‘ਨਵੀਆਂ ਕਲਮਾਂ, ਨਵੀਂ ਉਡਾਣ’ ਤਹਿਤ ਜ਼ਿਲ੍ਹਾ ਪੱਧਰੀ ਬਾਲ ਮੁਕਾਬਲੇ ਆਯੋਜਿਤ
ਬਾਲ ਮੁਕਾਬਲਿਆਂ ਰਾਹੀਂ ਭਵਿੱਖ ਵਿੱਚ ਵਧੀਆ ਸਮਾਜ ਸਿਰਜਣਾ ਹੋ ਸਕਦੀ ਹੈ : ਡਾ ਅਮਰ ਜੋਤੀ ਮਾਂਗਟ
‘ਨਵੀਆਂ ਕਲਮਾਂ, ਨਵੀਂ ਉਡਾਣ’ ਤਹਿਤ ਜ਼ਿਲ੍ਹਾ ਪੱਧਰੀ ਬਾਲ ਮੁਕਾਬਲੇ ਆਯੋਜਿਤ
ਬਾਲ ਮੁਕਾਬਲਿਆਂ ਰਾਹੀਂ ਭਵਿੱਖ ਵਿੱਚ ਵਧੀਆ ਸਮਾਜ ਸਿਰਜਣਾ ਹੋ ਸਕਦੀ ਹੈ : ਡਾ ਅਮਰ ਜੋਤੀ ਮਾਂਗਟ
ਫ਼ਿਰੋਜ਼ਪੁਰ, 26 ਸਤੰਬਰ 2024: ਜ਼ਿਲ੍ਹੇ ਵਿੱਚ ”ਨਵੀਆਂ ਕਲਮਾਂ ਨਵੀਂ ਉਡਾਣ’’ ਪ੍ਰੋਜੈਕਟ ਲਈ ਜ਼ਿਲ੍ਹਾ ਪੱਧਰੀ ਮੁਕਾਬਲੇ ਸੁੱਖੀ ਬਾਠ ਸਰੀ, ਕਨੇਡਾ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਸ਼੍ਰੀਮਤੀ ਮਨੀਲਾ ਅਰੋੜਾ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ), ਸ਼੍ਰੀਮਤੀ ਸੁਨੀਤਾ ਰਾਣੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ), ਡਾ.ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ), ਸ਼੍ਰੀ ਕੋਮਲ ਅਰੋੜਾ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀ. ਸਿ.), ਦੀ ਰਹਿਨੁਮਾਈ ਵਿੱਚ ਅਤੇ ਡਾ. ਅਮਰ ਜੋਤੀ ਮਾਂਗਟ ਮੁੱਖ ਸੰਪਾਦਕ ‘ਨਵੀਆਂ ਕਲਮਾਂ, ਨਵੀਂ ਉਡਾਣ’ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰੀ ਬਾਲ ਮੁਕਾਬਲੇ ਦੇਵ ਸਮਾਜ ਮਾਡਲ ਸੀ.ਸੈ.ਸਕੂਲ ਵਿਖੇ ਡਾ. ਸੁਨੀਤਾ ਰੰਗ਼ਬੁੱਲਾ ਤੇ ਟੀਮ ਮੈਂਬਰ ਸ. ਬਲਜੀਤ ਸਿੰਘ ਧਾਲੀਵਾਲ, ਸ.ਹਰਦੇਵ ਸਿੰਘ ਭੁੱਲਰ ਦੇ ਸਹਿਯੋਗ ਨਾਲ ਕਰਵਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਅਮਰਜੋਤੀ ਮਾਂਗਟ ਨੇ ਦੱਸਿਆ ਕਿ ਇਨ੍ਹਾਂ ਬਾਲ ਮੁਕਾਬਲਿਆਂ ਵਿੱਚ ਫ਼ਿਰੋਜ਼ਪੁਰ ਦੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੇ ਬਾਲ ਲੇਖਕਾਂ ਨੇ ਭਾਗ ਲਿਆ। ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਪ੍ਰਾਇਮਰੀ, ਮਿਡਲ ਦੇ ਸੈਕੰਡਰੀ ਤਿੰਨੇ ਵਰਗਾਂ ਦੇ ਵੱਖ-ਵੱਖ ਕਵਿਤਾ ਉਚਾਰਨ, ਗੀਤ, ਲੇਖ, ਕਹਾਣੀ ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲ਼ਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲੇ ਬੜੇ ਸਖਤ ਤੇ ਦਿਲਚਸਪ ਸਨ। ਸਾਰੇ ਬੱਚਿਆਂ ਨੇ ਬੜੀ ਮਿਹਨਤ ਤੇ ਚਾਅ ਨਾਲ ਇਹਨਾਂ ਮੁਕਾਬਲਿਆਂ ‘ਚ ਭਾਗ ਲਿਆ। ਸਾਰੇ ਬੱਚੇ ਵਧਾਈ ਦੇ ਹੱਕਦਾਰ ਨੇ ਕਿਉਂਕਿ ਕਿਸੇ ਮੁਕਾਬਲੇ ਲਈ ਖੜ੍ਹਨ ਲਈ ਵੀ ਜਿਗਰਾ ਚਾਹੀਦਾ।
ਇਨ੍ਹਾਂ ਮੁਕਾਬਲਿਆ ਤਹਿਤ ਪ੍ਰਾਇਮਰੀ ਕਵਿਤਾ ਉਚਾਰਣ ਵਿੱਚ ਪ੍ਰਾਇਮਰੀ ਪੱਧਰ ’ਤੇ ਜਸਕਰਨ ਕੌਰ, ਮਨਵੀਰ, ਸਿਆ ਅਤੇ ਮਿਡਲ ਪੱਧਰ ’ਤੇ ਗਾਇਤਰੀ, ਗੁਰਸੀਰਤ, ਜਸ਼ਨਪ੍ਰੀਤ ਕੌਰ ਅਤੇ ਸੈਕੰਡਰੀ ਪੱਧਰ ‘ਤੇ ਸਿਮਰਨਜੀਤ ਕੌਰ, ਨੀਸ਼ਪ੍ਰੀਤ ਕੌਰ, ਰਣਜੌਧ ਸਿੰਘ, ਮਨਜੋਤ ਕੌਰ, ਹੋਮੀਡਿੰਪ ਹਰਲੀਨ, ਇਸੇ ਤਰ੍ਹਾਂ ਲੇਖ ਮੁਕਾਬਲਿਆਂ ਵਿੱਚ ਪ੍ਰਾਇਮਰੀ ਪੱਧਰ ’ਤੇ ਮਨਿੰਦਰ ਸਿੰਘ, ਕੋਮਲਪ੍ਰੀਤ ਕੌਰ, ਹਰਮਨ ਕੌਰ, ਹਰਪਾਲ ਸਿੰਘ ਅਤੇ ਮਿਡਲ ਪੱਧਰ ’ਤੇ ਦਿਕਸ਼ਾ, ਸੁਹਾਨੀ, ਹਰਨੂਰ ਕੌਰ, ਜਸਪ੍ਰੀਤ ਕੌਰ ਅਤੇ ਸੈਕੰਡਰੀ ਪੱਧਰ ‘ਤੇ ਮਨਸੀਰਤ ਕੌਰ, ਪੁਸ਼ਪਿੰਦਰ ਕੌਰ, ਅਨਮੋਲਪ੍ਰੀਤ ਕੌਰ, ਰੇਨੁਕਾ, ਗੀਤ ਮੁਕਾਬਲਿਆਂ ਵਿੱਚ ਮਿਡਲ ਪੱਧਰ ਤੇ ਹੀਰਾ, ਲਵਦੀਪ ਸਿੰਘ, ਰਮਨਦੀਪ ਕੌਰ ਅਤੇ ਸੈਕੰਡਰੀ ਪੱਧਰ ‘ਤੇ ਤਾਨੀਆ, ਰੁਸਤਮ, ਪਰਵੀਨ ਕੌਰ ਨੇ ਸਾਰਿਆਂ ਨੂੰ ਝੂਮਣ ਲਾ ਦਿੱਤਾ। ਇਸੇ ਤਰ੍ਹਾਂ ਕਹਾਣੀ ਰਚਨਾ ਵਿੱਚ ਸੈਕੰਡਰੀ ਪੱਧਰ ਤੇ ਗੁਰਲੀਨ ਕੌਰ, ਪ੍ਰਿਆ ਰਾਣੀ, ਮਨਜੀਤ ਕੌਰ, ਹਰਮਨ ਸਿੰਘ ਨੇ ਬਕਮਾਲ ਪੇਸ਼ਕਾਰੀ ਕੀਤੀ ਇਨ੍ਹਾਂ ਬੱਚਿਆਂ ਨੂੰ ਜੱਜ ਸਾਹਿਬਾਨ ਵੱਲੋਂ ਜੇਤੂ ਕਰਾਰ ਦਿੱਤਾ ਗਿਆ। ਜੱਜਮੈਂਟ ਲਈ ਜੱਜ ਸਾਹਿਬਾਨਾਂ ਦੀ ਭੂਮਿਕਾ ਸ. ਚਰਨਜੀਤ ਸਿੰਘ ਬਾਬਾ ਫ਼ਰੀਦ ਪਬਲਿਕ ਸਕੂਲ, ਫ਼ਰੀਦਕੋਟ, ਸ. ਨਿਸ਼ਾਨ ਸਿੰਘ ਵਿਰਦੀ ਦੇਵ ਸਮਾਜ ਕਾਲਜ ਫ਼ਾਰ ਵਿਮਨ, ਮੈਡਮ ਮਨਦੀਪ ਕੌਰ, ਮੈਡਮ ਸੁਰਿੰਦਰ ਕੌਰ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ, ਸ਼੍ਰੀਮਤੀ ਪ੍ਰਿਤਪਾਲ ਕੌਰ ਫ਼ਿਰੋਜ਼ਪੁਰ ਨੇ ਬਾਖੂਬੀ ਨਿਭਾਈ। ਇਨ੍ਹਾਂ ਮੁਕਾਬਲਿਆਂ ਵਿੱਚ ਬਾਲ ਲੇਖਕ ਬੜੇ ਉਤਸ਼ਾਹ ਨਾਲ ਆਪਣੇ ਗਾਈਡ ਅਧਿਆਪਕ ਸਾਹਿਬਾਨਾਂ ਅਤੇ ਮਾਪਿਆਂ ਨਾਲ ਦੂਰ ਦੁਰਾਡੇ ਤੋਂ ਹੁੰਮ-ਹੁੰਮਾ ਕੇ ਪਹੁੰਚੇ।
ਸਮਾਗਮ ਦਾ ਆਗਾਜ਼ ਡਾ. ਅਮਰ ਜੋਤੀ ਮਾਂਗਟ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਅੰਤਰਰਾਸ਼ਟਰੀ ਕਾਨਫਰੰਸ ਸੰਬੰਧੀ ਜਾਣਕਾਰੀ ਦਿੱਤੀ। ਇਸ ਸਮਾਗਮ ਵਿੱਚ ਵੱਖ-ਵੱਖ ਥਾਵਾਂ ਤੋਂ ਪਹੁੰਚੇ ਅਧਿਆਪਕ ਸਾਹਿਬਾਨਾਂ ਅਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਅੰਤਰਰਾਸ਼ਟਰੀ ਕਾਨਫਰੰਸ ਦਾ ਪਰਾਸਪੈਕਟ ਵੀ ਰਿਲੀਜ਼ ਕੀਤਾ ਗਿਆ। ਜੇਤੂ ਵਿਦਿਆਰਥੀਆਂ ਨੂੰ ਪੰਜਾਬ ਭਵਨ, ਸਰੀ ਕਨੇਡਾ ਵੱਲੋਂ ਸਰਟੀਫਿਕੇਟ ਟੀਮ ਤੇ ਜੱਜ ਸਾਹਿਬਾਨ ਵਲੋਂ ਮੁਬਾਰਕਾਂ ਦਿੰਦੇ ਹੋਏ ਵੰਡੇ ਗਏ ਤੇ ਦਸਿਆ ਗਿਆ ਕਿ ਇਹ ਬਾਲ ਲੇਖਕ ਹੁਣ ਆਪਣਾ ਹੁਨਰ ਦੋ ਰੋਜਾ ਅੰਤਰਰਾਸਟਰੀ ਬਾਲ ਕਾਨਫਰੰਸ, ਮਸਤੂਆਣਾ ਸਾਹਿਬ, ਸੰਗਰੂਰ ਵਿਖੇ ਮਿਤੀ 16 ਅਤੇ 17 ਨਵੰਬਰ, 2024 ਨੂੰ ਭਾਗ ਲੈ ਕੇ ਜਿਲ੍ਹਾ ਫਿਰੋਜ਼ਪੁਰ ਦੀ ਨੁਮਾਇੰਦਗੀ ਕਰਨਗੇ। ਇਸ ਮੌਕੇ ਸਾਰਿਆ ਨੇ ਸ. ਸੁੱਖੀ ਬਾਠ ਜੀ ਦੇ ਬੱਚਿਆ ਲਈ ਇਨੇ ਵੱਡੇ ਪੱਧਰ ’ਤੇ ਕੀਤੇ ਜਾ ਰਹੇ ਉਪਰਾਲੇ ਲਈ ਸ਼ਲਾਘਾ ਕੀਤੀ ਅਤੇ ਤਹਿ ਦਿਲੋਂ ਧੰਨਵਾਦ ਕੀਤਾ।