Ferozepur News
ਪਰਦੂਸ਼ਣ-ਮੁਕਤ ਭਾਰਤ ਦਾ ਸੰਦੇਸ਼ ਲੈਕੇ ਕਸ਼ਮੀਰ ਤੋਂ ਕਨਿਆਕੁਮਾਰੀ ਤੱਕ ਦੀ ਯਾਤਰਾ ‘ਤੇ ਸਾਈਕਲ ਚਾਲਕ ਟੀਮ ਦਾ ਵਿਵੇਕਾਨੰਦ ਵਰਲਡ ਸਕੂਲ ਫਿਰੋਜ਼ਪੁਰ ‘ਚ ਹੋਇਆ ਨਿੱਘਾ ਸਵਾਗਤ
ਪਰਦੂਸ਼ਣ-ਮੁਕਤ ਭਾਰਤ ਦਾ ਸੰਦੇਸ਼ ਲੈਕੇ ਕਸ਼ਮੀਰ ਤੋਂ ਕਨਿਆਕੁਮਾਰੀ ਤੱਕ ਦੀ ਯਾਤਰਾ ‘ਤੇ ਸਾਈਕਲ ਚਾਲਕ ਟੀਮ ਦਾ ਵਿਵੇਕਾਨੰਦ ਵਰਲਡ ਸਕੂਲ ਫਿਰੋਜ਼ਪੁਰ ‘ਚ ਹੋਇਆ ਨਿੱਘਾ ਸਵਾਗਤ।
ਫਿਰੋਜ਼ਪੁਰ, ਬੁੱਧਵਾਰ: 22.1.2025: ਪੰਜ ਜਾਬਾਜ਼ ਸਾਈਕਲ ਚਾਲਕਾਂ ਦੀ ਟੀਮ ਨੂੰ ਬੁੱਧਵਾਰ ਸ਼ਾਮ ਫਿਰੋਜ਼ਪੁਰ ਪਹੁੰਚਣ ‘ਤੇ ਵਿਵੇਕਾਨੰਦ ਵਰਲਡ ਸਕੂਲ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਇਹ ਟੀਮ “ਪਰਦੂਸ਼ਣ-ਮੁਕਤ ਭਾਰਤ” ਦੇ ਮਹੱਤਵਪੂਰਨ ਸੰਦੇਸ਼ ਦੇ ਨਾਲ ਕਸ਼ਮੀਰ ਤੋਂ ਕਨਿਆਕੁਮਾਰੀ ਤੱਕ 4,080 ਕਿ.ਮੀ. ਦੀ ਅਨੋਖੀ ਯਾਤਰਾ ‘ਤੇ ਨਿਕਲੀ ਹੈ। ਇਸ ਯਾਤਰਾ ਦਾ ਮੁੱਖ ਮਕਸਦ ਲੋਕਾਂ ਵਿੱਚ ਵਾਤਾਵਰਣ ਦੀ ਸੰਭਾਲ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
ਇਹ ਮੁਹਿੰਮ ਸਤੀਸ਼ ਜਾਧਵ ਦੀ ਅਗਵਾਈ ਹੇਠ ਸ੍ਰੀਨਗਰ ਦੇ ਲਾਲ ਚੌਕ ਤੋਂ ਸ਼ੁਰੂ ਹੋਈ ਸੀ ਅਤੇ ਇਸ ਦਾ ਟੀਚਾ 40 ਦਿਨਾਂ ਵਿੱਚ ਇਹ ਵੱਡੀ ਦੂਰੀ ਤੈਅ ਕਰਨਾ ਹੈ। ਸਾਈਕਲ ਚਾਲਕ ਹਰ ਰੋਜ਼ 100-150 ਕਿ.ਮੀ. ਦੀ ਦੂਰੀ ਤੈਅ ਕਰ ਰਹੇ ਹਨ।
ਟੀਮ ਹੁਣ ਤੱਕ 400 ਕਿ.ਮੀ. ਦੀ ਦੂਰੀ ਤੈਅ ਕਰ ਚੁੱਕੀ ਹੈ। ਵਿਵੇਕਾਨੰਦ ਵਰਲਡ ਸਕੂਲ ਵਿੱਚ ਪਹੁੰਚਣ ‘ਤੇ ਉਹਨਾਂ ਦਾ ਸਵਾਗਤ ਲਖਬੀਰ ਸਿੰਘ, ਅਸਿਸਟੈਂਟ ਇੰਸਪੈਕਟਰ ਜਨਰਲ (ਕਾਊਂਟਰ ਇੰਟੈਲੀਜੈਂਸ) ਫਿਰੋਜ਼ਪੁਰ, ਸਕੂਲ ਦੇ ਚੇਅਰਮੈਨ ਡਾ. ਗੌਰਵ ਸਾਗਰ ਭਾਸਕਰ ਅਤੇ ਪ੍ਰਿੰਸਿਪਲ ਤਜਿੰਦਰ ਪਾਲ ਕੌਰ ਵਲੋਂ ਕੀਤਾ ਗਿਆ। ਟੀਮ ਨੂੰ ਯਾਦਗਿਰੀ ਚਿੰਨ੍ਹ ਅਤੇ ਉਨ੍ਹਾਂ ਦੇ ਨੇਤ੍ਰਤਵ ਲਈ ਸਤੀਸ਼ ਜਾਧਵ ਨੂੰ ਸ਼ਾਲ ਭੇਟ ਕਰਕੇ ਉਨ੍ਹਾਂ ਦੇ ਇਸ ਨੇਕ ਯਤਨ ਦੀ ਸਰਾਹਨਾ ਕੀਤੀ ਗਈ।
ਗੌਰਤਲਬ ਹੈ ਕਿ ਟੀਮ ਦੇ ਪੰਜ ਮੈਂਬਰਾਂ – ਸਤੀਸ਼ ਜਾਧਵ, ਮੰਗਲ ਭਾਈ ਭਾਨੁਸਾਲੀ, ਜਿਤੇੰਦਰ ਜੈਨ, ਜਯੰਤੀ ਗਾਲਾ ਅਤੇ ਮਨੋਜ ਚੌਗੁਲੇ – ਵਿੱਚੋਂ ਤਿੰਨ 60 ਸਾਲ ਤੋਂ ਵੱਧ ਉਮਰ ਦੇ ਹਨ। ਇਹ ਉਹਨਾਂ ਦੇ ਸਾਹਸ ਅਤੇ ਕਠੋਰ ਦ੍ਰਿੜਤਾ ਦੀ ਭਾਵਨਾ ਨੂੰ ਦਰਸਾਉਂਦਾ ਹੈ।
ਸਭਾ ਨੂੰ ਸੰਬੋਧਨ ਕਰਦੇ ਹੋਏ ਸਾਈਕਲ ਚਾਲਕਾਂ ਨੇ ਵਾਤਾਵਰਣ-ਅਨੁਕੂਲ ਆਦਤਾਂ ਅਪਣਾਉਣ ਅਤੇ ਸਾਈਕਲ ਦੇ ਵਧੇਰੇ ਇਸਤੇਮਾਲ ਦੀ ਅਪੀਲ ਕੀਤੀ। ਉਨ੍ਹਾਂ ਜਨਤਾ ਨੂੰ ਪਰਦੂਸ਼ਣ ਘਟਾਉਣ ਅਤੇ ਵਾਤਾਵਰਣ ਨੂੰ ਬਚਾਉਣ ਵੱਲ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
ਇਹ ਮੁਹਿੰਮ 20 ਫਰਵਰੀ ਨੂੰ ਕਨਿਆਕੁਮਾਰੀ ਦੇ ਵਿਵੇਕਾਨੰਦ ਸਮਾਰਕ ‘ਤੇ ਖਤਮ ਹੋਵੇਗੀ ਅਤੇ 21 ਫਰਵਰੀ ਨੂੰ ਮੁੰਬਈ ਦੇ ਗੇਟਵੇ ਆਫ ਇੰਡੀਆ ‘ਤੇ ਭਵਿਆ ਵਿਦਾਈ ਸਮਾਰੋਹ ਹੋਵੇਗਾ।
ਇਹ ਸਹਸਕ ਯਾਤਰਾ ਵਾਤਾਵਰਣ ਸੰਰਕਸ਼ਣ ਲਈ ਸਮਰਪਣ ਅਤੇ ਅਡਿੱਗਤਾ ਦਾ ਪ੍ਰਤੀਕ ਹੈ। ਵਿਵੇਕਾਨੰਦ ਵਰਲਡ ਸਕੂਲ ਨੇ ਇਨ੍ਹਾਂ ਸਾਈਕਲ ਚਾਲਕਾਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਦੀ ਇਸ ਪ੍ਰੇਰਣਾਦਾਇਕ ਮੁਹਿੰਮ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।