ਪੰਜਾਬ ਯੂਨੀਵਰਸਿਟੀ ਕਾਨਸਟੀਟੂਐਂਟ ਕਾਲਜ ਮੋਹਕਮ ਖਾਂ ਵਾਲਾ ਤੋਂ ਵਾਤਾਵਰਣ ਦਿਵਸ ਕੰਪੇਨ ਦੀ ਕੀਤੀ ਸ਼ੁਰੂਆਤ
ਪੰਜਾਬ ਯੂਨੀਵਰਸਿਟੀ ਕਾਨਸਟੀਟੂਐਂਟ ਕਾਲਜ ਮੋਹਕਮ ਖਾਂ ਵਾਲਾ ਤੋਂ ਵਾਤਾਵਰਣ ਦਿਵਸ ਕੰਪੇਨ ਦੀ ਕੀਤੀ ਸ਼ੁਰੂਆਤ
- ਵਾਤਾਵਰਣ ਹਿੱਤ ਪਲਾਸਟਿਕ ਦੇ ਲਿਫਾਫਿਆਂ ਦੀ ਥਾਂ ਤੇ ਕੱਪੜੇ ਜਾਂ ਜੂਟ ਦੇ ਥੈਲੇ ਦੀ ਕੀਤੀ ਜਾਵੇ ਵਰਤੋਂ – ਸੀ.ਜੇ.ਐਮ.
ਫਿਰੋਜ਼ਪੁਰ ( ) 02 ਜੂਨ, 2022 : ਅੱਜ ਸ਼੍ਰੀ ਵੀਰਇੰਦਰ ਅਗਰਵਾਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਹਿਤ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਪ੍ਰਾਪਤ ਹੋਏ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮਿਸ ਏਕਤਾ ਉੱਪਲ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਵਾਤਾਵਰਣ ਦਿਵਸ ਕੰਪੇਨ ਦੀ ਵੀਰਵਾਰ ਨੂੰ ਪੰਜਾਬ ਯੂਨੀਵਰਸਿਟੀ ਕਾਨਸਟੀਟੂਐਂਟ ਕਾਲਜ ਮੋਹਕਮ ਖਾਂ ਵਾਲਾ ਤੋਂ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸੀ.ਜੇ.ਐਮ ਵੱਲੋਂ ਕਾਲਜ ਦਾ ਦੌਰਾ ਵੀ ਕੀਤਾ ਗਿਆ । ਉਨ੍ਹਾਂ ਨਾਲ ਕਾਲਜ ਦੇ ਇੰਚਾਰਜ ਪ੍ਰਿੰਸੀਪਲ ਸ੍ਰੀ ਜਸਮੀਤ ਸਿੰਘ ਸਮੇਤ ਸਟਾਫ ਐੱਨ.ਜੀ.ਓ. ਸ੍ਰੀ ਬਲਵਿੰਦਰ ਪਾਲ ਸ਼ਰਮਾ ਅਤੇ ਰਣਧੀਰ ਸ਼ਰਮਾ ਆਦਿ ਹਾਜ਼ਰ ਸਨ।
ਇਸ ਮੌਕੇ ਸੀ.ਜੇ.ਐਮ. ਮਿਸ ਏਕਤਾ ਉੱਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਉਤੇ ਬਿਲਕੁਲ ਮਨਾਹੀ ਹੈ ਪਰ ਇਸ ਦੇ ਬਾਵਜੂਦ ਵੀ ਇਹ ਲਗਾਤਾਰ ਵਰਤੋਂ ਵਿੱਚ ਹਨ ਜੋ ਕਿ ਕਚਰੇ ਦੇ ਰੂਪ ਵਿੱਚ ਵਰਤੋਂ ਤੋਂ ਬਾਅਦ ਖੁਲ੍ਹੇ ਵਿੱਚ ਸੁੱਟ ਦਿੱਤੇ ਜਾਂਦੇ ਅਤੇ ਵਾਤਾਵਰਣ ਨੂੰ ਗੰਧਲਾ ਅਤੇ ਪ੍ਰਦੂਸ਼ਿਤ ਕਰਦੇ ਹਨ। ਉਨ੍ਹਾਂ ਵਾਤਾਵਰਣ ਨੂੰ ਸਾਫ਼ ਸੁਥਰਾ ਬਣਾਉਣ ਅਤੇ ਪ੍ਰਦੂਸ਼ਣ ਮੁਕਤ ਕਰਨ ਲਈ ਮੋਮੀ/ਪਲਾਸਟਿਕ ਦੇ ਲਿਫਾਫਿਆਂ ਦੀ ਜਗ੍ਹਾ ਘਰੇਲੂ ਕੱਪੜੇ ਜਾਂ ਜੂਟ ਦੇ ਬਣੇ ਥੈਲਿਆਂ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਬਿਜਲੀ ਅਤੇ ਪਾਣੀ ਦੀ ਵਰਤੋਂ ਬਹੁਤ ਹੀ ਸੰਜਮ ਨਾਲ ਕਰਨੀ ਚਾਹੀਦੀ ਹੈ । ਇਸ ਦੇ ਨਾਲ-ਨਾਲ ਰੁੱਖਾਂ ਦੀ ਲਗਾਤਾਰ ਕਟਾਈ ਹੋਣ ਨਾਲ ਕੁਦਰਤ ਵੀ ਕਰੋਪਵਾਨ ਹੋਈ ਪਈ ਹੈ। ਇਸ ਲਈ ਵੱਧ ਤੋਂ ਵੱਧ ਦਰਖਤ ਲਗਾਏ ਜਾਣੇ ਚਾਹੀਦੇ ਹਨ ਤਾਂ ਕਿ ਵਾਤਾਵਰਣ ਵਿੱਚ ਵਧ ਰਹੀ ਗਰਮੀ ਨੂੰ ਰੋਕਿਆ ਜਾ ਸਕੇ। ਰੁੱਖਾਂ ਦੀ ਵੱਧ ਰਹੀ ਕਟਾਈ ਕਾਰਨ ਬਾਰਿਸ਼ਾਂ ਹੋਣੋਂ ਵੀ ਲਗਭਗ ਬੰਦ ਹੋ ਗਈਆਂ ਹਨ ਜਿਸ ਕਰਕੇ ਫਸਲਾਂ ਦੇ ਝਾੜ ਵਿੱਚ ਭਾਰੀ ਗਿਰਾਵਟ ਆਈ ਹੈ। ਇਸ ਦੇ ਨਾਲ-ਨਾਲ ਆਕਸੀਜਨ ਦਾ ਪੱਧਰ ਵੀ ਬਹੁਤ ਖਤਰਨਾਕ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ। ਇਸ ਲਈ ਵਾਤਾਵਰਣ ਦਿਵਸ ਸਿਰਫ ਇੱਕ ਦਿਨ ਲਈ ਹੀ ਨਾ ਮਣਾ ਕੇ ਹਰ ਦਿਨ ਵਾਤਾਵਰਣ ਦਿਵਸ ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਵੱਧ ਤੋਂ ਵੱਧ ਦਰਖਤ ਲਗਾ ਕੇ ਇਨ੍ਹਾਂ ਨੂੰ ਪਾਲਿਆ ਜਾਵੇ ਤਾਂ ਜੋ ਕੁਦਰਤ ਨੂੰ ਹੋਰ ਕਰੋਪਵਾਨ ਹੋਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਜੱਜ ਸਾਹਿਬ ਨੇ ਬੋਲਦਿਆਂ ਦੱਸਿਆ ਕਿ ਅੱਜ ਦੇ ਮਾਹੌਲ ਵਿੱਚ ਦਰਖਤਾਂ ਦੀ ਹੋਂਦ ਖਤਮ ਹੁੰਦੀ ਜਾ ਰਹੀ ਹੈ । ਨਵ ਨਿਰਮਾਣ ਅਤੇ ਚੌੜੀਆਂ ਸੜਕਾਂ ਦੇ ਮੱਦੇਨਜ਼ਰ ਦਰਖਤਾਂ ਦੀ ਲਗਾਤਾਰ ਕਟਾਈ ਵੀ ਕੁਦਰਤ ਦੇ ਸੰਤੁਲਨ ਵਿਗੜਣ ਦਾ ਮੁੱਖ ਕਾਰਨ ਹੈ। ਸੋ ਇਸ ਵਿਗੜਦੇ ਹੋਏ ਸੰਤੁਲਨ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਪੈਣਗੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਕੁਝ ਨਾ ਕੁਝ ਬਚਾ ਸਕੀਏ । ਇਸ ਤੋਂ ਬਾਅਦ ਜੱਜ ਸਾਹਿਬ ਨੇ ਇੱਥੇ ਹਾਜ਼ਰ ਹੋਏ ਸਾਰੇ ਹੀ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।