ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਦੇ ਸਵਾਲਾਂ ਤੋਂ ਹੋਏ ਭਗੌੜੇ, ਅੰਦੋਲਨਕਾਰੀ ਜਥੇਬੰਦੀਆਂ ਨੇ ਚਾਰ ਪਾਸੇ ਤੋਂ ਪਟਿਆਲਾ ਵੱਲ ਕੀਤਾ ਕੂਚ, ਪੁਲਿਸ ਵੱਲੋਂ ਭਾਰੀ ਰੋਕਾਂ ਲਾ ਕੇ ਰੋਕੇ ਕਿਸਾਨ
ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਦੇ ਸਵਾਲਾਂ ਤੋਂ ਹੋਏ ਭਗੌੜੇ, ਅੰਦੋਲਨਕਾਰੀ ਜਥੇਬੰਦੀਆਂ ਨੇ ਚਾਰ ਪਾਸੇ ਤੋਂ ਪਟਿਆਲਾ ਵੱਲ ਕੀਤਾ ਕੂਚ, ਪੁਲਿਸ ਵੱਲੋਂ ਭਾਰੀ ਰੋਕਾਂ ਲਾ ਕੇ ਰੋਕੇ ਕਿਸਾਨ
ਫ਼ਿਰੋਜਪੁਰ, 23/05/2024 : ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਚਲਦੇ ਕਿਸਾਨ ਅੰਦੋਲਨ ਵੱਲੋਂ ਕੀਤੇ ਐਲਾਨ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨੂੰ ਪੰਜਾਬ ਵਿੱਚ ਚੋਣ ਪ੍ਰਚਾਰ ਫੇਰੀ ਦੌਰਾਨ 2020-21 ਦੇ ਅੰਦੋਲਨ ਦੌਰਾਨ ਮੰਨੀਆ ਮੰਗਾਂ ਲਾਗੂ ਨਾ ਕਰਨ ਅਤੇ ਸਵਾਲ ਪਿਛਲੇ 3 ਮਹੀਨੇ ਦੇ ਵੱਧ ਸਮੇਂ ਤੋਂ ਚਲ ਰਹੇ ਅੰਦੋਲਨ ਦੀਆਂ 10 ਮੰਗਾਂ ਅਤੇ ਅੰਦੋਲਨ ਦੌਰਾਨ ਕਿਸਾਨਾਂ ਤੇ ਤਸ਼ੱਦਦ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਕਤਲ ਕਰਨ ਅਤੇ ਬੁਰੀ ਤਰ੍ਹਾਂ ਫੱਟੜ ਕਰਨ ਸਮੇਤ ਹੋਰ ਸਵਾਲ ਪੁੱਛਣ ਦੇ ਪ੍ਰੋਗਰਾਮ ਤਹਿਤ ਕਿਸਾਨ ਮਜਦੂਰਾਂ ਨੇ ਸ਼ੰਭੂ, ਖਨੌਰੀ ਡੱਬਵਾਲੀ ਬਾਡਰਾਂ, ਸਰਹੰਦ ਰੋਡ ਅਤੇ ਸੰਗਰੂਰ ਤੋਂ ਪਟਿਆਲਾ ਵੱਲ ਰਵਾਨਾ ਹੋਏ।
ਇਸ ਮੌਕੇ ਆਗੂਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਸਰਕਾਰ ਦੇ ਪੁਲੀਸ ਪ੍ਰਸ਼ਾਸਨ ਵੱਲੋਂ ਪਟਿਆਲਾ ਨੂੰ ਜਾਣ ਵਾਲੀਆਂ ਸੜਕਾਂ ਉਪਰ ਭਾਰੀ ਪੁਲਿਸ ਫੋਰਸ ਵੱਖ ਵੱਖ ਥਾਵਾਂ ਤੇ ਭਾਰੀ ਬੇਰਿਕੇਡਿੰਗ ਕਰਕੇ ਅਤੇ ਮਿੱਟੀ ਦੇ ਭਰੇ ਟਿੱਪਰ ਲਗਾ ਕੇ ਰੋਕਿਆ ਗਿਆ।
ਓਹਨਾ ਕਿਹਾ ਕਿ ਅੱਜ ਦੇਸ਼ ਦੇ ਕਿਸਾਨਾਂ ਮਜਦੂਰਾਂ ਦੇ ਸਵਾਲਾਂ ਤੋਂ ਭੱਜੇ ਪ੍ਰਧਾਨ ਮੰਤਰੀ ਜੀ ਨੇ ਇਹ ਸਾਬਿਤ ਕਰ ਦਿੱਤਾ ਕਿ ਉਹਨਾਂ ਦਾ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਵਿੱਚ ਯਕੀਨ ਨਹੀਂ ਰੱਖਦੇ। ਓਹਨਾ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਵਿਚ ਦੂਜੇ ਸੂਬਿਆਂ ਤੋਂ ਬੱਸਾਂ ਭਰ ਕੇ ਲੋਕਾਂ ਨੂੰ ਲਿਆਉਣਾ ਪੰਜਾਬ ਦੇ ਲੋਕਾਂ ਦੀ ਬੇਜ਼ਤੀ ਹੈ। ਉਹਨਾਂ ਕਿਹਾ ਕਿ ਪੀ ਐਮ ਨੂੰ ਦੱਸਣਾ ਚਾਹੀਦਾ ਸੀ ਕਿ ਉਹਨਾਂ ਨੇ ਦਿੱਲੀ ਅੰਦੋਲਨ ਦੀਆਂ ਮੰਨੀਆ ਮੰਗਾਂ ਲਾਗੂ ਕਿਉ ਨਹੀਂ ਕੀਤੀਆਂ, ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾ ਰਹੇ ਕਿਸਾਨਾਂ ਮਜਦੂਰਾਂ ਨੂੰ ਸੜਕਾਂ ਤੇ ਕੰਕਰੀਟ ਦੀਆਂ ਦੀਵਾਰਾਂ ਕੱਢ ਕੇ ਕਿਉ ਰੋਕਿਆ ਗਿਆ, ਸ਼ੁੱਭਕਰਨ ਸਿੰਘ ਨੂੰ ਕਤਲ ਕਿਉ ਕੀਤਾ ਗਿਆ, ਨਿਰਦੋਸ਼ ਕਿਸਾਨਾਂ ਤੇ ਅੱਥਰੂ ਗੈਸ, ਗੋਲੀਆਂ ਕਿਉ ਚਲਾਏ ਗਏ, 2014 ਵਿੱਚ ਕੀਤੇ ਚੋਣ ਵਾਅਦੇ ਅਨੁਸਾਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਕਿਉ ਨਹੀਂ ਲਾਗੂ ਕੀਤੀ।
ਉਹਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਪੂਰੀ ਪੰਜਾਬ ਫੇਰੀ ਦੌਰਾਨ ਲਗਾਤਾਰ ਕਿਸਾਨ ਮਜਦੂਰ ਲਗਾਤਾਰ ਸਵਾਲਾਂ ਲਈ ਪਹੁੰਚਣ ਲਈ ਜਥਿਆਂ ਦੇ ਰੂਪ ਵਿਚ ਪਹੁੰਚਣਗੇ, ਜਿਸ ਤਹਿਤ ਕੱਲ੍ਹ ਨੂੰ ਜਲੰਧਰ ਰੈਲੀ ਲਈ ਪਹੁੰਚਣ ਤੇ ਸਵਾਲ ਕਰਨ ਲਈ ਜਲੰਧਰ ਅਤੇ ਆਸਪਾਸ ਦੇ ਕਿਸਾਨ ਮਜ਼ਦੂਰ ਜਾਣਗੇ।
ਜਾਰੀ ਕਰਤਾ: ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ)