Ferozepur News

ਪੰਜਾਬ ਦੀ ਲੋੜ- ਜੈਵਿਕ ਖੇਤੀ :ਵਿਜੈ ਗਰਗ

ਕੁਦਰਤੀ ਖੇਤੀ ਪੰਜਾਬ ਵਿਚ ਨਵੀਆਂ ਬੀਮਾਰੀਆਂ ਨੂੰ ਰੋਕਣ ਲਈ ਨਵਾਂ ਰਾਹ ਹੈ। ਚੰਗੀ ਸਿਹਤ ਲਈ ਜੈਵਿਕ ਅਤੇ ਕੁਦਰਤੀ ਖੇਤੀ ਦੀ ਲੋੜ ਮੁੱਢ ਕਦੀਮ ਤੋਂ ਆਰਥਿਕ ਲੋੜਾਂ ਨੂੰ ਪੂਰਾ ਕਰਦੀ ਆਈ ਹੈ। ਵੱਡੀ ਮਾਤਰਾ ਵਿੱਚ ਜ਼ਹਿਰ ਅਤੇ ਰਸਾਇਣ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਵੱਜੋਂ ਏਨੇ ਵਰਤੇ ਜਾਂਦੇ ਰਹੇ ਹਨ ਕਿ ਧਰਤੀ, ਪਾਣੀ ਅਤੇ ਹਵਾ ਨੂੰ ਵੀ ਅਸੀਂ ਪੂਰੀ ਤਰਾਂ ਨਾਲ ਜ਼ਹਿਰੀਲੀ ਕਰ ਲਿਆ ਹੈ। ਹਰ ਪਾਸੇ ਜ਼ਹਿਰ ਹੀ ਜ਼ਹਿਰ ਹੋ ਗਈ ਹੈ। ਅੱਜ ਇਹ ਮੁੱਖ ਲੋੜ ਹੈ ਕਿ ਅਸੀਂ ਹੁਣ ਇਹਨਾ ਜ਼ਹਿਰਾਂ ਅਤੇ ਰਸਾਇਣਾ ਤੋਂ ਆਪਣੀ ਖੇਤੀ ਨੂੰ ਦੂਰ ਕਰੀਏ ਅਤੇ ਮਨੁੱਖੀ ਸਿਹਤ ਨੂੰ ਖ਼ਤਰਨਾਕ ਬਿਮਾਰੀਆਂ ਤੋਂ ਬਚਾਈਏ। ਖਾਦਾਂ ਅਤੇ ਜ਼ਹਿਰਾਂ ਦੀ ਖੇਤੀ ਬਿਨਾਂ ਜੈਵਿਕ ਖੇਤੀ ਹੈ। ਭਾਵੇਂ ਘੱਟ ਉਪਜ ਲਈ ਜਾਵੇ ਪਰ ਸਾਡੀ ਸਿਹਤ ਨੂੰ ਕਿਸੇ ਤਰਾਂ ਦਾ ਕੋਈ ਨੁਕਸਾਨ ਨਾ ਹੋਵੇ। ਜ਼ਮੀਨ ਦੀ ਸਿਹਤ ਲਈ ਪਸ਼ੂਆਂ ਦੇ ਗੋਹੇ ਅਤੇ ਪਿਸ਼ਾਬ ਤੋਂ ਤਿਆਰ ਕੀਤੀ ਖਾਦ ਵਰਤੀ ਜਾਵੇ। ਗੰਡੋਇਆਂ ਤੋਂ ਵੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ। 

              ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਉਨ੍ਹਾਂ ਹਜ਼ਾਰਾਂ ਹੀ ਮਿਹਨਤਕਸ਼ ਲੋਕਾਂ ਨੂੰ ਸਰਕਾਰ ਨੇ ਵੱਧ ਅਨਾਜ ਪੈਦਾ ਕਰਨ ਬਦਲੇ ਉਹ ਨਹੀਂ ਦਿਤਾ ਜੋ ਦੇਣਾ ਚਾਹੀਦਾ ਸੀ।  ਕਈ ਕਿਸਾਨ ਹੈ ਬਿਨਾਂ ਕਿਸੇ ਖਾਦ ਅਤੇ ਦਵਾਈ ਤੋਂ ਕੁਦਰਤੀ ਖੇਤੀ ਕਰ ਰਹੇ ਹਨ। ਵੱਡੇ ਪੱਧਰ 'ਤੇ ਹਰ ਤਰ੍ਹਾਂ ਦੀਆਂ ਸਬਜ਼ੀਆਂ, ਫਲ ਅਤੇ ਅਨਾਜ ਕੁਦਰਤੀ ਢੰਗ ਨਾਲ ਹੀ ਪੈਦਾ ਹੋਣ ਲੱਗੀਆਂ ਹਨ। ਇਸ ਤਰ੍ਹਾਂ ਖੇਤੀ ਕਰਨ ਨਾਲ ਪੈਦਾਵਾਰ ਜ਼ਰੂਰ ਆਮ ਨਾਲੋਂ ਘੱਟ ਹੁੰਦੀ ਹੈ ਪਰ ਵੱਧ ਭਾਅ ਮਿਲਣ ਕਾਰਨ ਕਮਾਈ ਆਮ ਫਸਲ ਦੇ ਬਰਾਬਰ ਹੀ ਹੋ ਜਾਂਦੀ ਹੈ। ਰਸਾਇਣਕ ਖਾਦਾਂ ਅਤੇ ਦਵਾਈਆਂ ਨਾਲ ਤਿਆਰ ਕੀਤੀ ਗਈ ਫਸਲ 'ਤੇ ਪ੍ਰਤੀ ਏਕੜ ਤਿੰਨ ਹਜ਼ਾਰ ਰੁਪਏ ਖਰਚ ਆਉਂਦਾ ਹੈ ਪਰ ਕੁਦਰਤੀ ਪੈਦਾਵਾਰ ਕਰਨ ਨਾਲ ਇਹ ਖਰਚਾ ਸਿਰਫ ਦੋ ਸੌ ਰੁਪਏ ਪ੍ਰਤੀ ਏਕੜ ਹੀ ਰਹਿ ਜਾਂਦਾ ਹੈ। ਕੀੜੇਮਾਰ ਜ਼ਹਿਰਾਂ ਅਤੇ ਰਸਾਇਣਕ ਖਾਦਾਂ ਨੂੰ ਲੋਕ ਅਲਵਿਦਾ ਕਹਿ ਰਹੇ ਹਨ। ਹਰ ਤਰ੍ਹਾਂ ਦੀਆਂ ਸਬਜ਼ੀਆਂ, ਦਾਲਾਂ ਅਤੇ ਕਣਕ ਦੇ ਨਾਲ ਹੀ ਕਮਾਦ ਵੀ ਬੀਜਿਆ ਜਾਂਦਾ ਹੈ। ਮੌਸਮ ਦੇ ਹਿਸਾਬ ਨਾਲ ਹਰ ਸਬਜ਼ੀ ਅਤੇ ਦਾਲਾਂ ਆਮ ਨਾਲੋਂ ਕਈ ਗੁਣਾ ਵੱਧ ਭਾਅ 'ਤੇ ਵਿਕਦੀਆਂ ਹਨ। ਜੈਵਿਕ ਕਣਕ ਦਾ ਭਾਅ ਵੀ ਤਿੰਨ ਕੁ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮਿਲ ਜਾਂਦਾ ਹੈ। ਸਬਜ਼ੀਆਂ,ਦਾਲਾਂ ਅਤੇ ਮੱਕੀ ਆਦਿ ਸਮੇਤ ਹੋਰ ਜੈਵਿਕ ਖਾਧ ਪਦਾਰਥਾਂ ਦੇ ਪੱਕੇ ਗਾਹਕ ਹਨ। ਸਰਦੀ ਦੇ ਮੌਸਮ ਵਿਚ ਜੈਵਿਕ ਛੋਲੇ ਬਹੁਤ ਵਧੀਆ ਕੀਮਤ 'ਤੇ ਵਿਕਦੇ ਹਨ। ਜ਼ਮੀਨ ਵਿਚ ਗੰਡੋਏ ਅਤੇ ਹੋਰ ਕੁਦਰਤੀ ਜੀਵ ਆਉਣੇ ਸ਼ੁਰੂ ਹੋ ਗਏ ਹਨ, ਜਿਹੜੇ ਜ਼ਮੀਨ ਨੂੰ ਕੁਦਰਤੀ ਤੌਰ 'ਤੇ ਉਪਜਾਊ ਬਣਾ ਰਹੇ ਹਨ। ਦਿਨੋ-ਦਿਨ ਵਧ ਰਹੀਆਂ ਕੈਂਸਰ ਵਰਗੀਆਂ ਬੀਮਾਰੀਆਂ ਨੂੰ ਰੋਕਣ ਲਈ ਜੈਵਿਕ ਖੇਤੀ ਦਾ ਅਪਣਾਉਣਾ ਬਹੁਤ ਹੀ ਜ਼ਰੂਰੀ ਹੋ ਗਿਆ ਹੈ। 

             ਸਮੁੱਚੀ ਕਾਇਨਾਤ ਤੇ ਮਨੁੱਖਤਾ ਦਾ ਭਲਾ ਜੈਵਿਕ ਖੇਤੀ ਕਰਨ ਨਾਲ ਹੋ ਸਕਦਾ ਹੈ। ਬਹੁਗਿਣਤੀ ਮਿੱਤਰ ਕੀੜੇ ਰਸਾਇਣਕ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਕਰਨ ਨਾਲ ਕਿਸਾਨਾਂ ਦੇ ਅਲੋਪ ਹੋ ਚੁੱਕੇ ਹਨ, ਜਿਹੜੇ ਫਸਲ ਦੀ ਰਾਖੀ ਕਰਦੇ ਸਨ। ਪੀ ਏ ਯੂ ਦੇ ਕੀਟ ਵਿਗਿਆਨਿਕਾਂ ਨੇ ਜ਼ਹਿਰਾਂ ਤੋਂ ਮੁਕਤ ਖੇਤੀ ਕਰਵਾਉਣ ਲਈ ਮਿੱਤਰ ਕੀੜਿਆਂ ਦੀ ਫੌਜ ਤਿਆਰ ਕੀਤੀ ਹੈ, ਜਿਹੜੀ ਖੇਤਾਂ ਵਿਚ ਜਾ ਕੇ ਦੁਸ਼ਮਣ ਕੀੜਿਆਂ ਨੂੰ ਮਾਰਨ ਦੇ ਨਾਲ ਹੀ ਫਸਲ ਦੇ ਝਾੜ ਵਿਚ ਵੀ ਵਾਧਾ ਕਰਦੀ ਹੈ। ਮਿੱਤਰ ਕੀੜਿਆਂ ਦੀ ਮਦਦ ਨਾਲ ਸਬਜ਼ੀਆਂ, ਦਾਲਾਂ, ਤੇਲ ਬੀਜ ਫਸਲਾਂ ਆਦਿ 'ਤੇ ਛੱਡ ਕੇ ਕਈ ਸਫਲ ਨਤੀਜੇ ਮਿਲ ਚੁੱਕੇ ਹਨ। 252 ਕਿਸਮਾਂ ਨੂੰ ਮਿੱਤਰ ਕੀੜਿਆਂ ਦੇ ਰੂਪ ਵਿਚ ਵੇਖਿਆ ਗਿਆ ਹੈ। 