ਨਿਰੋਲ ਪੰਜਾਬੀ ਵਿਰਸੇ ਅਤੇ ਸੱਭਿਆਚਾਰ 'ਤੇ ਝਾਤ ਪਾ ਗਿਆ 'ਮੇਲਾ ਧੀਆਂ ਰਾਣੀਆਂ ਦਾ 2019'
ਨਿਰੋਲ ਪੰਜਾਬੀ ਵਿਰਸੇ ਅਤੇ ਸੱਭਿਆਚਾਰ 'ਤੇ ਝਾਤ ਪਾ ਗਿਆ 'ਮੇਲਾ ਧੀਆਂ ਰਾਣੀਆਂ ਦਾ 2019'
– ਗਿੱਧਿਆਂ ਦੀ ਰਾਣੀ ਬਣ ਸੋਨੇ ਦਾ ਟਿੱਕਾ ਜਿੱਤਿਆ ਤਲਵੰਡੀ ਸਾਬੋ ਦੀ ਅਰਸ਼ਦੀਪ ਕੌਰ ਨੇ, ਦੂਸਰੇ ਸਥਾਨ 'ਤੇ ਅਮਨਪ੍ਰੀਤ ਕੌਰ ਮਾਨਸਾ ਨੇ ਸੋਨੇ ਦੇ ਕਾਂਟੇ ਅਤੇ ਤੀਸਰੇ ਸਥਾਨ 'ਤੇ ਰਹਿ ਕਮਲਪ੍ਰੀਤ ਕੌਰ ਮੋਗਾ ਨੇ ਜਿੱਤੀ ਸੋਨੇ ਦੀ ਤਵੀਤੜੀ
– ਬੀਬੀ ਖੋਸਾ ਨੇ ਸੁਸਾਇਟੀ ਨੂੰ ਦਿੱਤਾ 5 ਲੱਖ ਦਾ ਚੈਕ
ਫ਼ਿਰੋਜ਼ਪੁਰ, 15 ਸਤੰਬਰ- ਧੀਆਂ ਨੂੰ ਪੁੱਤਰਾਂ ਵਾਂਗ ਮਾਣ ਸਨਮਾਨ ਦੇਣ ਅਤੇ ਪੜ੍ਹਾ-ਲਿਖਾ ਪੈਰਾਂ ਭਾਰ ਖੜਾ ਕਰਨ ਦੇ ਮੰਤਵ ਤਹਿਤ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵਲੋਂ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਅਧੀਨ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਮੈਡਮ ਰਤਨਦੀਪ ਸੰਧੂ ਜ਼ਿਲ੍ਹਾ ਪੋ੍ਰਗਰਾਮ ਅਫ਼ਸਰ ਦੀ ਦੇਖ-ਰੇਖ ਹੇਠ ਡੀ.ਏ.ਵੀ. ਕਾਲਜ ਫਾਰ ਵੂਮੈਨ ਫ਼ਿਰੋਜ਼ਪੁਰ ਛਾਉਣੀ ਵਿਖੇ ਕਰਵਾਇਆ ਗਿਆ ਮੇਲਾ ਧੀਆਂ ਰਾਣੀਆਂ ਦਾ 2019 ਨਿਰੋਲ ਵਿਰਸੇ ਅਤੇ ਸੱਭਿਆਚਾਰ ਦੀ ਬਾਤ ਪਾ ਗਿਆ, ਜਿਸ ਵਿਚ ਜਿੱਥੇ ਅਲੋਪ ਹੋ ਰਹੇ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨਾਲ ਸਬੰਧਿਤ ਵਸਤੂਆਂ ਦੀ ਨੁਮਾਇਸ਼ ਲਗਾਈ ਗਈ, ਉਥੇ ਪੱਖੀ ਬੁਨਣਾ, ਫੁਲਕਾਰੀ ਕੱਢਣਾ, ਕਰੋਸ਼ੀਆ ਬੁਨਣਾ, ਮਹਿੰਦੀ ਲਗਾਉਣਾ, ਚਰਖਾ ਕੱਤਣ ਆਦਿ ਮੁਕਾਬਲੇ ਕਰਵਾਏ ਗਏ, ਉਥੇ ਧੀਆਂ ਰਾਣੀਆਂ ਨੂੰ ਵੱਡੇ ਮਾਣ ਸਨਮਾਨ ਦੇਣ ਲਈ ਗਿੱਧਿਆਂ ਦੀ ਰਾਣੀ ਮੁਕਾਬਲਾ ਕਰਵਾ ਕੇ ਜਿੱਤਾਂ ਦਰਜ ਕਰਨ ਵਾਲੀਆਂ ਲੜਕੀਆਂ ਨੂੰ ਸੋਨੇ ਦੇ ਗਹਿਣਿਆਂ ਅਤੇ ਫੁੱਲਕਾਰੀਆਂ ਨਾਲ ਸਨਮਾਨਿਆ ਗਿਆ। ਮੇਲੇ ਦੀ ਵਿਲੱਖਣ ਗੱਲ ਇਹ ਸੀ ਕਿ ਉਦਘਾਟਨ ਤੋਂ ਲੈ ਕੇ ਜੇਤੂਆਂ ਨੂੰ ਇਨਾਮ ਵੰਡਣ ਤੱਕ ਦੀ ਰਸਮ ਔਰਤਾਂ ਵਲੋਂ ਹੀ ਨਿਭਾਈ ਗਈ। ਮੇਲੇ ਦੀ ਸ਼ੁਰੂਆਤ ਅਕਾਲ ਅਕੈਡਮੀ ਭੜਾਣਾ ਦੀਆਂ ਵਿਦਿਆਰਥਣਾਂ ਵਲੋਂ 'ਦੇਹ ਸ਼ਿਵਾ ਬਰ ਮੋਹਿ' ਸ਼ਬਦ ਗਾਇਣ ਕਰਕੇ ਕੀਤੀ ਗਈ। ਮੇਲੇ ਵਿੱਚ ਉੱਘੀ ਗਾਇਕਾ ਇਮਾਨਪ੍ਰੀਤ ਅਤੇ ਕੁਲਬੀਰ ਗੋਗੀ ਨੇ ਜਿੱਥੇ ਆਪਣੇ ਨਾਮਵਰ ਗੀਤਾਂ ਦੀ ਝੜੀ ਲਗਾਈ, ਉਥੇ ਸੰਧੂ ਸੁਰਜੀਤ ਨੇ ਬੁਲੰਦ ਆਵਾਜ਼ ਵਿੱਚ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨਾਲ ਸਬੰਧਿਤ ਗੀਤਾਂ ਨੂੰ ਪੇਸ਼ ਕਰਕੇ ਮੇਲੇ ਸਿਖ਼ਰਾਂ 'ਤੇ ਪਹੁੰਚਾ ਦਿੱਤਾ। ਸੁਹਾਗ, ਸਿੱਠਣੀਆਂ, ਘੋੜੀ, ਲੰਬੀ ਹੇਕ ਵਾਲੇ ਗੀਤ ਆਦਿ ਲੋਕ ਗੀਤਾਂ ਨੂੰ ਵੀਰਪਾਲ ਕੌਰ ਬਰਨਾਲਾ ਅਤੇ ਪਵਨਦੀਪ ਕੌਰ ਜ਼ੀਰਾ ਨੇ ਪੇਸ਼ ਕਰਕੇ ਵਿਰਸੇ ਨਾਲ ਜੋੜਿਆ। ਗਿੱਧਿਆਂ ਦੀ ਰਾਣੀ ਉੱਘੀ ਗਾਇਕਾ ਸਰਬਜੀਤ ਮਾਂਗਟ ਨੇ ਬੋਲੀਆਂ, ਟੱਪਿਆਂ ਅਤੇ ਲੋਕ ਤੱਥਾਂ ਨੂੰ ਪੇਸ਼ ਕਰ ਮੇਲੀਆਂ ਨੂੰ ਮੋਹ ਲਿਆ। ਅੰਤਰਰਾਸ਼ਟਰੀ ਸੱਭਿਆਚਾਰ ਕੋਚ ਪਾਲ ਸਿੰਘ ਸਮਾਓਂ ਨੇ ਲੋਕ ਗੀਤਾਂ ਦੀ ਪੇਸ਼ਕਾਰੀ ਕਰ ਜਿੱਥੇ ਸਭ ਨੂੰ ਮੋਹਿਆ, ਉਥੇ ਉਨ੍ਹਾਂ ਵਲੋਂ ਪਾਈਆਂ ਬੋਲੀਆਂ ਅਤੇ ਟੱਪਿਆਂ ਨੇ ਸਮੂਹ ਮੇਲੀਆਂ ਦੇ ਪੈਰ ਥਿਰਕਣ ਲਗਾ ਦਿੱਤੇ, ਜਿਸ ਨਾਲ ਮੇਲਾ ਯਾਦਗਾਰੀ ਹੋ ਨਿੱਬੜਿਆ। ਕਰਵਾਏ ਗਏ ਗਿੱਧਿਆਂ ਦੀ ਰਾਣੀ ਦੇ ਮਹਾਂ ਮੁਕਾਬਲੇ ਵਿੱਚ ਅਰਸ਼ਦੀਪ ਕੌਰ ਤਲਵੰਡੀ ਸਾਬੋ ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਿਸ ਨੂੰ ਡੀ.ਸੀ.ਐਮ. ਗਰੁੱਪ ਆਫ਼ ਸਕੂਲਜ਼ ਦੇ ਸੀ.ਈ.ਓ. ਅਨੀਰੁੱਧ ਗੁਪਤਾ ਵਲੋਂ ਸੋਨੇ ਦੇ ਟਿੱਕੇ ਅਤੇ ਫੁੱਲਕਾਰੀ, ਅਮਨਪ੍ਰੀਤ ਕੌਰ ਮਾਨਸਾ ਨੇ ਦੂਸਰਾ ਸਥਾਨ ਹਾਸਿਲ ਕੀਤਾ, ਜਿਸ ਨੂੰ ਸੁਸਾਇਟੀ ਆਗੂ ਹੇਮੰਤ ਮਿੱਤਲ ਚੌਧਰੀਆਂ ਦੀ ਹੱਟੀ ਫ਼ਿਰੋਜ਼ਪੁਰ ਛਾਉਣੀ ਵਲੋਂ ਸੋਨੇ ਦੇ ਕਾਂਟੇ ਅਤੇ ਫੁੱਲਕਾਰੀ ਅਤੇ ਮੁਕਾਬਲੇ ਵਿੱਚ ਤੀਸਰਾ ਸਥਾਨ ਹਾਸਿਲ ਕਰਨ ਵਾਲੀ ਕਮਲਪ੍ਰੀਤ ਕੌਰ ਮੋਗਾ ਨੂੰ ਸੁਸਾਇਟੀ ਆਗੂ ਵਰਿੰਦਰ ਸਿੰਘ ਵੈਰੜ ਵਲੋਂ ਸੋਨੇ ਦੀ ਤਵੀਤੜੀ ਅਤੇ ਫੁੱਲਕਾਰੀ ਨਾਲ ਸਨਮਾਨਿਤ ਕੀਤਾ ਗਿਆ। ਮੇਲੇ ਵਿੱਚ ਟੋਹਰ ਪੰਜਾਬਣ ਦੀ ਹਰਜੀਤ ਕੌਰ ਘੱਲ ਕਲਾਂ ਜ਼ਿਲ੍ਹਾ ਮੋਗਾ, ਲੰਮੀ ਗੁੱਤ ਵਾਲੀ ਮੁਟਿਆਰ ਨਵਦੀਪ ਕੌਰ ਤਲਵੰਡੀ ਸਾਬੋ, ਸਰੂ ਵਰਗਾ ਕੱਦ ਬਲਵਿੰਦਰ ਕੌਰ ਫ਼ਿਰੋਜ਼ਪੁਰ, ਮੋਟੀ ਅੱਖ ਵਾਲੀ ਪੰਜਾਬਣ ਬਨੀਤ ਕੌਰ ਫ਼ਿਰੋਜ਼ਪੁਰ ਛਾਉਣੀ, ਮੋਤੀਆਂ ਵਰਗੇ ਦੰਦ ਗੁਰਦੀਪ ਕੌਰ ਸ਼ੇਖਪੁਰਾ, ਨਿੱਕੀ ਮੇਲਣ ਵੀਰਪਾਲ ਕੌਰ ਫ਼ਿਰੋਜ਼ਪੁਰ ਨੇ ਐਵਾਰਡ ਜਿੱਤੇ। ਇਸੇ ਤਰ੍ਹਾਂ ਮਹਿੰਦੀ ਲਗਾਉਣ ਮੁਕਾਬਲੇ ਵਿੱਚ ਕੋਮਲ ਨੇ ਪਹਿਲਾ, ਸੰਦੀਪ ਕੌਰ ਨੇ ਦੂਸਰਾ, ਪ੍ਰਿਅੰਕਾ ਅਤੇ ਸੰਦੀਪ ਕੌਰ ਨੇ ਤੀਸਰਾ, ਨਾਲੇ ਬੁਨਣਾ ਵਿੱਚ ਕੁਲਬੀਰ ਕੌਰ ਨੇ ਪਹਿਲਾ, ਕਾਂਤਾ ਰਾਣੀ ਨੇ ਦੂਸਰਾ, ਨਵਨੀਤ ਕੌਰ ਅਤੇ ਸ਼ਰਨਜੀਤ ਕੌਰ ਨੇ ਤੀਸਰਾ, ਗੁੱਡੀਆਂ ਪਟੋਲੇ ਬਣਾਉਣ ਮੁਕਾਬਲੇ ਵਿੱਚ ਕਿਰਨਦੀਪ ਕੌਰ ਨੇ ਪਹਿਲਾ, ਚਰਨਜੀਤ ਕੌਰ ਨੇ ਦੂਸਰਾ ਅਤੇ ਪ੍ਰਭਜੋਤ ਕੌਰ ਨੇ ਤੀਸਰਾ ਸਥਾਨ, ਜਾਗੋ ਸਜਾਉਣ ਮੁਕਾਬਲੇ ਵਿੱਚ ਦਿਸ਼ਾ ਪਬਲਿਕ ਸਕੂਲ ਦੇ ਦੀਪਿਕਾ, ਅਮਨ ਅਤੇ ਹਰਮਨ ਨੇ ਪਹਿਲਾ, ਕਰੋਸ਼ੀਆ ਬੁਨਣਾ ਮੁਕਾਬਲੇ ਵਿੱਚ ਇੰਦਰਜੀਤ ਕੌਰ ਨੇ ਪਹਿਲਾ, ਪ੍ਰਿਆ ਨੇ ਦੂਸਰਾ ਅਤੇ ਰਜਿੰਦਰ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਨਾਮ ਵੰਡ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਧਰਮ-ਪਤਨੀ ਬੀਬੀ ਇੰਦਰਜੀਤ ਕੌਰ ਖੋਸਾ ਪਹੁੰਚੇ। ਉਨ੍ਹਾਂ ਤੋਂ ਇਲਾਵਾ ਰਤਨਦੀਪ ਸੰਧੂ ਜ਼ਿਲ੍ਹਾ ਪੋ੍ਰਗਰਾਮ ਅਫ਼ਸਰ, 'ਆਪ' ਸੂਬਾਈ ਆਗੂ ਭੁਪਿੰਦਰ ਕੌਰ ਸੰਧੂ ਵਸਤੀ ਭਾਗ ਸਿੰਘ, ਸ੍ਰੀਮਤੀ ਬੱਬਲ ਸਾਂਘਾ, ਰੁਪਿੰਦਰ ਕੌਰ ਸੰਧੂ, ਪ੍ਰਿੰਸੀਪਲ ਡਾ: ਸੀਮਾ ਅਰੋੜਾ, ਪ੍ਰਿੰਸੀਪਲ ਪ੍ਰਵੀਨ ਲਤਾ, ਅਨੀਰੁੱਧ ਗੁਪਤਾ ਸੀ.ਈ.ਓ. ਡੀ.ਸੀ.ਐਮ. ਗਰੁੱਪ ਆਫ਼ ਸਕੂਲਜ਼, ਬਲਬੀਰ ਸਿੰਘ ਬਾਠ ਉਪ ਚੇਅਰਮੈਨ ਬਲਾਕ ਸੰਮਤੀ, ਸੁਖਵਿੰਦਰ ਸਿੰਘ ਅਟਾਰੀ ਪ੍ਰਧਾਨ ਯੂਥ ਕਾਂਗਰਸ, ਸੁਪਰੀਤ ਸਿੰਘ ਸੰਧੂ, ਡਾ: ਜੀ.ਐੱਸ. ਢਿੱਲੋਂ, ਪਰਮਿੰਦਰ ਸਿੰਘ ਥਿੰਦ ਪ੍ਰਧਾਨ ਪੈ੍ਰਸ ਕਲੱਬ, ਚੇਅਰਮੈਨ ਹਰਚਰਨ ਸਿੰਘ ਸਾਮਾ, ਸੁਖਵਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਪ੍ਰਿੰਸੀਪਲ ਸਤਿੰਦਰਜੀਤ ਕੌਰ ਖਾਈ ਫੇਮੇ ਕੀ, ਭੁਪਿੰਦਰ ਸਿੰਘ ਪ੍ਰਧਾਨ ਟੀਚਰ ਕਲੱਬ ਆਦਿ ਪਹੁੰਚੇ। ਨਿਰੋਲ ਵਿਰਸੇ ਅਤੇ ਸੱਭਿਆਚਾਰ ਦੀਆਂ ਵੰਨਗੀਆਂ ਅਤੇ ਧੀਆਂ ਨੂੰ ਦਿੱਤੇ ਜਾ ਰਹੇ ਵੱਡੇ ਮਾਣ ਸਨਮਾਨ ਦੇਖ ਸੁਸਾਇਟੀ ਦੇ ਉਦਮ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਬੀਬੀ ਖੋਸਾ ਨੇ ਜੇਤੂਆਂ ਨੂੰ ਇਨਾਮ ਵੰਡਣ ਸਮੇਂ ਸੁਸਾਇਟੀ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਚੈਕ ਭੇਟ ਕਰਦੇ ਹੋਏ ਸਮਾਜ ਸੇਵਾ ਨੂੰ ਸਮਰਪਿਤ ਹੋ ਕੇ ਵਿਚਰਨ ਲਈ ਪੇ੍ਰਰਿਆ। ਮੁਕਾਬਲਿਆਂ ਦੌਰਾਨ ਜੱਜ ਦੀ ਭੂਮਿਕਾ ਅੰਤਰਰਾਸ਼ਟਰੀ ਭੰਗੜਾ ਕੋਚ ਗੁਰਚਰਨ ਸਿੰਘ ਫ਼ਰੀਦਕੋਟ, ਪ੍ਰਿੰਸੀਪਲ ਸੁਰਿੰਦਰਪਾਲ ਕੌਰ, ਵੀਰਪਾਲ ਕੌਰ ਬਰਨਾਲਾ, ਪਵਨਦੀਪ ਕੌਰ ਜ਼ੀਰਾ, ਸਿਮਰਜੀਤ ਕੌਰ, ਰਜਵੰਤ ਕੌਰ ਫ਼ਿਰੋਜ਼ਪੁਰ ਅਤੇ ਗੈਰ-ਸਟੇਜੀ ਜੱਜਮੈਂਟ ਨੀਲਮ ਰਾਣੀ, ਗੁਰਨਿੰਦਰ ਕੌਰ, ਅਨੁਰਾਧਾ, ਰੰਜੂ ਬਾਲਾ, ਸ਼ਰਨਜੀਤ ਕੌਰ, ਮੈਡਮ ਜੋਤੀ ਸੁਰ ਸਿੰਘ ਵਾਲਾ ਵਲੋਂ ਕੀਤੀ ਗਈ। ਸਟੇਜ ਦੀ ਸੇਵਾ ਰਵੀਇੰਦਰ ਸਿੰਘ ਅਤੇ ਦਵਿੰਦਰ ਕੌਰ ਨੇ ਬਾਖੂਬੀ ਨਿਭਾਈ। ਪਰਮਜੀਤ ਸਿੰਘ ਕੜਿਆਲ ਨੇ ਵਿਰਸੇ ਨਾਲ ਸਬੰਧਿਤ ਵਸਤੂਆਂ ਦੀ ਨੁਮਾਇਸ਼ ਲਗਾਈ। ਮੇਲੇ ਦੀ ਸਫਲਤਾ ਲਈ ਸੁਪਰਵਾਈਜ਼ਰ ਰਜਿੰਦਰ ਕੌਰ, ਸੁਪਰਵਾਈਜ਼ਰ ਕਸ਼ਮੀਰ ਕੌਰ, ਸੁਪਰਵਾਈਜ਼ਰ ਸਤਵੰਤ ਕੌਰ, ਸੁਪਰਵਾਈਜ਼ਰ ਵੀਨਾ ਰਾਣੀ, ਸੁਪਰਵਾਈਜ਼ਰ ਗੁਰਪ੍ਰੀਤ ਕੌਰ, ਤੇਜਿੰਦਰ ਸਿੰਘ ਆਦਿ ਨੇ ਵੱਧ-ਚੜ੍ਹ ਕੇ ਯੋਗਦਾਨ ਪਾਇਆ। ਸੁਸਾਇਟੀ ਆਗੂ ਵਰਿੰਦਰ ਸਿੰਘ ਵੈਰੜ, ਪੇ੍ਰਮਪਾਲ ਸਿੰਘ ਢਿੱਲੋਂ, ਸੋਹਣ ਸਿੰਘ ਸੋਢੀ, ਇੰਜ: ਸੰਤੋਖ ਸਿੰਘ ਸੰਧੂ, ਈਸ਼ਵਰ ਸਿੰਘ, ਹਰਦੇਵ ਸਿੰਘ ਸੰਧੂ ਮਹਿਮਾ, ਪੁਸ਼ਪਿੰਦਰ ਸਿੰਘ ਸ਼ੈਰੀ ਸੰਧੂ, ਮਨਦੀਪ ਸਿੰਘ ਜੌਨ, ਗੁਰਮੀਤ ਸਿੰਘ ਸਿੱਧੂ, ਬਲਕਰਨ ਸਿੰਘ ਹਾਜੀ ਵਾਲਾ, ਸੁਖਪਾਲ ਸਿੰਘ ਗੋਬਿੰਦ ਨਗਰ, ਕੁਲਵੰਤ ਸਿੰਘ, ਗੁਰਿੰਦਰ ਸਿੰਘ ਭੁੱਲਰ, ਸੁਖਵਿੰਦਰ ਸਿੰਘ ਬੁਲੰਦੇਵਾਲੀ, ਸਨਬੀਰ ਸਿੰਘ ਖਲਚੀਆਂ, ਰਣਜੀਤ ਸਿੰਘ ਅਵਾਣ, ਪ੍ਰਦੀਪ ਸਿੰਘ ਪੰਮਾ ਮੱਲਵਾਲ ਆਦਿ ਆਗੂਆਂ ਨੇ ਮੇਲੇ ਦੀ ਸਫਲਤਾ ਲਈ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ।