ਪ੍ਰੋਜੈਕਟ ‘ਚੇਤਨ ਫਾਜ਼ਿਲਕਾ’ ਤਹਿਤ ਡੇਂਗੂ ਸਬੰਧੀ ਜਾਗਰੂਕਤਾ ਮੁਹਿੰਮ ਸ਼ੁਰੂ
ਵੱਖ-ਵੱਖ ਥਾਂਵਾਂ ਤੇ ਸਿਹਤ ਪ੍ਰੋਗਰਾਮਾਂ ਬਾਰੇ ਕੀਤਾ ਜਾਗਰੂਕ
ਪ੍ਰੋਜੈਕਟ ‘ਚੇਤਨ ਫਾਜ਼ਿਲਕਾ’ ਤਹਿਤ ਡੇਂਗੂ ਸਬੰਧੀ ਜਾਗਰੂਕਤਾ ਮੁਹਿੰਮ ਸ਼ੁਰੂ
ਵੱਖ-ਵੱਖ ਥਾਂਵਾਂ ਤੇ ਸਿਹਤ ਪ੍ਰੋਗਰਾਮਾਂ ਬਾਰੇ ਕੀਤਾ ਜਾਗਰੂਕ
ਫਾਜ਼ਿਲਕਾ, 19 ਅਕਤੂਬਰ :- ਫਾਜ਼ਿਲਕਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਅਤੇ ਸਿਵਲ ਸਰਜਨ ਡਾ: ਕੁੰਦਨ ਕੁਮਾਰ ਪਾਲ ਦੇ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਨੇ ਸਿਹਤ ਵਿਭਾਗ ਦੇ ਪ੍ਰੋਗਰਾਮਾਂ ਬਾਰੇ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ । ਜ਼ਿਲਾ ਮਾਸ ਮੀਡੀਆ ਅਫ਼ਸਰ ਸ੍ਰੀ ਅਨਿਲ ਧਾਮੁ ਨੇ ਇਸ ਬਾਰੇ ਕਿਹਾ ਕਿ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਕੋਵਿਡ, ਡੇਂਗੂ ਅਤੇ ਪਰਾਲੀ ਸਾੜਨ ਦੇ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ‘ਚੇਤਨ ਫਾਜ਼ਿਲਕਾ’ ਪ੍ਰੋਜੈਕਟ ਆਰੰਭਿਆ ਗਿਆ ਹੈ ਤੇ ਮਾਸ ਮੀਡੀਆ ਵਿੰਗ ਇਸ ਪ੍ਰੋਜੈਕਟ ਦੀ ਸਫਲਤਾ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗਾ।
ਅੱਜ ਅਬੋਹਰ ਵਿਖੇ ਅਰਬਨ ਪੀ.ਐਚ.ਸੀ ਸੀਡ ਫਾਰਮ ਏਰੀਏ ਵਿੱਚ ਆਯੋਜਿਤ ਜਾਗਰੂਕਤਾ ਕੈਂਪ ਦੌਰਾਨ ਉਹਨਾਂ ਨੇ ਕਿਹਾ ਕਿ ਡੇਂਗੂ ਦਾ ਮੱਛਰ ਮਾਦਾ ਅਜਿਪਟੀ ਦਿਨ ਵੇਲੇ ਕੱਟਦਾ ਹੈ। ਇਸ ਲਈ ਲੋਕ ਪੂਰੀ ਬਾਂਹ ਦੇ ਕਪੜੇ ਪਾਉਣ। ਕਿਉਂਜੋ ਇਹ ਤਾਜੇ ਪਾਣੀ ਤੇ ਪਨਪਦਾ ਹੈ ਇਸ ਲਈ ਆਪਣੇ ਆਸਪਾਸ ਪਾਣੀ ਖੜਾ ਨਾ ਹੋਣ ਦਿਓ। ਕੁੱਲਰਾਂ, ਗਮਲਿਆਂ, ਪੁਰਾਣੇ ਟਾਇਰਾਂ, ਕਬਾੜ ਆਦਿ ਵਿਚ ਪਾਣੀ ਖੜਾ ਨਾ ਹੋਣ ਦਿਓ। ਪਸ਼ੂਆਂ ਦੀਆਂ ਪਾਣੀ ਵਾਲੀਆਂ ਖੇਲਾਂ ਨੂੰ ਵੀ ਹਫ਼ਤੇ ਵਿਚ ਇਕ ਵਾਰ ਸਾਫ ਜਰੂਰ ਕਰੋ। ਉਨਾਂ ਨੇ ਲੋਕਾਂ ਨੂੰ ਹਰ ਸੁੱਕਰਵਾਰ ਨੂੰ ਡ੍ਰਾਈਡੇ ਮਨਾਉਣ ਭਾਵ ਉਸ ਦਿਨ ਇਕ ਵਾਰ ਪਾਣੀ ਦੇ ਸ਼੍ਰੋਤਾਂ ਨੂੰ ਖਾਲੀ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਲੋਕ ਡੇਂਗੂ ਸਬੰਧੀ ਜਾਰੀ ਸਿਹਤ ਵਿਭਾਗ ਦੀਆਂ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ ਅਤੇ ਯਕੀਨੀ ਬਣਾਉਣ ਕਿ ਘਰਾਂ ਤੇ ਦਫ਼ਤਰਾਂ ਦੇ ਕੂਲਰਾਂ, ਗਮਲਿਆਂ ਆਦਿ ਵਿਚ ਡੇਂਗੂ ਦਾ ਲਾਰਵਾ ਨਾ ਪਲ ਰਿਹਾ ਹੋਵੇ। ਬੀ.ਈ.ਈ ਮਨਬੀਰ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਡੇਂਗੂ ਦੇ ਲੱਛਣ ਹੋਣ ਤਾਂ ਇਸ ਦਾ ਟੈਸਟ ਸਰਕਾਰੀ ਹਸਪਤਾਲ ਵਿਚ ਬਿਲਕੁਲ ਮੁਫ਼ਤ ਹੁੰਦਾ ਹੈ। ਇਸ ਮੌਕੇ ਡਾ. ਰਮੇਸ਼ ਵਰਮਾ, ਬੀ.ਈ.ਈ ਮਨਬੀਰ ਸਿੰਘ, ਏ.ਐਨ.ਐਮ ਜਸਵਿੰਦਰ ਕੌਰ ਆਦਿ ਮੌਜੂਦ ਸਨ ।