਨਮੇਜਾ ਸਿੰਘ ਸੇਖੋਂ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵੇਂ ਹੀ ਮੁੱਦਾਹੀਣ ਪਾਰਟੀਆਂ ਹਨ, ਜਿਨ੍ਹਾਂ ਤੋ ਪੰਜਾਬ ਦੇ ਭਲੇ ਦੀ ਆਸ ਨਹੀ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਦਾ ਪੰਜਾਬ ਦੇ ਪਾਣੀਆਂ, ਧਾਰਮਿਕ ਤੇ ਹੋਰ ਮਸਲਿਆਂ ਸਬੰਧੀ ਦੋਗਲਾ ਕਿਰਦਾਰ ਹੈ ਤੇ ਇਨ੍ਹਾਂ ਪਾਰਟੀਆਂ ਦੇ ਆਗੂ ਪੰਜਾਬ ਅੰਦਰ ਹੋਰ ਬਿਆਨ ਦਿੰਦੇ ਹਨ ਅਤੇ ਦਿੱਲੀ ਵਿਚ ਹੋਰ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਰਿਕਾਰਡ ਤੋੜ ਵਿਕਾਸ ਕਾਰਜਾਂ ਨਾਲ ਸੂਬੇ ਵਿਚ ਮੁੜ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਬਣੇਗੀ। ਇਸ ਮੌਕੇ ਉਨ੍ਹਾਂ ਨੇ ਵਪਾਰੀਆਂ ਨੂੰ ਆਪਣੇ ਕਰ ਕਮਲਾਂ ਨਾਲ ਸਿਹਤ ਬੀਮਾ ਯੋਜਨਾ ਦੇ ਕਾਰਡ ਵੀ ਤਕਸੀਮ ਕੀਤੇ।
ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਗਰੀਬ,ਵਪਾਰੀਆਂ ਅਤੇ ਕਿਸਾਨਾਂ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾਂ ਸ਼ੁਰੂ ਕਰਕੇ ਇਨ੍ਹਾਂ ਤਬਕਿਆਂ ਦੇ ਸਿਹਤ ਇਲਾਜ ਸਬੰਧੀ ਵੱਡੀ ਮੱਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਰਾਜ ਦੇ ਵਿਕਾਸ ਲਈ ਯਤਨਸ਼ੀਲ ਹੈ ਅਤੇ ਸਰਕਾਰ ਵੱਲੋਂ ਸੂਬੇ ਵਿਚ ਜੋ ਲੋਕ ਪੱਖੀ ਕੰਮ ਕਰਵਾਏ ਗਏ ਹਨ, ਉਸ ਦੀ ਮਿਸਾਲ ਪੂਰੇ ਦੇਸ਼ ਵਿਚ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਜੋ ਵਾਅਦਾ ਕੀਤਾ ਗਿਆ ਸੀ ਕਿ ਸਭ ਤੋਂ ਪਹਿਲਾਂ ਸਰਕਾਰ ਬਣਨ ਤੇ ਵਪਾਰੀਆਂ ਦੀ ਭਲਾਈ ਲਈ ਵਪਾਰ ਬੋਰਡ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਵਪਾਰੀ ਨੂੰ ਹੀ ਇਸ ਦਾ ਚੇਅਰਮੈਨ ਲਗਾਇਆ ਜਾਵੇਗਾ। ਸਰਕਾਰ ਬਣਦਿਆਂ ਹੀ ਰਾਜ ਸਰਕਾਰ ਨੇ 4 ਚੇਅਰਮੈਨ ਭਾਰੀ ਉਦਯੋਗ, ਦਰਮਿਆਨੇ, ਛੋਟੇ ਅਤੇ ਹੋਰ ਛੋਟੇ ਉਦਯੋਗਾਂ ਨਾਲ ਸਬੰਧਤ ਵਪਾਰੀ ਵਰਗ ਵਿਚੋਂ ਲਗਾਏ ਹਨ।
ਸਮਾਗਮ ਨੂੰ ਸੰਬੋਧਨ ਕਰਦਿਆ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਸ.ਜੋਗਿੰਦਰ ਸਿੰਘ ਜਿੰਦੂ ਨੇ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਗੱਲ ਕਰਦਿਆਂ ਦੱਸਿਆ ਕਿ ਵਪਾਰੀਆਂ ਦੀ ਭਲਾਈ ਲਈ 100 ਪ੍ਰਤੀਸ਼ਤ ਆਨਲਾਈਨ ਰਿਟਰਨ ਦੀ ਸੁਵਿਧਾ, ਭੱਠਿਆਂ ਲਈ ਯਕਮੁਸ਼ਤ ਟੈਕਸ, ਬੇਕਰੀ, ਢਾਬਾ ਅਤੇ ਪਲਾਈਵੁੱਡ ਆਦਿ ਤੇ ਵੈਟ 'ਚ ਕਮੀ ਕੀਤੀ ਗਈ ਹੈ। ਇਸ ਤੋਂ ਇਲਾਵਾ ਇੱਕ ਕਰੋੜ ਤੋਂ ਘੱਟ ਵਾਲੇ ਵਪਾਰੀਆਂ ਤੇ ਕੋਈ ਕੈਸ਼ ਅਸੈਸਮੈਂਟ ਨਹੀਂ ਲੱਗੇਗਾ। ਇਸ ਪਾਲਿਸੀ ਅਧੀਨ ਰਾਜ ਦੇ 1.86 ਲੱਖ ਵਪਾਰੀਆਂ ਨੂੰ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਕਣਕ ਅਤੇ ਦੁੱਧ ਤੇ ਖ਼ਰੀਦ ਟੈਕਸ 5 ਪ੍ਰਤੀਸ਼ਤ ਤੋਂ ਘਟਾ ਕੇ 3 ਪ੍ਰਤੀਸ਼ਤ ਕੀਤਾ ਗਿਆ ਹੈ।
ਪੰਜਾਬ ਸਹਿਕਾਰੀ ਬੈਕ ਦੇ ਚੇਅਰਮੈਨ ਸ: ਅਵਤਾਰ ਸਿੰਘ ਜ਼ੀਰਾ ਅਤੇ ਸਾਬਕਾ ਵਿਧਾਇਕ ਸ.ਸੁਖਪਾਲ ਸਿੰਘ ਨੰਨੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੂਬਾ ਸਰਕਾਰ ਵੱਲੋਂ ਰਾਜ ਵਿਚ ਪਿਛਲੇ 9 ਸਾਲਾਂ ਵਿਚ ਜੋ ਵਿਕਾਸ ਕਾਰਜ ਕਰਵਾਏ ਗਏ ਹਨ ਉਸ ਦੇ ਸਦਕਾ ਪੰਜਾਬ ਦੇਸ਼ ਵਿਚੋਂ ਮੋਹਰੀ ਸੂਬਾ ਬਣ ਕੇ ਉੱਭਰਿਆ ਹੈ। ਉਨ੍ਹਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਝੂਠੇ ਪ੍ਰਚਾਰ ਤੋਂ ਸੁਚੇਤ ਰਹਿਣ। ਉਨ੍ਹਾਂ ਕਿਹਾ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਪੂਰੇ ਦੇਸ਼ ਵਿਚ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰੇ ਦੀ ਪ੍ਰਤੀਕ ਹੈ।
ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਇਸ ਮੌਕੇ ਦੱਸਿਆ ਕਿ ਇਸ ਯੋਜਨਾ ਨਾਲ ਵਪਾਰੀਆਂ ਨੂੰ ਵੱਡੀ ਸਹੂਲਤ ਹੋਵੇਗੀ ਅਤੇ ਯੋਜਨਾ ਤਹਿਤ ਉਹ ਅਧਿਸੂਚਿਤ ਹਸਪਤਾਲਾਂ ਵਿਚ ਭਰਤੀ ਹੋ ਕੇ 50 ਹਜਾਰ ਰੁਪਏ ਤੱਕ ਦਾ ਨਗਦੀ ਰਹਿਤ ਇਲਾਜ ਕਰਵਾ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਅਧੀਨ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਤੋਂ ਇਲਾਵਾ 9 ਪ੍ਰਾਈਵੇਟ ਹਸਪਤਾਲ ਵੀ ਸੂਚੀਬੱਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਇਸ ਸਕੀਮ ਤਹਿਤ ਜ਼ਿਲ੍ਹੇ ਦੇ 6500 ਵਪਾਰੀਆਂ ਨੂੰ ਸਿਹਤ ਬੀਮਾ ਯੋਜਨਾ ਦੇ ਸਮਾਰਟ ਕਾਰਡਾਂ ਦੀ ਵੰਡ ਕੀਤੀ ਜਾਵੇਗੀ।
ਇਸ ਮੌਕੇ ਹੋਰਨਾ ਤੋਂ ਇਲਾਵਾ ਸ੍ਰੀ ਵਨੀਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸ.ਸੰਦੀਪ ਸਿੰਘ ਗੜਾ ਐਸ.ਡੀ.ਐਮ ਫਿਰੋਜ਼ਪੁਰ, ਸ.ਡੀ.ਐਚ.ਗਰਚਾ ਏ.ਈ.ਟੀ.ਸੀ ਫਿਰੋਜ਼ਪੁਰ, ਸ੍ਰੀ. ਡੀ. ਪੀ. ਚੰਦਨ ਚੇਅਰਮੈਨ , ਸ੍ਰੀ ਨਵਨੀਤ ਗੌਰਾ, ਮਾਸਟਰ ਗੁਰਨਾਮ ਸਿੰਘ, ਸ੍ਰੀ ਰੋਹਿਤ ਵੋਹਰਾ (ਮੌਂਟੂ) , ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਨੰਦ ਕਿਸ਼ੋਰ ਗੂਗਨ, ਸ੍ਰੀ ਅਸ਼ਵਨੀ ਮਹਿਤਾ, ਹਰੀ ਓਮ ਬਜਾਜ, ਸ੍ਰੀ ਦਵਿੰਦਰ ਬਜਾਜ ਜ਼ਿਲ੍ਹਾ ਪ੍ਰਧਾਨ ਭਾਜਪਾ, ਬਚਿੱਤਰ ਸਿੰਘ ਮੌਰ ਚੇਅਰਮੈਨ, ਸ.ਜੁਗਰਾਜ ਸਿੰਘ ਕਟੋਰਾ ਚੇਅਰਮੈਨ, ਸ਼੍ਰੋਮਣੀ ਕਮੇਟੀ ਮੈਂਬਰ ਸ.ਜਥੇਦਾਰ ਪ੍ਰੀਤਮ ਸਿੰਘ ਮਲਸੀਆਂ, ਸ.ਸਤਪਾਲ ਸਿੰਘ ਤਲਵੰਡੀ, ਸ.ਦਰਸ਼ਨ ਸਿੰਘ ਸ਼ੇਰਖਾਂ, ਸ.ਬਲਵਿੰਦਰ ਸਿੰਘ ਭੰਮਾਲੰਡਾ, ਸ.ਰੁਪਿੰਦਰ ਸਿੰਘ ਮੌਨੂੰ,ਗੁਰਮੀਤ ਸਿੰਘ ਮੁੱਦਕੀ, ਜਸਵਿੰਦਰ ਸਿੰਘ ਬੂਟੇ ਵਾਲਾ, ਸ.ਹਰਚਰਨ ਸਿੰਘ ਵੈਰੜ, ਸ.ਨਛੱਤਰ ਸਿੰਘ ਗਿੱਲ, ਸ.ਭਗਵਾਨ ਸਿੰਘ ਨੂਰਪੁਰ ਸੇਠਾਂ, ਵੱਡੀ ਗਿਣਤੀ 'ਚ ਵਪਾਰੀ ਤੇ ਇਲਾਕਾ ਨਿਵਾਸੀ ਵੀ ਹਾਜਰ ਸਨ।