63 ਜਾਤੀਆਂ ਦੀ ਪਹਿਚਾਣ ਫਸਲਾਂ ਨੂੰ ਨੁਕਸਾਨ ਕਰਨ ਵਾਲੇ ਕੀੜਿਆਂ ਵਜੋਂ ਹੋਈ ਹੈ। ਸਭ ਤੋਂ ਪ੍ਰਮੁੱਖ 16 ਕੀੜਿਆਂ ਦੀਆਂ ਕਿਸਮਾਂ ਦੀ ਪੈਦਾਵਾਰ ਕੀਤੀ ਜਾ ਰਹੀ ਹੈ ਕਿਉਂਕਿ ਹੁਣ ਖੇਤੀ ਮਾਹਿਰ ਮਹਿਸੂਸ ਕਰਨ ਲੱਗ ਪਏ ਹਨ ਕਿ ਖੇਤੀ ਦੀ ਪੈਦਾਵਾਰ ਲਈ ਬੀਜ ਅਤੇ ਖਾਦਾਂ ਦੇ ਨਾਲ ਹੀ ਮਿੱਤਰ ਕੀੜਿਆਂ ਦੀ ਵੀ ਜ਼ਰੂਰਤ ਹੈ। ਫਸਲਾਂ ਦਾ ਨੁਕਸਾਨ ਕਰਨ ਵਾਲੇ ਕੀੜਿਆਂ ਦੇ ਖਾਤਮੇ ਲਈ ਖੇਤਾਂ ਵਿਚ ਮਿੱਤਰ ਕੀੜਿਆਂ ਲਈ ਆਲ੍ਹਣੇ ਤਿਆਰ ਕਰਕੇ ਉਨ੍ਹਾਂ ਵਿਚ ਛੱਡਿਆ ਜਾਂਦਾ ਹੈ। ਇਸ ਵਿਧੀ ਨੂੰ ਅਸੀਂ ਬਾਇਓ ਕੰਟਰੋਲ ਵੀ ਕਹਿੰਦੇ ਹਾਂ। ਮੈਂ ਆਪ ਇਸ ਵਿਸ਼ੇ ਤੇ ਤਜਰਬੇ ਕੀਤੇ ਸਨ। ਮਿੱਤਰ ਕੀੜੇ ਨੁਕਸਾਨ ਕਰਨ ਵਾਲੇ ਕੀੜਿਆਂ ਨੂੰ ਮਾਰਦੇ ਹੀ ਨਹੀਂ ਸਗੋਂ ਫੁੱਲਾਂ 'ਤੇ ਇਹੋ ਜਿਹਾ ਰਸ ਛੱਡ ਜਾਂਦੇ ਹਨ, ਜਿਸ ਨਾਲ ਫਸਲ ਦਾ ਝਾੜ ਵੀ ਵਧਦਾ ਹੈ। ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਵਿਚ ਗੰਨੇ ਦੀ ਫਸਲ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਮਿੱਤਰ ਕੀੜੇ ਛੱਡੇ ਗਏ ਸਨ, ਜਿਥੇ ਬਿਨਾਂ ਦਵਾਈਆਂ ਤੋਂ ਫਸਲ ਪੈਦਾ ਕੀਤੀ ਗਈ। ਕੁਦਰਤੀ ਖੇਤੀ ਨਾਲ ਸੰਬੰਧਤ ਖਾਧ ਪਦਾਰਥਾਂ ਦਾ ਕਾਰੋਬਾਰ ਚਾਰ ਹਜ਼ਾਰ ਕਰੋੜ ਰੁਪਏ ਤਕ ਪਹੁੰਚ ਜਾਵੇਗਾ। ਹੁਣ ਕੁਦਰਤੀ ਢੰਗ ਨਾਲ ਪੈਦਾ ਕੀਤੇ ਜਾ ਰਹੇ ਉਤਪਾਦ ਸਿਰਫ ਬਰਾਮਦ ਤਕ ਹੀ ਸੀਮਤ ਨਹੀਂ ਰਹੇ। ਇਨ੍ਹਾਂ ਦਾ ਘਰੇਲੂ ਬਾਜ਼ਾਰ ਵੀ ਵਧ ਰਿਹਾ ਹੈ।

Related Articles

Back to top button