ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਲੱਗਾ S.E. ਦਫ਼ਤਰ ਨਹਿਰੀ ਵਿਭਾਗ ਮੋਰਚਾ ਤੀਜੇ ਦਿਨ
ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਲੱਗਾ S.E. ਦਫ਼ਤਰ ਨਹਿਰੀ ਵਿਭਾਗ ਮੋਰਚਾ ਤੀਜੇ ਦਿਨ
ਹਰੀਸ਼ ਮੋਂਗਾ
ਫਿਰੋਜ਼ਪੁਰ, ਜੁਲਾਈ 23, 2022: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਲੱਗੇ S.E. ਨਹਿਰੀ ਵਿਭਾਗ ਦਫ਼ਤਰ ਅੱਗੇ ਲੱਗੇ ਧਰਨੇ ਵਿੱਚ ਤੀਜੇ ਦਿਨ ਵਿਸ਼ਵ ਬੈਂਕ ਦੇ ਦਬਾਅ ਹੇਠ ਕੰਮ ਕਰ ਰਹੇ ਭਾਰਤੀ ਹਾਕਮਾਂ ਤੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸ਼ਮੂਲੀਅਤ ਕੀਤੀ।
ਸੈਂਕੜੇ ਕਿਸਾਨਾਂ ਮਜਦੂਰਾਂ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਸੂਬਾ ਕੋਰ ਕਮੇਟੀ ਰਣਵੀਰ ਸਿੰਘ ਰਾਣਾ ਤੇ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਕਿਹਾ ਕਿ ਪੰਜਾਬ ਵਿੱਚ ਪਾਣੀਆਂ ਦੀ ਹਾਲਤ ਬਹੁਤ ਹੀ ਖਰਾਬ ਹੋ ਚੁੱਕੀ ਹੈ। ਕਾਰਪੋਰੇਟ ਘਰਾਣਿਆਂ ਦੀਆਂ ਫੈਕਟਰੀਆਂ ਦੇ ਗੰਧਲੇ ਪਾਣੀਆਂ ਨਾਲੇ ਜਿੱਥੇ ਦਰਿਆਵਾਂ, ਨਹਿਰਾਂ ਦੇ ਪਾਣੀ ਪ੍ਰਦੂਸ਼ਿਤ ਹੋ ਚੁੱਕੇ ਹਨ,ਉਥੇ ਇਨ੍ਹਾਂ ਘਰਾਣਿਆਂ ਵੱਲੋਂ ਬਿਨਾਂ ਟਰੀਟਮੈਂਟ ਕੀਤੇ ਪਾਣੀ ਬੋਰਾਂ ਰਾਹੀਂ ਧਰਤੀ ਹੇਠ ਭੇਜ ਕੇ ਧਰਤੀ ਹੇਠਲੇ ਪਾਣੀ ਵੀ ਪੀਣ ਯੋਗ ਤੇ ਵਾਹੀਯੋਗ ਲਈ ਨਹੀਂ ਛੱਡੇ। ਕਿਸਾਨ ਆਗੂਆਂ ਸਖ਼ਤ ਲਹਿਜ਼ੇ ਕਿਹਾ ਕਿ ਸਰਕਾਰ ਨੇ ਇਨ੍ਹਾਂ ਕਾਰਪੋਰੇਟਾਂ ਵਿਰੁੱਧ ਬਣਦੇ ਕੇਸ ਦਰਜ ਕਰਕੇ ਇਨ੍ਹਾਂ ਨੂੰ ਸਖਤ ਸਜ਼ਾਵਾਂ ਨਾ ਦਿੱਤੀਆਂ ਤਾਂ ਆਉਣ ਵਾਲੇ ਦਿਨਾਂ ਵਿਚ ਪਾਣੀਆਂ ਨੂੰ ਪ੍ਰਦੂਸ਼ਿਤ ਕਰ ਰਹੇ ਘਰਾਣਿਆਂ ਵਿਰੁੱਧ ਤਿੱਖੇ ਸੰਘਰਸ਼ ਵਿੱਢੇ ਜਾਣਗੇ। ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਸਰਕਾਰ ਦੀ ਹੋਵੇਗੀ।
ਇਸ ਮੌਕੇ ਵੀਰ ਸਿੰਘ ਨਿਜਾਮਦੀਨ ਵਾਲਾ, ਅਮਨਦੀਪ ਸਿੰਘ ਕੱਚਰਭੰਨ, ਬਲਰਾਜ ਸਿੰਘ ਫੇਰੋਕੇ, ਸੁਖਵੰਤ ਸਿੰਘ ਲੋਹਕਾ, ਮੱਖਣ ਸਿੰਘ ਵਾੜਾ ਜਵਾਹਰ ਸਿੰਘ ਵਾਲਾ, ਸੰਦੀਪ ਸਿੰਘ ਲਹਿਰਾ, ਵਰਿੰਦਰ ਕੱਸੋਆਣਾ, ਗੁਰਜੰਟ ਸਿੰਘ ਲਹਿਰਾ, ਲਖਵਿੰਦਰ ਸਿੰਘ ਜੋਗੇਵਾਲਾ, ਹਰਵਿੰਦਰ ਸਿੰਘ ਮੰਨੂ ਮਾਛੀ, ਸੁਖਚੈਨ ਸਿੰਘ, ਸਾਹਿਬ ਸਿੰਘ, ਕਮਲਜੀਤ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।