ਨਾਮਵਰ ਪੰਜਾਬੀ ਸ਼ਾਇਰ ਹਰੀ ਸਿੰਘ ਮੋਹੀ ਨਹੀਂ ਰਹੇ
ਪਿਛਲੇ ਕੁਝ ਦਿਨਾਂ ਤੋਂ ਏਮਜ਼ ਬਠਿੰਡਾ ਵਿਚ ਜ਼ੇਰੇ ਇਲਾਜ ਸੇਵਾਮੁਕਤ ਪ੍ਰਿੰਸੀਪਲ ਤੇ ਨਾਮਵਰ ਪੰਜਾਬੀ ਸ਼ਾਇਰ ਹਰੀ ਸਿੰਘ ਮੋਹੀ ਨਹੀਂ ਰਹੇ । ਉਨ੍ਹਾਂ ਦੀ ਉਮਰ 77 ਸਾਲ ਸੀ । ਅੰਗਰੇਜ਼ੀ ਦੇ ਪ੍ਰਬੁੱਧ ਅਧਿਆਪਕ, ਚਾਰ ਕਾਵਿ ਪੁਸਤਕਾਂ ਦੇ ਲੇਖਕ ਤੇ ਪਾਸ਼ ਦੀ ਕਵਿਤਾਵਾਂ ਦੇ ਅੰਗਰੇਜ਼ੀ ਅਨੁਵਾਦ ਲਈ ਚਰਚਿਤ ਹਰੀ ਸਿੰਘ ਮੋਹੀ ਕੋਟਕਪੂਰਾ ਦੀਆਂ ਸੰਗੀਤ ਤੇ ਸਾਹਿਤਕ ਮਹਿਫ਼ਲਾਂ ਦੇ ਸ਼ਿੰਗਾਰ ਸਨ।
ਕੋਟਕਪੁਰੇ ਦਾ ਸਿਲਵਰ ਓਕ- ਹਰੀ ਸਿੰਘ ਮੋਹੀ
14 ਨਵੰਬਰ 1945 ਨੂੰ ਕੋਟਕਪੂਰਾ ਜਨਮੇ ਹਰੀ ਸਿੰਘ ਮੋਹੀ ਸਕੂਲ ਸਿੱਖਿਆ ਵਿਭਾਗ ਪੰਜਾਬ ਚੋ ਪ੍ਰਿੰਸੀਪਲ ਵਜੋਂ 2003 ਵਿਚ ਸੇਵਾਮੁਕਤ ਹੋਏ। ਪਾਸ਼ ਦੀਆਂ ਕਵਿਤਾਵਾਂ ਦੇ ਪਹਿਲੇ ਅੰਗਰੇਜ਼ੀ ਅਨੁਵਾਦਕ ਵਜੋਂ ਉਹਨਾਂ 1991 ਵਿਚ ਉਸਦੀਆਂ 81 ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ ਕੀਤਾ ਜਿਸਦਾ ਆਨਲਾਈਨ ਐਡੀਸ਼ਨ Pash An Anthology ਅਜੇ ਵੀ ਇੰਟਰਨੈੱਟ ਤੇ ਉਪਲਬਧ ਹੈ। ਕੋਟਕਪੂਰਾ ਇਲਾਕੇ ਵਿਚ ਅੰਗਰੇਜ਼ੀ ਦੇ ਪ੍ਰਬੀਨ ਅਧਿਆਪਕ ਵਜੋਂ ਪ੍ਰਸਿੱਧ ਹਰੀ ਸਿੰਘ ਮੋਹੀ ਅੱਛੇ ਗ਼ਜ਼ਲ ਗਾਇਕ , ਸੰਗੀਤ ਸਾਧਕ ਤੇ ਇਲਾਕੇ ਦੀਆਂ ਸੰਗੀਤ ਮਹਿਫ਼ਲਾਂ ਦਾ ਸ਼ਿੰਗਾਰ ਸਨ। ਉਨ੍ਹਾਂ ਅੱਠਵੇਂ ਦਹਾਕੇ ਦੇ ਅੰਤ ਵਿਚ ਪੰਜਾਬੀ ਵਿਚ ਲਿਖਣਾ ਸ਼ੁਰੂ ਕੀਤਾ ਅਤੇ ਜਲਦ ਹੀ ਗ਼ਜ਼ਲ ਦੇ ਖੇਤਰ ਵਿਚ ਸਥਾਪਿਤ ਹੋ ਗਏ। ਉਨ੍ਹਾਂ ਦੇ ਪੰਜ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋਏ ‘ਸਹਿਮੇ ਬਿਰਖ਼ ਉਦਾਸੇ ਰੰਗ’, ‘ਮੁਖ਼ਾਲਿਫ਼ ਹਵਾ’, ‘ਮਣਕੇ’, ‘ਬਾਜ਼ੀ’ ਤੇ ‘ਰੂਹ ਦਾ ਰਕਸ’ । ਸੇਵਾ ਮੁਕਤੀ ਉਪਰੰਤ ਉਨਾਂ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਤੋਂ ਐਮ ਏ ਸੰਗੀਤ ਗਾਇਨ ਪ੍ਰਥਮ ਦਰਜੇ ਚ ਵਸ਼ਿਸ਼ਟਤਾ ਸਹਿਤ ਪਾਸ ਕੀਤੀ ਅਤੇ ਇੰਟਰਨੈੱਟ ਤੇ ਬਲਾਗਿੰਗ ਵਿਚ ਬੇਹੱਦ ਸਰਗਰਮ ਰਹਿੰਦੇ ਹੋਏ ਉਮਰ ਦੀ ਸੀਮਾ ਨੂੰ ਰੁਕਾਵਟ ਨਹੀਂ ਬਣਨ ਦਿੱਤਾ। ਬੇਹੱਦ ਊਰਜਾ, ਗਰਮਜੋਸ਼ੀ ਤੇ ਸ਼ਿੱਦਤ ਨਾਲ ਜੀਣ ਦੇ ਆਸ਼ਿਕ ਹਰੀ ਸਿੰਘ ਮੋਹੀ ਨੇ ਆਪਣੇ ਖੇਤ ਵਿਚ 1970 ਵਿਚ ਸਿਲਵਰ ਓਕ ਦਾ ਬਿਰਖ ਲਗਾਇਆ ਸੀ ਜੋ ਅੱਜ ਵੀ ਬੁਲੰਦ ਖੜਾ ਹੈ। ਉਹ ਖੁਦ ਕੋਟਕਪੁਰੇ ਦੇ ਸੰਗੀਤ, ਸਾਹਿਤ ਤੇ ਅੰਗਰੇਜ਼ੀ ਅਧਿਆਪਨ ਦਾ ਸਿਲਵਰ ਓਕ ਸਨ। ਆਖਰੀ ਕੁਝ ਦਿਨ ਬਿਮਾਰ ਰਹਿਣ ਉਪਰੰਤ ਉਹ ਆਪਣੇ ਪਿੱਛੇ ਪਤਨੀ ਨਿਰੰਜਨ ਕੌਰ ਤੇ ਦੋ ਅਧਿਆਪਕ ਧੀਆਂ ਰਵਿੰਦਰ ਕੌਰ ਤੇ ਅਰਵਿੰਦ ਕੌਰ ਤੇ ਸੈਂਕੜੇ ਵਿਦਿਆਰਥੀਆਂ ਤੇ ਮਿੱਤਰਾਂ ਨੂੰ ਛੱਡ ਗਏ ਹਨ।