ਪ੍ਰੈੱਸ ਕਲੱਬ ਫ਼ਿਰੋਜ਼ਪੁਰ ਵੱਲੋਂ ਗਿਰਧਾਰੀ ਲਾਲ (ਲਾਈਨਮੈਨ) ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਦੂਜੇ ਦਿਨ ਧਰਨਾ ਜਾਰੀ ਰੱਖਿਆ
ਫ਼ਿਰੋਜ਼ਪੁਰ: 26-9-2018: ਪ੍ਰੈੱਸ ਕਲੱਬ ਫ਼ਿਰੋਜ਼ਪੁਰ, ਡਿਸਟਸ ਪ੍ਰੈੱਸ ਕਲੱਬ, ਦਿਹਾਤੀ ਪ੍ਰੈੱਸ ਕਲੱਬ, ਪ੍ਰੈੱਸ ਕਲੱਬ ਗੁਰੂਹਰਸਹਾਏ, ਪ੍ਰੈੱਸ ਕਲੱਬ ਮਮਦੋਟ ਅਤੇ ਪ੍ਰੈੱਸ ਕਲੱਬ ਫ਼ਰੀਦਕੋਟ ਵੱਲੋਂ ਇਕੱਠੇ ਹੋ ਕੇ ਪੱਤਰਕਾਰ ਬੌਬੀ ਖੁਰਾਣਾ ਦੇ ਭਰਾ ਗਿਰਧਾਰੀ ਲਾਲ (ਲਾਈਨਮੈਨ) ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਦੂਜੇ ਦਿਨ ਧਰਨਾ ਜਾਰੀ ਰੱਖਿਆ। ਇਸ ਦੌਰਾਨ ਸਮੂਹ ਪੱਤਰਕਾਰਾਂ ਵੱਲੋਂ ਸ਼ੇਰਸ਼ਾਹ ਵਲੀ ਚੌਂਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਜ਼ਿਲ੍ਹਾ ਪੁਲਿਸ ਮੁਖੀ ਫ਼ਿਰੋਜ਼ਪੁਰ ਪ੍ਰੀਤਮ ਸਿੰਘ ਅਤੇ ਆਈਜੀ ਗੁਰਿੰਦਰ ਸਿੰਘ ਢਿੱਲੋਂ ਦਾ ਪੁਤਲਾ ਫੂਕਿਆ ਗਿਆ।
ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਦੇ ਪ੍ਰਧਾਨ ਮਨਦੀਪ ਕੁਮਾਰ ਮੌਂਟੀ, ਚੇਅਰਮੈਨ ਗੁਰਦਰਸ਼ਨ ਸੰਧੂ, ਡਿਸਟਸ ਪ੍ਰੈੱਸ ਕਲੱਬ ਦੇ ਪ੍ਰਧਾਨ ਕੁਲਦੀਪ ਭੁੱਲਰ ਗੁਰਨਾਮ ਸਿੱਧੂ ਆਦਿ ਨੇ ਦੱਸਿਆ ਕਿ ਪੱਤਰਕਾਰ ਬੌਬੀ ਖੁਰਾਣਾ ਦੇ ਭਰਾ ਗਿਰਧਾਰੀ ਲਾਲ (ਲਾਈਨਮੈਨ) ਦਾ 18 ਮਾਰਚ ਨੂੰ ਕੁਝ ਲੋਕਾਂ ਦੇ ਵੱਲੋਂ ਕਥਿਤ ਤੌਰ 'ਤੇ ਕੋਲ੍ਡਡ੍ਰਿੰਕ ਵਿੱਚ ਜ਼ਹਿਰ ਮਿਲਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਜਿਸ ਦੇ ਚੱਲਦਿਆਂ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਵੱਲੋਂ ਕਰੀਬ ਅੱਧੀ ਦਰਜਨ ਲੋਕਾਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ, ਪਰ ਹੁਣ ਤੱਕ ਪੁਲਿਸ ਵੱਲੋਂ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਜਿਸ ਦੇ ਚੱਲਦਿਆਂ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਬਿਜਲੀ ਬੋਰਡ ਯੂਨੀਅਨ ਅਤੇ ਕਿਸਾਨ ਯੂਨੀਅਨ ਵਿੱਚ ਭਾਰੀ ਰੋਸ ਦੀ ਲਹਿਰ ਹੈ।
ਚੇਅਰਮੈਨ ਗੁਰਦਰਸ਼ਨ ਸੰਧੂ, ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਸੰਧੂ, ਸਾਬਕਾ ਪ੍ਰਧਾਨ ਪਰਮਿੰਦਰ ਸਿੰਘ ਥਿੰਦ, ਹਰਦੀਪ ਕੌਰ ਕੋਟਲਾ ਪੰਜਾਬ ਸਟੂਡੈਂਟਸ ਯੂਨੀਅਨ, ਨੌਨਿਹਾਲ ਸਿੰਘ ਨੌਜਵਾਨ ਭਾਰਤ ਸਭਾ, ਗੁਰਵਿੰਦਰ ਸਿੰਘ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਕੇਸ਼ਵ ਆਪਣੇ ਸੰਬੋਧਨ ਦੌਰਾਨ ਇਹ ਦੋਸ਼ ਲਗਾਇਆ ਕਿ ਪੁਲਿਸ 'ਤੇ ਕੁਝ ਸਿਆਸੀ ਲੀਡਰਾਂ ਦਾ ਦਬਾਅ ਹੈ, ਜਿਸ ਕਾਰਨ ਦੋ ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਗਿਰਧਾਰੀ ਲਾਲ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਅਤੇ ਮਜਬੂਰਨ ਪੱਤਰਕਾਰ ਭਾਈਚਾਰੇ ਨੂੰ ਪੁਲਿਸ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਇਸ ਮੌਕੇ 'ਤੇ ਸਮੂਹ ਪੱਤਰਕਾਰਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਚਿਰ ਗਿਰਧਾਰੀ ਲਾਲ ਦੇ ਕਾਤਲਾਂ ਨੂੰ ਪੁਲਿਸ ਵੱਲੋਂ ਕਾਬੂ ਨਹੀਂ ਕੀਤਾ ਜਾਂਦਾ, ਉਨ੍ਹਾਂ ਸਮਾਂ ਇਹ ਧਰਨਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ।