ਨੌਜਵਾਨ ਭਾਰਤ ਸਭਾ ਵੱਲੋਂ 26 ਸਤੰਬਰ ਨੂੰ ਡੀ ਸੀ ਫਿਰੋਜ਼ਪੁਰ ਸਾਹਮਣੇ ਪੱਕਾ ਮੋਰਚਾ ਲਾਉਣ ਦਾ ਐਲਾਨ
ਨੌਜਵਾਨ ਭਾਰਤ ਸਭਾ ਵੱਲੋਂ 26 ਸਤੰਬਰ ਨੂੰ ਡੀ ਸੀ ਫਿਰੋਜ਼ਪੁਰ ਸਾਹਮਣੇ ਪੱਕਾ ਮੋਰਚਾ ਲਾਉਣ ਦਾ ਐਲਾਨ
ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਫਿਰੋਜ਼ਪੁਰ ਤੂੜੀ ਬਜ਼ਾਰ ਵਿੱਚ ਸਥਿਤ ਇਤਿਹਾਸਿਕ ਗੁਪਤ ਟਿਕਾਣੇ ਨੂੰ ਲਾਇਬ੍ਰੇਰੀ ਅਤੇ ਮਿਊਜ਼ੀਅਮ ਬਣਾਉਣ ਦੀ ਮੰਗ
ਫਿਰੋਜ਼ਪੁਰ 30 ਅਗਸਤ, 2024: ਕ੍ਰਾਂਤੀਕਾਰੀ ਪਾਰਟੀ ਐਚ ਐਸ ਆਰ ਏ ਦਾ ਪੰਜਾਬ ਦਾ ਹੈਡਕੁਆਰਟਰ ਰਹੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਤੂੜੀ ਬਜ਼ਾਰ ਸਥਿਤ ਗੁਪਤ ਟਿਕਾਣੇ ਉੱਪਰੋਂ ਨਜਾਇਜ਼ ਕਬਜ਼ਾ ਛੁਡਾਉਣ ਅਤੇ ਮਿਊਜ਼ਿਅਮ ਤੇ ਲਾਇਬਰਾਰੀ ਬਣਾਉਣ ਦੀ ਮੰਗ ਨੂੰ ਲੈ ਕੇ 26 ਸਤੰਬਰ ਨੂੰ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ
ਪ੍ਰੈਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਜਨਰਲ ਸਕੱਤਰ ਮੰਗਾ ਅਜ਼ਾਦ ਅਤੇ ਸੂਬਾ ਮੀਤ ਪ੍ਰਧਾਨ ਕਰਮਜੀਤ ਮਾਣੂਕੇ ਨੇ ਆਖਿਆ ਕਿ ਭਗਤ ਸਿੰਘ ਤੇ ਸਾਥੀਆਂ ਦੇ ਫਿਰੋਜ਼ਪੁਰ ਦੇ ਤੂੜੀ ਬਾਜ਼ਾਰ ਵਿਖੇ ਸਥਿਤ ਗੁਪਤ ਟਿਕਾਣੇ ਨੂੰ ਮਿਊਜ਼ੀਅਮ ‘ਚ ਤਬਦੀਲ ਕਰਨ ਤੇ ਲਾਇਬ੍ਰੇਰੀ ਬਣਾਉਣ ਲਈ ਚੱਲ ਰਹੇ ਸੰਘਰਸ਼ ਨੂੰ ਸ਼ਹੀਦਾਂ ਦੀਆਂ ਰੁਲ਼ ਰਹੀਆਂ ਵਿਰਾਸਤਾਂ ਨੂੰ ਸਾਂਭਣ ਦੀ ਮੁਹਿੰਮ ਨੂੰ ਹੋਰ ਤੇਜ ਕਰਦਿਆਂ ਅੱਜ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਨੌਜਵਾਨ ਭਾਰਤ ਸਭਾ ਸੂਬਾ ਕਮੇਟੀ ਦਾ ਵਫ਼ਦ ਮਿਲਿਆ ਅਤੇ ਓਹਨਾ ਅੱਗੇ ਮੰਗ ਰੱਖੀ ਕਿ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਗੁਪਤ ਟਿਕਾਣੇ ਨੂੰ ਸਾਂਭਿਆ ਜਾਵੇ ਤੇ ਮਿਊਜੀਅਮ ਤੇ ਲਾਇਬਰਾਰੀ ਬਣਾਇਆ ਜਾਵੇ ਪ੍ਰੰਤੂ ਵਫਦ ਨੂੰ ਡੀ. ਸੀ. ਫਿਰੋਜ਼ਪੁਰ ਵੱਲੋਂ ਕੋਈ ਵੀ ਠੋਸ ਭਰੋਸਾ ਨਹੀਂ ਮਿਲਿਆ ਅਤੇ ਨਾ ਹੀ ਪੰਜਾਬ ਸਰਕਾਰ ਜੋ ਸ਼ਹੀਦ ਭਗਤ ਸਿੰਘ ਦਾ ਨਾਂਅ ਵਰਤ ਕੇ ਸੱਤਾ ਵਿਚ ਆਈ ਹੈ ਓਹਨਾ ਵੱਲੋਂ ਇਸ ਮਸਲੇ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ.
ਆਗੂਆਂ ਨੇ ਆਖਿਆ ਕਿ ਫਿਰੋਜਪੁਰ ਤੂੜੀ ਬਜਾਰ ਵਿਖੇ ਸਥਿਤ ਗੁਪਤ ਟਿਕਾਣੇ ਨੂੰ ਇਤਿਹਾਸਕ ਵਿਰਾਸਤ ਵਜੋਂ ਸੰਭਾਲਣ ਲਈ ਸੰਘਰਸ਼ ਕਰ ਰਹੀ ਹੈ ਤੇ ਇਸੇ ਨੂੰ ਅੱਗੇ ਤੋਰਦਿਆਂ ਸੂਬਾ ਕਮੇਟੀ ਨੇ ਫ਼ੈਸਲਾ ਕੀਤਾ ਹੈ ਫਿਰੋਜ਼ਪੁਰ ਡਿਪਟੀ ਕਮਿਸ਼ਨਰ ਦਫਤਰ ਅੱਗੇ 26 ਸਤੰਬਰ ਨੂੰ ਪੱਕਾ ਮੋਰਚਾ ਲਾਇਆ ਜਾਵੇਗਾ। ਸੂਬਾ ਵਿੱਤ ਸਕੱਤਰ ਨੌਨਿਹਾਲ ਸਿੰਘ ਦੀਪ ਸਿੰਘਵਾਲਾ ਅਤੇ ਦਵਿੰਦਰ ਛਬੀਲਪੁਰ ਨੇ ਆਖਿਆ ਕਿ ਮੋਰਚੇ ਦੀ ਤਿਆਰੀ ਲਈ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਤਿਆਰੀ ਵਜੋਂ ਨੌਜਵਾਨਾਂ ਨਾਲ ਮਿਲ਼ ਕੇ ਜ਼ਿਲ੍ਹਿਆਂ ਦੇ ਵੱਖ ਵੱਖ ਪਿੰਡਾਂ ਵਿਚ ਮਿਸਾਲ ਮਾਰਚ, ਨੁੱਕੜ ਨਾਟਕ,ਮੀਟਿੰਗਾਂ ਕਰਕੇ ਲਾਮਬੰਦੀ ਕੀਤੀ ਜਾਵੇਗੀ ਅਤੇ ਪੰਜਾਬ ਵਿੱਚੋ ਸੈਕੜੇ ਨੌਜਵਾਨ 26 ਸਤੰਬਰ ਨੂੰ ਫਿਰੋਜ਼ਪੁਰ ਮੋਰਚੇ ਵਿਚ ਸ਼ਾਮਲ ਹੋਣਗੇ l
ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਨਵੀਨਰ ਸੁਰਿੰਦਰ ਸਿੰਘ ਮਾੜੇ ਕਲਾਂ, ਮੰਗਾ ਸਿੰਘ ਦੀਪ ਸਿੰਘ ਵਾਲਾ, ਦੁਨੀ ਸਿੰਘ, ਮੁਕਤਸਰ ਜ਼ਿਲਾ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਖੋਖਰ, ਗੁਰਤੇਜ ਸਿੰਘ ਵੜਿੰਗ ਤੋਂ ਇਲਾਵਾ ਆਗੂ ਹਾਜ਼ਰ ਸਨ।